ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਂਦੇ ਸੂਰਜ ਭਾਰਦਵਾਜ, ਜਾਵੇਦ ਅਖਤਰ ਅਤੇ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ
ਕਣਕ ਦੀ ਖਰੀਦ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਚੁੱਕੇ ਹਨ- ਚੇਅਰਮੈਨ ਸਿਕੰਦਰ ਮੜ੍ਹਾਕ
ਮਨਿੰਦਰਜੀਤ ਸਿੱਧੂ
ਜੈਤੋ, 12 ਅਪਰੈਲ, 2021: ਅੱਜ ਜੈਤੋ ਦੀ ਦਾਣਾ ਮੰਡੀ ਵਿਖੇ ਕਣਕ ਦੀ ਸਰਕਾਰੀ ਖਰੀਦ ਲੋਕ ਸਭਾ ਹਲਕਾ ਫ਼ਰੀਦਕੋਟ ਦੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦੀ ਸਪੁੱਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਜਾਵੇਦ ਅਖਤਰ, ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ ਅਤੇ ਮਾਰਕਿਟ ਕਮੇਟੀ ਜੈਤੋ ਦੇ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ ਦੀ ਹਾਜ਼ਰੀ ਵਿੱਚ ਸ਼ੁਰੂ ਹੋਈ।ਪ੍ਰਾਪਤ ਜਾਣਕਾਰੀ ਅਨੁਸਾਰ ਕਣਕ ਦੀ ਪਹਿਲੀ ਢੇਰੀ ਜਿਸਦੀ ਖਰੀਦ ਹੋਈ ਇਹ ਐੱਸ ਕੇ ਐਂਡ ਕੰਪਨੀ ਦੀ ਆੜ੍ਹਤ ਉੱਪਰ ਆਈ ਸੀ ਅਤੇ ਇਹ ਕਣਕ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਜੈਤੋ ਦੀ ਸੀ।ਇਹ ਖਰੀਦ ਸਰਕਾਰੀ ਏਜੰਸੀ ਪਨਸਪ ਦੁਆਰਾ ਕੀਤੀ ਗਈ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ ਨੇ ਕਿਹਾ ਕੋਰੋਨਾ ਦੇ ਕੇਸਾਂ ਦੇ ਮੱਦੇਨਜ਼ਰ ਮੰਡੀਆਂ ਵਿੱਚ ਕੋਰੋਨਾ ਤੋਂ ਬਚਾਅ ਸਬੰਧੀ ਉਚੇਚੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਕਣਕ ਦੀ ਖ਼ਰੀਦ ਸਬੰਧੀ ਮਡੀਆਂ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਕੋਰੋਨਾ ਤੋਂ ਬਚਾਇਆ ਜਾ ਸਕੇ।ਉਹਨਾਂ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਮੰਡੀਆਂ ਵਿੱਚ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਕੋਰੋਨਾ ਟੀਕਾਕਰਨ ਵੀ ਕੀਤਾ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਬੀਬਾ ਜਾਵੇਦ ਅਖਤਰ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਅਤੇ ਮਜਦੂਰਾਂ ਦੀ ਸਰਕਾਰ ਹੈ ਅਤੇ ਮੰਡੀਆਂ ਵਿੱਚ ਕਿਸਾਨਾਂ ਮਜਦੂਰਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਮੰਡੀਆਂ ਵਿੱਚ ਸਰਕਾਰ ਦੀਆਂ ਕੋਵਿਡ ਸੰਬੰਧੀ ਗਾਈਡਲਾਈਨਜ਼ ਦੀ ਪਾਲਣਾ ਕਰਦੇ ਹੋਏ ਹੀ ਖਰੀਦ ਦੀ ਪ੍ਰਕਿਆ ਮੁਕੰਮਲ ਕੀਤੀ ਜਾਵੇਗੀ।
ਮਾਰਕਿਟ ਕਮੇਟੀ ਜੈਤੋ ਦੇ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ ਨੇ ਕਿਹਾ ਕਿ ਜਿੱਥੇ ਕਿਸਾਨਾਂ ਦੀ ਸਹੂਲਤ ਦੇ ਸਾਰੇ ਇੰਤਜ਼ਾਮ ਹੋ ਚੁੱਕੇ ਹਨ, ਉੱਥੇ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਕਿ ਉਹ ਨਿਰਧਾਰਿਤ ਜਗ੍ਹਾਵਾਂ ਉੱਪਰ ਹੀ ਆਪਣੀਆਂ ਢੇਰੀਆਂ ਲਾਹੁਣ।ਆਪਣੀ ਸਾਫ ਸਫਾਈ ਅਤੇ ਸਮਾਜਿਕ ਦੂਰੀ ਦਾ ਖਾਸ ਖਿਆਲ ਰੱਖਿਆ ਜਾਵੇ।ਵਾਰ-ਵਾਰ ਹੱਥ ਧੋਤੇ ਜਾਣ ਅਤੇ ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਉਹਨਾਂ ਨਾਲ ਨਿਖਿਲ ਗਰਗ ਕਾਕੂ, ਸੁਖਪਾਲ ਸਿੰਘ ਪਾਲੀ ਕੋਠੇ ਕਿਹਰ ਸਿੰਘ ਵਾਲੇ, ਜਗਦੀਸ਼ ਘਣੀਆ, ਪਰਮਜੀਤ ਸਿੰਘ ਅਜਿੱਤ ਗਿੱਲ, ਲਖਵਿੰਦਰ ਸਿੰਘ ਮੱਲ੍ਹੀ ਆਦਿ ਹਾਜਰ ਸਨ।