ਅਸ਼ੋਕ ਵਰਮਾ
ਬਠਿੰਡਾ, 12 ਅਪਰੈਲ 2021: ਨਗਰ ਨਿਗਮ ਬਠਿੰਡਾ ਦੇ ਨਵੇਂ ਬਣੇ ਕੌਂਸਲਰਾਂ ਨੂੰ ਐਤਕੀਂ ਸਹੁੰ ਚੁੱਕਣ ਲਈ ਲੋਹੜਿਆਂ ਦਾ ਚਾਅ ਚੜ੍ਹਿਆ ਦਿਖਾਈ ਦਿੱਤਾ। ਅੱਜ ਫਰੀਦਕੋਟ ਡਵੀਜਨ ਦੇ ਕਮਿਸ਼ਨਰ ਇੰਨ੍ਹਾਂ ਕੌਂਸਲਰਾਂ ਨੂੰ ਸਹੁੰ ਚੁਕਵਾਉਣ ਲਈ ਬਠਿੰਡਾ ਪੁੱਜੇ ਸਨ। ਵਿਸ਼ੇਸ਼ ਤੌਰ ਤੇ ਪਹਿਲੀ ਵਾਰ ਸਖਤ ਮੁਕਾਬਲੇ ਤੋਂ ਬਾਅਦ ਜਿੱਤ ਕੇ ਇਸ ਮੁਕਾਮ ਤੇ ਪੁੱਜੇ ਕੌਂਸਲਰਾਂ ਦੀਆਂ ਖੁਸ਼ੀਆਂ ਨੂੰ ਤਾਂ ਖੰਭ ਲੱਗੇ ਹੋਏ ਸਨ। ਨਵੀਆਂ ਚੁਣੀਆਂ ਗਈਆਂ ਔਰਤ ਕੌਂਸਲਰਾਂ ਨੂੰ ਵੀ ਅੱਜ ਆਪਣੀ ਜਿੱਤ ਨਾਲੋਂ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਦੀ ਖੁਸ਼ੀ ਜ਼ਿਆਦਾ ਨਜ਼ਰ ਆਈ। ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ’ਚ ਕਾਂਗਰਸ ਨੂੰ 53 ਸਾਲ ਬਾਅਦ ਜਬਰਦਸਤ ਜਿੱਤ ਹਾਸਲ ਹੋਈ ਹੈ ਜਿਸ ਦੇ 43 ਕੌਂਸਲਰ ਚੁਣੇ ਗਏ ਹਨ। ਲਗਾਤਾਰ 10 ਸਾਲ ਮੇਅਰ ਦੀ ਕੁਰਸੀ ਤੇ ਬੈਠ ਕੇ ਸ਼ਹਿਰ ਦੀ ਸੱਤਾ ਹੰਢਾਉਣ ਵਾਲਾ ਅਕਾਲੀ ਦਲ ਇਸ ਵਾਰ 7 ਵਾਰਡਾਂ ’ਚ ਹੀ ਸਿਮਟ ਕੇ ਰਹਿ ਗਿਆ ਜਿਸ ਦੇ ਕੌਂਸਲਰਾਂ ’ਚ ਜਲੌਅ ਗਾਇਬ ਦਿਸਿਆ।
ਮੇਅਰ ਦੀ ਚੇਅਰ ਲਾਗੇ ਬੈਠਦਿਆਂ ਰਾਜ ਭਾਗ ਦਾ ਸੁਖ ਮਾਨਣ ਵਾਲੀ ਭਾਰਤੀ ਜੰਤਾ ਪਾਰਟੀ ਅਤੇ ‘ਆਪ’ ਖਾਤਾ ਵੀ ਨਹੀਂ ਖੋਹਲ ਸਕੀਆਂ ਹਨ। ਦੇਖਣ ’ਚ ਆਇਆ ਕਿ ਕਾਂਗਰਸੀ ਕੌਂਸਲਰ ਖੁਸ਼ੀ ’ਚ ਖੀਵੇ ਹੋ ਰਹੇ ਸਨ। ਭਾਵੇਂ ਸਹੁੰ ਚੁੱਕ ਸਮਾਗਮ ਦੇਰੀ ਨਾਲ ਸ਼ੁਰੂ ਹੋਇਆ ਪਰ ਕਾਂਗਰਸ ਦੇ ਕੌਂਸਲਰ ਜਲਦੀ ਪਹੰਚਣੇ ਸ਼ੁਰੂ ਹੋ ਗਏ ਸਨ। ਇੱਕ ਕੌਂਸਲਰ ਇਸ ਦਿਨ ਲਈ ਬਣਵਾਇਆ ਨਵਾਂ ਕੁੜਤਾ ਪਜਾਮਾ ਪਾਕੇ ਆਇਆ ਤਾਂ ਕਈ ਕੌਂਸਲਰਾਂ ਦੇ ਸਫੈਦ ਕੁੜਤੇ ਪਜਾਮਿਆਂ ਦੀ ਕਰੀਜ਼ ਅਤੇ ਚਿਹਰੇ ਤੇ ਸੱਤਾ ਦਾ ਜਲੌਅ ਆਪਣੀ ਕਹਾਣੀ ਆਪ ਬਿਆਨ ਕਰ ਰਿਹਾ ਸੀ। ਦੱਸਣਯੋਗ ਹੈ ਕਿ ਇਹ ਨਵੇਂ ਕੌਂਸਲਰ ਪਿਛਲੇ ਕਈ ਦਿਨਾਂ ਤੋਂ ਹੀ ਸਹੁੰ ਚੁੱਕ ਸਮਾਗਮ ਵਿੱਚ ਜਾਣ ਦੀ ਤਿਆਰੀ ਕਰ ਰਹੇ ਸਨ। ਕੋਵਿਡ ਸੰਕਟ ਕਾਰਨ ਇੱਕ ਕੌਂਸਲਰ ਵੱਲੋਂ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਵਾਲੇ ਦਿਨ ਆਪਣੇ ਸਹੁਰਿਆਂ ਨੂੰ ਬੁਲਾਉਣ ਦੀਆਂ ਸੱਧਰਾਂ ਨੂੰ ਬੂਰ ਨਹੀਂ ਪਿਆ ਹੈ।
ਕਾਂਗਰਸੀ ਕੌਂਸਲਰ ਹਰਵਿੰਦਰ ਸਿੰਘ ਲੱਡੂ ਆਪਣੀ ਸਾਬਕਾ ਕੌਂਸਲਰ ਧਰਮਪਤਨੀ ਨਾਲ ਸਮਾਗਮ ’ਚ ਸ਼ਾਮਲ ਹੋਣ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪੁੱਜੇ ਸਨ। ਇਸ ਕੌਂਸਲਰ ਨੇ ਆਖਿਆ ਕਿ ਉਹ ਅੱਜ ਸਭ ਤੋਂ ਪਹਿਲਾਂ ਗੁਰੂ ਘਰ ਨਤਮਸਤਕ ਹੋਣ ਗਏ ਅਤੇ ਸੁੱਖ ਸ਼ਾਂਤੀ ਦੀ ਦੁਆ ਮੰਗੀ ਹੈ। ਉਨ੍ਹਾਂ ਦੱਸਿਆ ਕਿ ਇਸ ਤਰਫ ਆਉਣ ਤੋਂ ਪਹਿਲਾਂ ਮਾਤਾ ਦਾ ਆਸ਼ੀਰਵਾਦ ਲਿਆ ਹੈ ਅਤੇ ਸਵਰਗਵਾਸੀ ਪਿਤਾ ਦੀ ਤਸਵੀਰ ਨੂੰ ਪ੍ਰਣਾਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਸਾਲ ਉਹ ਧਰਮਪਤਨੀ ਨਾਲ ਹਾਊਸ ਦੇ ਗੇਟ ਤੱਕ ਜਾਂਦਾ ਰਿਹਾ ਹੈ ਜਿਸ ਕਰਕੇ ਅੱਜ ਉਸ ਦੀ ਪਤਨੀ ਵੀ ਆਈ ਹੈ ਪਰ ਕੋਵਿਡ ਦੀ ਪਾਬੰਦੀ ਕਾਰਨ ਅੰਦਰ ਨਹੀਂ ਜਾਏਗੀ। ਗਲੇ ’ਚ ਰਾਣੀ ਹਾਰ ਪਾਕੇ ਆਈ ਤਿੰਨ ਵਾਰ ਭੁੱਚੋ ਮੰਡੀ ’ਚ ਅਤੇ ਤਿੰਨ ਵਾਰ ਨਗਰ ਨਿਗਮ ਦੀ ਕੌਂਸਲਰ ਰਹੀ ਬੀਬੀ ਸੰਤੋਸ਼ ਮਹੰਤ ਅੱਜ ਜਾਹੋ ਜਲਾਲ ਦੇਖਣ ਵਾਲਾ ਸੀ।
ਬੀਬੀ ਸੰਤੋਸ਼ ਮਹੰਤ ਨੇ ਕਿਹਾ ਕਿ ਅੱਜ ਸਵੇਰੇ ਪਹਿਲਾਂ ਉਸ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਅਤੇ ਬਾਅਦ ’ਚ ਹਮਾਇਤੀਆਂ ਨੂੰ ਮਿਲੇ ਸਨ। ਉਨ੍ਹਾਂ ਆਖਿਆ ਕਿ ਉੱਜ ਤਾਂ ਲੀਡਰ ਵਧੀਆ ਹੋਵੇ ਤਾਂ ਲੋੜ ਹੀ ਨਹੀਂ ਪੈਂਦੀ ਪਰ ਉਹ ਪਹਿਲਾਂ ਦੀ ਤਰਾਂ ਲੋਕ ਹਿੱਤਾਂ ਤੇ ਪਹਿਰਾ ਦੇਣਗੇ। ਇਸੇ ਤਰਾਂ ਹੀ ਕੌਂਸਲਰ ਬਲਜੀਤ ਸਿੰਘ ਰਾਜੂ ਸਰਾਂ ਵੀ ਪਿਛਲੀ ਅਕਾਲੀ ਦਲ ਵਾਲੀ ਪਾਰੀ ਉਪਰੰਤ ਅੱਜ ਕਾਂਗਰਸ ਦੇ ਕੌਂਸਲਰ ਵਜੋਂ ਸਮਾਗਮ ’ਚ ਸ਼ਾਮਲ ਹੋਇਆ ਹੈ। ਰਾਜੂ ਸਰਾਂ ਨੇ ਦੱਸਿਆ ਕਿ ਅੱਜ ਸਵੇਰੇ ਗੁਰੂ ਚਰਨਾਂ ’ਚ ਹਾਜਰੀ ਲਵਾਈ ਅਤੇ ਨਵੀਂ ਜਿੰਮੇਵਾਰੀ ਨਿਭਾਉਣ ਲਈ ਆਸ਼ੀਰਵਾਦ ਹਾਸਲ ਕੀਤਾ ਹੈ। ਰਾਜੂ ਸਰਾਂ ਦੇ ਨਾਲ ਹੀ ਕੌਂਸਲਰ ਅਸ਼ੇਸ਼ਰ ਪਾਸਵਾਨ ਵੀ ਸਹੁੰ ਚੁੱਕਣ ਆਇਆ ਸੀ। ਅਸ਼ੇਸ਼ਰ ਪਾਸਵਾਨ ਕਦੇ ਆਮ ਪ੍ਰਵਾਸੀ ਮਜਦੂਰਾਂ ਵਾਂਗ ਬਠਿੰਡਾ ’ਚ ਮਜਦੂਰੀ ਕਰਨ ਆਇਆ ਸੀ ਪਰ ਹੁਣ ਉਹ ਤੀਸਰੀ ਵਾਰ ਕੌਂਸਲਰ ਬਣਿਆ ਹੈ।
ਇਸ ਤੋਂ ਪਹਿਲਾਂ ਉਹ ਦੋ ਵਾਰ ਬੀਜੇਪੀ ਦੀ ਟਿਕਟ ਤੇ ਜਿੱਤਿਆ ਸੀ ਜਦੋਂਕਿ ਐਤਕੀਂ ਕਾਂਗਰਸ ਵੱਲੋਂ ਜਿੱਤ ਦਾ ਝੰਡਾ ਗੱਡਿਆ ਹੈ। ਇਸੇ ਤਰਾਂ ਹੀ ਸੀਨੀਅਰ ਕੌਂਸਲਰ ਤੇ ਮੇਅਰ ਦੇ ਦਾਅਵੇਦਾਰ ਜਗਰੂਪ ਸਿੰਘ ਗਿੱਲ ਵੀ ਸਮਾਗਮ ’ਚ ਸ਼ਾਮਲ ਹੋਏ। ਇਸੇ ਕੁਰਸੀ ਦੇ ਹੱਕਦਾਰ ਸਾਬਕਾ ਸ਼ਹਿਰੀ ਪ੍ਰਧਾਨ ਅਸ਼ੋਕ ਕੁਮਾਰ ਨੇ ਕੌਂਸਲਰ ਰਤਨ ਰਾਹੀ ਨਾਲ ਸਮਾਗਮ ’ਚ ਸ਼ਿਰਕਤ ਕੀਤੀ ਹੈ। ਅਸ਼ੋਕ ਕੁਮਾਰ ਨੇ ਪੱਤਰਕਾਰਾਂ ਕੋਲ ਕਿਸੇ ਕਿਸਮ ਦੇ ਪੱਤੇ ਤਾਂ ਨਹੀਂ ਖੋਹਲੇ ਪਰ ਉਨ੍ਹਾਂ ਦੇ ਚਿਹਰੇ ਤਾ ਬਾਰ ਬਾਰ ਆ ਰਹੀ ਮੁਸਕਰਾਹਟ ਆਪਣੇ ਆਪ ’ਚ ਕਹਾਣੀ ਬਿਆਨ ਕਰ ਰਹੀ ਸੀ। ਇਸੇ ਤਰਾਂ ਹੀ ਕਈ ਕੌਂਸਲਰ ਸਵੇਰ ਵਕਤ ਆਪਣੇ ਪਤੀਆਂ ਨਾਲ ਮੰਦਰ ’ਚ ਮੱਥਾ ਟੇਕ ਕੇ ਆਈਆਂ ਜਦੋਂਕਿ ਕਈ ਪੁਰਸ਼ ਕੌਂਸਲਰ ਵੀ ਪ੍ਰੀਵਾਰ ਸਮੇਤ ਆਪਣੇ ਧਾਰਮਿਕ ਅਕੀਦਿਆਂ ਦੀ ਪੂਰਤੀ ਕਰਨ ਗਏ।
ਕੌਂਸਲਰਾਂ ਤੇ ਮਸਲਿਆਂ ਦੀ ਜਿੰਮੇਵਾਰੀ-ਬਹਿਲ
ਜੁਆਇੰਟ ਐਕਸ਼ਨ ਕਮੇਟੀ ਬਠਿੰਡਾ ਦੇ ਕਨਵੀਨਰ ਐਡਵੋਕੇਟ ਐਮ ਐਮ ਬਹਿਲ ਦਾ ਕਹਿਣਾ ਸੀ ਕਿ ਕੌਂਸਲਰਾਂ ਨੂੰ ਸਹੁੰ ਚੁੱਕਣ ਦੀ ਖੁਸ਼ੀ ਚੰਗੀ ਗੱਲ ਹੈ । ਉਨ੍ਹਾਂ ਕਿਹਾ ਕਿ ਹੁਣ ਕਾਂਗਰਸੀ ਕੌਂਸਲਰਾਂ ਤੇ ਸ਼ਹਿਰ ਦੇ ਮਸਲੇ ਹੱਲ ਕਰਨ ਦੀ ਵੱਡੀ ਜਿੰਮੇਵਾਰੀ ਆਣ ਪਈ ਹੈ। ਉਨ੍ਹਾਂ ਆਖਿਆ ਕਿ ਜੇਕਰ ਸਿਰਕੀ ਬਜ਼ਾਰ ਚੋਂ ਪਾਣੀ ਖਲੋਣੋ ਹਟ ਗਿਆ, ਸੀਵਰੇਜ਼ ਦੇ ਗੰਦੇ ਪਾਣੀ ਦੀ ਬਦਬੂ , ਅਵਾਰਾ ਪਸ਼ੂਆਂ ਤੇ ਅਵਾਰਾ ਕੁੱਤਿਆਂ ਦੀ ਸਮੱਸਿਆ ਸਮੇਤ ਵੱਖ ਵੱਖ ਸਮੱਸਿਆਵਾਂ ਨੂੰ ਦੂਰ ਕਰ ਦਿੱਤਾ ਤਾਂ ਖੁਸ਼ ਹੋਣ ਦੀ ਵਾਰੀ ਸ਼ਹਿਰ ਵਾਸੀਆਂ ਦੀ ਆਵੇਗੀ।