ਪੈਟਰੋਲ ਤੇ ਡੀਜ਼ਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਦੇ ਵਿਰੋਧ ਵਿੱਚ ਕਾਂਗਰਸੀ ਆਗੂਆਂ ਨੇ ਕੀਤੀ ਨਾਅਰੇਬਾਜ਼ੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 11 ਜੂਨ 2021 - ਕੋਰੋਨਾ ਮਹਾਂਮਾਰੀ ਤੋਂ ਬਾਅਦ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿੱਚ ਪੂਰੇ ਦੇਸ਼ ਵਿਚ ਮਚੀ ਹਾਹਾਕਾਰ ਅਤੇ ਪੰਜਾਬ ਕਾਂਗਰਸ ਵੱਲੋਂ ਕੇਂਦਰ ਸਰਕਾਰ ਦੇ ਵਿਰੁੱਧ ਕੀਤੇ ਜਾ ਰਹੇ ਪ੍ਰਦਰਸ਼ਨ ਤਹਿਤ ਅੱਜ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਮਾਲਵਾ ਫਿਲਿੰਗ ਸਟੇਸ਼ਨ ਕਪੂਰਥਲਾ ਰੋਡ ਤੇ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਨਿਕੰਮੀ, ਹਾਏ ਹਾਏ ਦੇ ਨਾਅਰਿਆਂ ਦੀ ਗੂੰਜ ਵਿੱਚ ਜੰਮ ਕੇ ਭੜਾਸ ਕੱਢੀ ਅਤੇ ਰੋਸ ਜ਼ਾਹਿਰ ਕੀਤਾ। ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਵਿਧਾਇਕ ਚੀਮਾ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਪ੍ਰੰਤੂ ਮੋਦੀ ਸਰਕਾਰ ਅੱਖਾਂ ਮੀਟ ਕੇ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ।
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਪਿਛਲੇ 5 ਮਹੀਨਿਆਂ ਵਿੱਚ 43 ਵਾਰ ਵਧਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਸੀ ਤਾਂ ਉਸ ਸਮੇਂ ਕਰੂਡ ਤੇਲ ਦਾ ਭਾਅ 146 ਰੁਪਏ ਸੀ ਅਤੇ ਪੈਟਰੋਲ 68 ਰੁਪਏ ਲਿਟਰ ਸੀ ਜਿਸ ਨੂੰ ਵੇਖ ਕੇ ਭਾਜਪਾ ਦੇ ਆਗੂ ਖਾਸ ਤੌਰ ਤੇ ਇਸ ਦੀ ਆਗੂ ਸਮ੍ਰਿਤੀ ਇਰਾਨੀ ਰੋਸ ਪ੍ਰਗਟਾਵੇ ਕਰ ਰਹੀ ਸੀ ਪ੍ਰੰਤੂ ਜਦੋਂ ਹੁਣ ਮੋਦੀ ਸਰਕਾਰ ਦੇ ਸਮੇਂ ਕਰੂਡ ਆਇਲ ਦਾ ਰੇਟ 58 ਰੁਪਏ ਹੈ ਤਾਂ ਪੈਟਰੋਲ ਦਾ ਰੇਟ 100 ਰੁਪਏ ਲੀਟਰ ਹੋ ਗਿਆ ਹੈ ਜਿਸ ਦੇ ਵਿਰੁੱਧ ਨਾ ਤਾਂ ਕਿਸੇ ਭਾਜਪਾ ਮੰਤਰੀ ਦੀ ਅਤੇ ਨਾ ਹੀ ਕਿਸੇ ਆਗੂ ਵੱਲੋਂ ਰੋਸ ਜ਼ਾਹਿਰ ਕੀਤਾ ਗਿਆ ਹੈ।
ਚੀਮਾ ਨੇ ਕਿਹਾ ਕਿ ਕਿਸਾਨ, ਨੌਜਵਾਨ, ਮਜ਼ਦੂਰ, ਕਾਰੋਬਾਰੀ ਅਤੇ ਅੌਰਤਾਂ ਵਧਦੀ ਮਹਿੰਗਾਈ ਕਾਰਨ ਪ੍ਰੇਸ਼ਾਨ ਹਨ। ਉਨ੍ਹਾਂ ਮੰਗ ਕੀਤੀ ਕਿ ਪੈਟਰੋਲ ਤੇ ਡੀਜ਼ਲ ਤੇ ਅੈਕਸਾਈਜ਼ ਡਿਊਟੀ ਘਟਾਈ ਜਾਵੇ ਤੇ ਵਧਾਈਆਂ ਕੀਮਤਾਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲਿਆ ਜਾਵੇ ਤੇ ਜੇਕਰ ਪੈਟਰੋਲੀਅਮ ਮੰਤਰੀ ਅਜਿਹਾ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋਂ ਜਲਦੀ ਅਸਤੀਫ਼ਾ ਦੇ ਦੇਣ। ਵਿਧਾਇਕ ਚੀਮਾ ਨੇ ਕਿਹਾ ਕਿ ਅੱਛੇ ਦਿਨਾਂ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਮੋਦੀ ਸਰਕਾਰ ਨੇ ਹਰੇਕ ਵਰਗ ਦਾ ਚਕਨਾਚੂਰ ਕਰ ਦਿੱਤਾ ਹੈ। ਇਹ ਸਰਕਾਰ ਹਰ ਪਾਸਿਓਂ ਫੇਲ ਹੋ ਚੁੱਕੀ ਹੈ ਅਤੇ ਹੁਣ ਜਿੰਨਾ ਜਲਦੀ ਹੋਵੇ ਲੋਕਾਂ ਨੂੰ ਇਸ ਤੋਂ ਛੁਟਕਾਰਾ ਮਿਲਣਾ ਚਾਹੀਦਾ ਹੈ।
ਲੋਕਾਂ ਨੂੰ ਦੇਸ਼ ਨੂੰ ਅੱਗੇ ਲੈ ਕੇ ਜਾਣ ਵਾਲੇ ਪ੍ਰਸਿੱਧ ਅਰਥ ਸ਼ਾਸਤਰੀ ਡਾ ਮਨਮੋਹਨ ਸਿੰਘ ਵਰਗੇ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ ਨਾ ਕੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥ ਵੇਚਣ ਵਾਲੇ ਪ੍ਰਧਾਨ ਮੰਤਰੀ ਮੋਦੀ ਦੀ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਸਾਬਕਾ ਪ੍ਰਧਾਨ ਵਿਨੋਦ ਕੁਮਾਰ ਗੁਪਤਾ, ਅਸ਼ੋਕ ਕੁਮਾਰ ਮੋਗਲਾ ਐਮਸੀ, ਕੌਂਸਲਰ ਨਵਨੀਤ ਚੀਮਾ,ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਨਰਿੰਦਰ ਸਿੰਘ ਪੰਨੂ , ਪ੍ਰਦੀਪ ਪੁਰੀ, ਸੁਰਿੰਦਰ ਛਿੰਦਾ ਅਰੋਡ਼ਾ ਪ੍ਰਧਾਨ, ਕੌਂਸਲਰ ਪਵਨ ਕਨੌਜੀਆ, ਰਵੀ ਪੀ ਏ , ਚਰਨ ਕਮਲ ਪਿੰਟਾ ਸਾਬਕਾ ਕੌਂਸਲਰ, ਸਾਬੀ ਆਦਿ ਵੀ ਹਾਜ਼ਰ ਸਨ।