ਫਿਰੋਜ਼ਪੁਰ: ਡੀ.ਸੀ. ਦਫ਼ਤਰ ਕਾਮਿਆਂ ਵੱਲੋਂ 25 ਜੁਲਾਈ ਤੱਕ ਕਲਮ ਛੋੜ ਹੜਤਾਲ ਕਰਕੇ ਦਫ਼ਤਰਾਂ ਦਾ ਕੰਮ ਠੱਪ ਕਰਨ ਦਾ ਐਲਾਨ
ਗੌਰਵ ਮਾਣਿਕ
- ਕਲਮ ਛੋੜ ਹੜਤਾਲ ਦੇ ਨਾਲ ਨਾਲ ਮਾਲ ਮੰਤਰੀ ਪੰਜਾਬ ਦੇ ਪੁਤਲੇ ਵੀ ਫੂਕੇ ਜਾਣਗੇ ---ਸੂਬਾ ਪ੍ਰਧਾਨ
ਫਿਰੋਜ਼ਪੁਰ 22 ਜੁਲਾਈ 2021 - ਪੰਜਾਬ ਰਾਜ ਜਿਲ੍ਹਾ ਡੀ.ਸੀ.ਦਫਤਰ ਕਰਮਚਾਰੀ ਯੂਨੀਅਨ, ਪੰਜਾਬ ਦੀ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ , ਉਹਨਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਸੂਬਾ ਆਹੁੱਦੇਦਾਰਾਂ ਅਤੇ ਜਿਲ੍ਹਾ ਆਹੁੱਦੇਦਾਰਾਂ ਦੇ ਆਨ ਲਾਈਨ ਵਿਚਾਰ ਲਏ ਗਏ। ਇਸ ਵਿੱਚ ਬਹੁ ਗਿਣਤੀ ਜ਼ਿਲ੍ਹਿਆਂ ਵੱਲੋਂ ਵਿਚਾਰ ਦਿੱਤੇ ਗਏ ਕਿ ਪੰਜਾਬ ਸਰਕਾਰ ਅਤੇ ਮਾਲ ਵਿਭਾਗ, ਪੰਜਾਬ ਵੱਲੋਂ ਡੀ.ਸੀ. ਦਫ਼ਤਰ ਕਾਮਿਆਂ ਦੀਆਂ ਵਿਭਾਗੀ ਵਿੱਤੀ ਅਤੇ ਗੈਰ ਵਿੱਤੀ ਮੰਗਾਂ ਤੇ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਦਿੱਤਾ ਗਿਆ ਹੈ ਅਤੇ ਨਾ ਹੀ ਸਾਂਝੀਆਂ ਮੰਗਾਂ ਤੇ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਹਾਂ-ਪੱਖੀ ਪ੍ਰਤੀਕਿਰਿਆ ਸਾਹਮਣੇ।ਆਈ ਹੈ।
ਇਸ ਤੋਂ ਇਲਾਵਾ ਪੁਨਰਗਠਨ ਸਬੰਧੀ ਜਾਰੀ ਹੋਏ ਪੱਤਰ ਬਾਅਦ ਸੀਨੀਅਰ ਸਹਾਇਕਾਂ ਦੀਆਂ ਰੀਵਰਸ਼ਨਾਂ ਦੇ ਖਦਸ਼ੇ ਨਾਲ ਡੀ.ਸੀ. ਦਫ਼ਤਰ ਕਾਮਿਆਂ ਵਿੱਚ ਅਸੰਤੋਸ਼ ਫੈਲ ਗਿਆ ਹੈ ਅਤੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਲਈ ਉਹਨਾਂ ਵੱਲੋਂ ਕਲਮ-ਛੋੜ ਹੜਮਾਲ ਜਾਰੀ ਰੱਖਣ ਦੇ ਨਾਲ ਨਾਲ ਸੰਘਰਸ਼ ਨੂੰ ਹੋਰ ਤਿੱਖਾ ਕਰਨ ਤੇ ਵਿਚਾਰ ਚਰਚਾ ਹੋਈ । ਇਸ ਲਈ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾਈ ਅਤੇ ਜਿਲ੍ਹਾ ਆਹੁੱਦੇਦਾਰਾਂ ਦੇ ਵਿਚਾਰਾਂ ਬਾਅਦ ਬਹੁਮਤ ਅਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਪਿਛਲੇ ਦਿਨਾਂ ਤੋਂ ਚਲੀ ਆ ਰਹੀ ਕਲਮ-ਛੋੜ ਹੜਤਾਲ 25 ਜੁਲਾਈ, 2021 ਤੱਕ ਜਾਰੀ ਰਹੇਗੀ।
ਇਸ ਹੜਤਾਲ ਦੌਰਾਨ ਸਿਵਾਏ ਜਰੂਰੀ ਤੇ ਐਮਰਜੈਂਸੀ ਸੇਵਾਵਾਂ, ਜਿਸ ਵਿੱਚ ਜਾਨ ਮਾਲ ਦੀ ਹਾਨੀ ਹੋਣ ਦਾ ਡਰ ਹੋਵੇ, ਉਸ ਨੂੰ ਛੱਡ ਕੇ ਹੋਰ ਕਿਸੇ ਪ੍ਰਕਾਰ ਦਾ ਕੰਮ ਨਹੀਂ ਕੀਤਾ ਜਾਵੇਗਾ ਅਤੇ ਨਾ ਕਰਨ ਦਿੱਤਾ ਜਾਵੇਗਾ। ਜਿਵੇਂ ਰਜਿਸਟਰੇਸ਼ਨ, ਸਰਟੀਫਿਕੇਟ, ਅਸਲਾ, ਸਰਕਾਰ ਵੱਲੋਂ ਮੰਗੀਆਂ ਜਾ ਰਹੀਆਂ ਹਰ ਪ੍ਰਕਾਰ ਦੀਆਂ ਰਿਪੋਰਟਾਂ, ਕਰੋਨਾ ਤੇ ਹੜਾਂ ਆਦਿ ਸਬੰਧੀ ਰਿਪੋਰਟਾਂ ਭੇਜਣ ਦਾ ਕੰਮ ਬਿਲਕੁੱਲ ਹੀ ਨਹੀਂ ਹੋਵੇਗਾ ਭਾਵ ਮੁਕੰਮਲ ਕੰਮ ਕਾਜ ਠੱਪ ਰੱਖਿਆ ਜਾਵੇਗਾ।
ਇਸ ਕਲਮ ਛੋੜ ਹੜਤਾਲ ਦੇ ਨਾਲ-ਨਾਲ 22 ਜੁਲਾਈ, 2021 ਨੂੰ ਜਿਲ੍ਹਾ ਪੱਧਰੀ ਮੀਟਿੰਗਾਂ ਕਰਕੇ ਜਿਲ੍ਹਾ ਪ੍ਰਸ਼ਾਸ਼ਨ, ਫਰੀਦਕੋਟ ਵੱਲੋਂ ਪਿਛਲੀ ਹੜਤਾਲ ਅਤੇ ਸੂਬਾ ਪੱਧਰੀ ਰੈਲੀਆਂ ਦੌਰਾਨ ਲਈ ਸਮੂਹਿਕ ਛੁੱਟੀ ਨੂੰ ਅਚਨਚੇਤੀ ਛੁੱਟੀ ਵਿੱਚ ਕੱਟਣ ਦਾ ਪੱਤਰ ਵਾਪਸ ਨਾ ਲੈਣ ਵਿਰੁੱਧ ਨਿੰਦਾ ਮਤੇ ਪਾਸ ਕੀਤੇ ਜਾਣਗੇ ਮਿਤੀ 23 ਜੁਲਾਈ, 2021 ਨੂੰ ਕਲਮ ਛੋੜ ਹੜਤਾਲ ਦੇ ਨਾਲ ਨਾਲ ਮਾਲ ਮੰਤਰੀ ਪੰਜਾਬ ਦੇ ਪੁਤਲੇ ਵੀ ਫੂਕੇ ਜਾਣਗੇ। ਅਤੇ ਅਗਲਾ ਐਕਸ਼ਨ 25 ਜੁਲਾਈ, 2021 ਨੂੰ ਉਲੀਕਿਆ ਜਾਵੇਗਾ। ਇਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।