ਵੀਰ ਰਾਜਪਾਲ ਨੂੰ ਸਰਬਸੰਮਤੀ ਨਾਲ ਬਣਾਇਆ ਗਿਆ ਮੀਤ ਪ੍ਰਧਾਨ
ਰਾਜਵੰਤ ਸਿੰਘ
ਮਲੋਟ, 20 ਅਪ੍ਰੈਲ 2021-ਅੱਜ ਬਲੈਕ ਰੋਜ਼ ਕਲੱਬ ਵਿੱਚ ਨਗਰ ਪਾਲਿਕਾ ਮਲੋਟ ਦੇ ਪ੍ਰਧਾਨ ਦੀ ਹੋਈ ਚੋਣ ਦੌਰਾਨ ਨੌਜਵਾਨ ਆਗੂ ਸ਼ੁਭਦੀਪ ਸਿੰਘ ਬਿੱਟੂ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵੀਰ ਰਾਜਪਾਲ ਨੂੰ ਮੀਤ ਬਣਾਇਆ ਗਿਆ ਹੈ। ਪਿਛਲੇ ਦੋ ਮਹੀਨਿਆਂ ਤੋਂ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਚੱਲ ਰਹੀ ਜ਼ੋਰ ਅਜ਼ਮਾਈ ਦਾ ਅੱਜ ਨਿਬੇੜਾ ਹੋ ਗਿਆ ਹੈ। ਇਸ ਮੌਕੇ ਪੰਜਾਬ ਦੇ ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ, ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ, ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਓਮ ਪ੍ਰਕਾਸ਼ ਐਸਡੀਐਮ ਦੀ ਹਾਜ਼ਰੀ ਵਿੱਚ ਨਗਰ ਪਾਲਿਕਾ ਮਲੋਟ ਦੇ ਨਵੇਂ ਚੁਣੇ ਕੌਂਸਲਰਾਂ ਦੀ ਪਹਿਲੀ ਮੀਟਿੰਗ ਹੋਈ, ਜਿਸ ਵਿੱਚ ਹਾਜ਼ਰ ਕੌਂਸਲਰਾਂ ਨੂੰ ਸਹੁੰ ਚੁਕਾਈ ਗਈ।
ਹਾਊਸ ਵਿੱਚ ਕਾਂਗਰਸ ਦੇ 16, ਅਕਾਲੀ ਦਲ ਦੇ 9 ਅਤੇ ਅਜ਼ਾਦ ਦੋ ਕੌਂਸਲਰਾਂ ਨੇ ਭਾਗ ਲਿਆ। ਵਾਰਡ ਨੰਬਰ 25 ਧਨਜੀਤ ਸਿੰਘ ਸਿੱਧੂ ਨੇ ਪ੍ਰਧਾਨ ਲਈ ਸ਼ੁਭਦੀਪ ਸਿੰਘ ਬਿੱਟੂ ਦਾ ਨਾਮ ਰੱਖਿਆ, ਜਿਸ ਦੀ ਰਾਜਪਾਲ ਨੇ ਤਾਇਦ ਕਰ ਦਿੱਤੀ। ਇਸ ਤਰ੍ਹਾਂ ਪੂਰਨ ਚੰਦ ਨੇ ਉਪ ਪ੍ਰਧਾਨ ਲਈ ਵੀਰ ਰਾਜਪਾਲ ਦਾ ਨਾਮ ਰੱਖਿਆ, ਜਿਸ ਦੀ ਤਾਇਦ ਓਮ ਪ੍ਰਕਾਸ਼ ਚੀਆਂ ਨੇ ਕਰ ਦਿੱਤੀ । ਦੋਨਾਂ ਨਾਮਾਂ ’ਤੇ ਸਾਰੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ।