ਨਗਰ ਕੌਂਸਲ ਦਫ਼ਤਰ ਤੇ ਪ੍ਰਧਾਨ ਦੇ ਘਰ ਅੱਗੇ ਸੁੱਟੀਆਂ ਕੂੜੇ ਦੀਆਂ ਭਰੀਆਂ ਟਰਾਲੀਆਂ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 10 ਜੂਨ 2021-ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਆਪ ਵਰਕਰਾਂ ਵੱਲੋਂ ਨਗਰ ਕੌਂਸਲ ਅੰਦਰ ਤੇ ਪ੍ਰਧਾਨ ਕਿ੍ਰਸ਼ਨ ਕੁਮਾਰ ਸ਼ੰਮੀ ਤੇਰੀਆ ਦੀ ਰਿਹਾਇਸ਼ ਦੇ ਬਾਹਰ ਕੂੜੇ ਦੀਆਂ ਟਰਾਲੀਆਂ ਸੁੱਟਕੇ ਅਵੱਲੇ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਗਿਆ। ਵਰਕਰਾਂ ਨੇ ਕੂੜੇ ਦੇ ਢੇਰ ਸੁੱਟਣ ਸਮੇਂ ਨਗਰ ਕੌਂਸਲ ਪ੍ਰਧਾਨ ਅਤੇ ਕਾਂਗਰਸ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਪ ਆਗੂ ਜਗਦੀਪ ਸੰਧੂ ਨੇ ਕਾਂਗਰਸ ਸਰਕਾਰ ਤੋਂ ਸਫਾਈ ਸੇਵਕ ਯੂਨੀਅਨ ਦੀ ਮੰਗਾਂ ਮੰਨਣ ਦੀ ਗੱਲ ’ਤੇ ਜ਼ੋਰ ਦਿੱਤਾ। ਪ੍ਰਦਰਸ਼ਨ ’ਚ ਵੱਡੀ ਗਿਣਤੀ ’ਚ ਆਪ ਆਗੂ ਮੌਜੂਦ ਰਹੇ।
ਜਗਦੀਪ ਸੰਧੂ ਨੇ ਕਿਹਾ ਕਿ ਬੀਤੇ ਦਿਨੀਂ ਉਨ੍ਹਾਂ ਨੇ ਕੂੜੇ ਦੇ ਢੇਰਾਂ ਕੋਲ ਲਾਈਵ ਹੋ ਕੇ ਸਰਕਾਰ ਨੂੰ 9 ਜੂਨ ਤੱਕ ਸਫਾਈ ਸੇਵਕਾਂ ਦੀਆਂ ਮੰਗਾਂ ਮੰਨਣ ਸਬੰਧੀ ਅਲਟੀਮੇਟਮ ਦਿੱਤਾ ਸੀ, ਪਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਤਾਂ ਅੱਜ ਉਨ੍ਹਾਂ ਵੱਲੋਂ ਇਹ ਐਕਸ਼ਨ ਲੈਂਦਿਆਂ ਕੂੜੇ ਦੀਆਂ ਭਰੀਆਂ ਦੋ ਟਰਾਲੀਆਂ ਲਿਆਕੇ ਇੱਕ ਟਰਾਲੀ ਨਗਰ ਕੌਂਸਲ ਤੇ ਦੂਜੀ ਪ੍ਰਧਾਨ ਦੇ ਘਰ ਤੇ ਦੁਕਾਨ ਮੂਹਰੇ ਸੁੱਟ ਕੇ ਵਿਰੋਧ ਜਤਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਫਾਈ ਸੇਵਕ ਲੰਬੇ ਸਮੇਂ ਤੋਂ ਮੰਗਾਂ ’ਤੇ ਅੜੇ ਹੋਏ ਹਨ, ਪਰ ਸਰਕਾਰ ਉਨ੍ਹਾਂ ਦੀ ਸਾਰ ਨਹੀਂ ਲੈ ਰਹੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਸਫਾਈ ਸੇਵਕਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।