ਬਸਪਾ ਤੇ ਹੋਰ ਪਾਰਟੀਆਂ ਨਾਲ ਗਠਜੋੜ ਬਾਰੇ ਅਕਾਲੀ ਦਲ ਦੀ ਗੱਲਬਾਤ ਅੰਤਿਮ ਪੜਾਅ 'ਤੇ : ਸਿਕੰਦਰ ਮਲੂਕਾ
ਜਗਤਾਰ ਸਿੰਘ
- ਚੋਣ ਮਨੋਰਥ ਪੱਤਰ ਦੋ ਤਿੰਨ ਮਹੀਨਿਆਂ ਵਿਚ ਹੋਵੇਗਾ ਤਿਆਰ
ਪਟਿਆਲਾ, 9 ਜੂਨ 2021 - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਗਠਜੋੜ ਵਾਸਤੇ ਅਕਾਲੀ ਦਲ ਦੀ ਬਸਪਾ ਤੇ ਹੋਰ ਪਾਰਟੀਆਂ ਨਾਲ ਗੱਲਬਾਤ ਚਲ ਰਹੀ ਹੈ ਤੇ ਇਸ ਬਾਰੇ ਜਲਦੀ ਹੀ ਫੈਸਲਾ ਹੋਵੇਗਾ ਕਿਉਂਕਿ ਇਸ ਵੇਲੇ ਅੰਤਿਮ ਪੜਾਅ ਦੀ ਗੱਲਬਾਤ ਚਲ ਰਹੀ ਹੈ।
ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨਾਲ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮਲੂਕਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਗਠਜੋੜ ਬਾਰੇ ਗੱਲਬਾਤ ਤਕਰੀਬਨ ਅੰਤਿਮ ਪੜਾਅ 'ਤੇ ਹੈ ਤੇ ਇਸਦਾ ਫੈਸਲਾ ਜਲਦੀ ਹੀ ਹੋ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਕਾਂਗਰਸ, ਆਪ ਤੇ ਭਾਜਪਾ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ।
ਸਵਾਲਾਂ ਦੇ ਜਵਾਬ ਦਿੰਦਿਆਂ ਸ੍ਰੀ ਮਲੂਕਾ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਪੂਰੇ ਕਰਨ ਲਈ ਕਾਨੂੰਨੀ ਪਾਬੰਦੀ ਲਾਗੂ ਹੋਣੀ ਚਾਹੀਦੀ ਹੈ ਤੇ ਜਿਹੜੀ ਵੀ ਪਾਰਟੀ 90 ਫੀਸਦੀ ਤੱਕ ਵਾਅਦੇ ਪੂਰੇ ਨਹੀਂ ਕਰਦੀ, ਉਸਦੀ ਮਾਨਤਾ ਰੱਦ ਕਰ ਦੇਣੀ ਚਾਹੀਦੀ ਹੈ।
ਭਾਜਪਾ ਨਾਲ ਗਠਜੋੜ ਟੁੱਟਣ ਦਾ ਨੁਕਸਾਨ ਹੋਣ ਬਾਰੇ ਸਵਾਲ ਦੇ ਜਵਾਬ ਵਿਚ ਸ੍ਰੀ ਮਲੂਕਾ ਨੇ ਕਿਹਾ ਕਿ ਸਿਆਸੀ ਮਾਮਲਿਆਂ ਵਿਚ ਕਈ ਵਾਰ ਫਾਇਦਾ ਵੀ ਹੋ ਜਾਂਦਾ ਹੈ ਜ਼ਰੂਰ ਨਹੀਂ ਕਿ ਨੁਕਸਾਨ ਹੀ ਹੋਵੇ। ਉਹਨਾਂ ਇਹ ਵੀ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅਕਾਲੀ ਦਲ ਨੇ ਕੇਂਦਰੀ ਵਜ਼ਾਰਤ ਵੀ ਛੱਡੀ ਤੇ ਸੰਸਦ ਵਿਚ ਵੀ ਬਿੱਲਾਂ ਦੇ ਖਿਲਾਫ ਵੋਟ ਵੀ ਪਾ ਕੇ ਆਇਆ ਸੀ। ਉਹਨਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਪਾਰਟੀ ਨੇ ਵਾਕ ਆਊਟ ਕਰ ਕੇ ਭਾਜਪਾ ਨੂੰ ਫਾਇਦਾ ਪਹੁੰਚਾਇਆ। ਉਹਨਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਨਾਲ ਡੱਟ ਕੇ ਖੜ੍ਹਾ ਹੈ ਤੇ ਅਸੀਂ ਕਿਸਾਨਾਂ ਵਾਸਤੇ ਟਿਕਰੀ ਤੇ ਸਿੰਘੂ ਬਾਰਡਰਾਂ 'ਤੇ ਵੀ ਮਦਦ ਕੀਤੀ ਹੈ ਤੇ ਜਿਥੇ ਕਿਤੇ ਜ਼ਰੂਰਤ ਹੈ, ਉਥੇ ਦੇਵੇਗਾ ਵੀ।
ਕਿਸਾਨ ਮੋਰਚੇ ਵਿਚ ਸਹਿਯੋਗ ਬਾਰੇ ਸ੍ਰੀ ਮਲੂਕਾ ਨੇ ਕਿਹਾ ਕਿ ਜੋ ਵੀ ਹੁਕਮ ਕਿਸਾਨ ਯੂਨੀਅਨਾਂ ਅਕਾਲੀ ਦਲ ਨੂੰ ਲਾਉਣੀਆਂ, ਅਸੀਂ ਉਹ ਪੁਰਾ ਕਰਾਂਗੇ। ਉਹਨਾਂ ਕਿਹਾ ਕਿ ਜੇਕਰ ਯੂਨੀਅਨਾਂ ਕਹਿਣਗੀਆਂ ਤਾਂ ਅਸੀਂ ਮੁਹਿੰਮ ਦੀ ਅਗਵਾਈ ਵੀ ਕਰਾਂਗੇ ਪਰ ਉਹੀ ਕਰਾਂਗੇ ਜੋ ਕਿਸਾਨ ਯੂਨੀਅਨਾਂ ਕਹਿਣਗੀਆਂ।
ਉਹਨਾਂ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਰੋਧੀ ਰਵੱਈਆ ਅਪਣਾਉਣ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਝੋਨੇ ਦੀ ਕੀਮਤ ਵਿਚ ਕੀਤਾ ਗਿਆ ਵਾਧਾ ਖਰਚਿਆਂ ਦੇ ਮੁਤਾਬਕ ਨਹੀਂ ਹੈ। ਉਹਨਾਂ ਕਿਹਾ ਕਿ ਰੋਜ਼ਾਨਾ ਹੀ ਡੀਜ਼ਲ ਤੇ ਪੈਟਰੋਲ ਦੀ ਕੀਮਤ ਵਧਾ ਦਿੱਤੀ ਜਾਂਦੀ ਹੈ ਪਰ ਜੋ ਅੱਜ 72 ਰੁਪਏ ਪ੍ਰਤੀ ਕੁਇੰਟਨ ਝੋਨੇ ਦਾ ਭਾਅ ਵਧਾਇਆ ਹੈ, ਉਹ ਬਹੁਤ ਘੱਟ ਹੈ।
ਇਸ ਮੌਕੇ ਸਾਬਕਾ ਮੰਤਰੀ ਸ੍ਰੀ ਸੁਰਜੀਤ ਸਿੰਘ ਰੱਖੜਾ, ਮੁਲਾਜ਼ਮ ਫਰੰਟ ਦੇ ਆਗੂ ਬਾਜ਼ ਸਿੰਘ ਖਹਿਰਾ ਤੇ ਸਕੱਤਰ ਜਨਰਲ ਮਨਜੀਤ ਸਿੰਘ ਚਾਹਲ ਤੋਂ ਇਲਾਵਾ ਸਾਬਕਾ ਕੌਂਸਲਰ ਰਾਜਿੰਦਰ ਸਿੰਘ ਵਿਰਕ ਵੀ ਹਾਜ਼ਰ ਸਨ।