ਅਮਰੀਕਾ: ਮਨੁੱਖੀ ਤਸਕਰੀ ਵਿਰੋਧੀ ਮੁਹਿੰਮ 'ਚ 10 ਗ੍ਰਿਫਤਾਰ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 29 ਜੁਲਾਈ 2021 - ਕੈਲੀਫੋਰਨੀਆ ਦੀ ਵਾਈਸਾਲੀਆ ਕਾਉਂਟੀ ਵਿੱਚ ਪੁਲਿਸ ਦੁਆਰਾ ਮਨੁੱਖੀ ਤਸਕਰੀ ਵਿਰੁੱਧ ਚਲਾਈ ਹੋਈ ਮੁਹਿੰਮ ਦੌਰਾਨ 10 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਪੁਲਿਸ ਅਧਿਕਾਰੀਆਂ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਬਿਆਨ ਅਨੁਸਾਰ ਪਿਛਲੇ ਹਫਤੇ ਵਾਈਸਾਲੀਆ ਵਿੱਚ ਇੱਕ ਮਨੁੱਖੀ ਤਸਕਰੀ ਵਿਰੋਧੀ ਅਭਿਆਨ ਦੇ ਨਤੀਜੇ ਵਜੋਂ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ 22 ਜੁਲਾਈ ਨੂੰ ਟੁਲੈਰੀ ਕਾਉਂਟੀ ਹਿਊਮਨ ਟ੍ਰੈਫਿਕਿੰਗ ਟਾਸਕ ਫੋਰਸ ਦੁਆਰਾ ਕੀਤੀ ਗਈ ਇਸ ਕਾਰਵਾਈ ਵਿੱਚ ਜਿਹਨਾਂ ਦਸ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ , ਉਹਨਾਂ ਉੱਪਰ ਵੇਸਵਾਗਿਰੀ ਸਬੰਧੀ ਦੋਸ਼ ਹਨ।
ਇਸਦੇ ਇਲਾਵਾ ਕੁੱਝ ਵਿਅਕਤੀਆਂ 'ਤੇ ਗ੍ਰਿਫਤਾਰੀ ਦਾ ਵਿਰੋਧ ਅਤੇ ਹਥਿਆਰ ਹੋਣ ਦੇ ਵੀ ਦੋਸ਼ ਲਗਾਏ ਗਏ ਹਨ। ਹਿਊਮਨ ਟ੍ਰੈਫਿਕਿੰਗ ਵਿਰੁੱਧ ਕੀਤੀ ਇਸ ਕਾਰਵਾਈ ਵਿੱਚ ਟੁਲੈਰੀ ਕਾਉਂਟੀ ਹਿਊਮਨ ਟ੍ਰੈਫਿਕਿੰਗ ਟਾਸਕ ਫੋਰਸ ਦੇ ਮੈਂਬਰਾਂ ਨਾਲ ਵਿਜ਼ਾਲੀਆ ਪੁਲਿਸ ਵਿਭਾਗ, ਟੁਲੈਰੀ ਕਾਉਂਟੀ ਜ਼ਿਲ੍ਹਾ ਅਟਾਰਨੀ ਦਾ ਦਫਤਰ, ਕੈਲੀਫੋਰਨੀਆ ਦਾ ਨਿਆਂ ਵਿਭਾਗ, ਤੁਲਾਰੇ ਕਾਉਂਟੀ ਏਰੀਆ ਰੀਜਨਲ ਗਨ ਇਨਫੋਰਸਮੈਂਟ ਟੀਮ ਅਤੇ ਟੁਲੈਰੀ ਕਾਉਂਟੀ ਸ਼ੈਰਿਫ ਆਫਿਸ ਆਦਿ ਸ਼ਾਮਲ ਸਨ।