← ਪਿਛੇ ਪਰਤੋ
ਗੁਰਿੰਦਰਜੀਤ ਨੀਟਾ ਮਾਛੀਕੇ ਫਰਿਜ਼ਨੋ (ਕੈਲੀਫੋਰਨੀਆ) 03 ਅਗਸਤ 2021: ਅਮਰੀਕਾ ਵਿੱਚ ਕੋਰੋਨਾ ਵਾਇਰਸ ਨੂੰ ਪੂਰੀ ਤਰ੍ਹਾਂ ਹਰਾਉਣ ਲਈ ਕੋਰੋਨਾ ਵੈਕਸੀਨ ਪ੍ਰਕਿਰਿਆ ਜਾਰੀ ਹੈ। ਸਿਹਤ ਮਾਹਿਰਾਂ ਅਨੁਸਾਰ ਵਾਇਰਸ ਦੀ ਲਾਗ ਨੂੰ ਰੋਕਣ ਅਤੇ ਵਾਇਰਸ ਤੋਂ ਸੁਰੱਖਿਆ ਪ੍ਰਾਪਤ ਕਰਨ ਲਈ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਜਰੂਰੀ ਹਨ। ਪਰ ਜਿਆਦਾਤਰ ਲੋਕ ਅਜੇ ਵੀ ਟੀਕਾ ਨਹੀਂ ਲਗਵਾ ਰਹੇ ਹਨ। ਹੁਣ ਸਾਹਮਣੇ ਆ ਰਹੇ ਜਿਆਦਾਤਰ ਕੋਰੋਨਾ ਕੇਸਾਂ ਵਿੱਚ ਡੈਲਟਾ ਵਾਇਰਸ ਦੀ ਲਾਗ ਵੱਧ ਫੈਲ ਰਹੀ ਹੈ। ਇਸ ਲਈ ਸਰਕਾਰੀ ਵਿਭਾਗ, ਕਾਰੋਬਾਰ ਅਤੇ ਹੋਰ ਅਦਾਰੇ ਆਪਣੇ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਨੂੰ ਜਰੂਰੀ ਕਰ ਰਹੇ ਹਨ। ਇਸੇ ਲੜੀ ਤਹਿਤ ਕੈਲੀਫੋਰਨੀਆ ਦੇ ਪ੍ਰਮੁੱਖ ਹਸਪਤਾਲ ਕਾਈਜ਼ਰ ਪਰਮਾਨੈਂਟੇ ਨੇ ਸੋਮਵਾਰ ਨੂੰ ਘੋਸ਼ਣਾ ਕਰਦਿਆਂ ਦੱਸਿਆ ਕਿ ਅਦਾਰਾ ਆਪਣੇ ਸਾਰੇ ਡਾਕਟਰਾਂ ਅਤੇ ਕਰਮਚਾਰੀਆਂ ਲਈ ਕੋਵਿਡ -19 ਟੀਕੇ ਦੇ ਆਦੇਸ਼ਾਂ ਨੂੰ ਲਾਗੂ ਕਰ ਰਿਹਾ ਹੈ। ਹਸਪਤਾਲ ਅਨੁਸਾਰ 31 ਜੁਲਾਈ ਤੱਕ, ਇਸਦੇ 77.8% ਕਰਮਚਾਰੀ ਅਤੇ 95% ਤੋਂ ਵੱਧ ਸਥਾਈ ਮੈਡੀਕਲ ਸਮੂਹ ਦੇ ਡਾਕਟਰਾਂ ਨੂੰ ਵਾਇਰਸ ਦੇ ਵਿਰੁੱਧ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ। ਇਸ ਮੈਡੀਕਲ ਸੰਸਥਾ ਨੇ ਦੱਸਿਆ ਕਿ ਸਾਰੇ ਕਰਮਚਾਰੀਆਂ ਲਈ ਪੂਰੀ ਤਰ੍ਹਾਂ ਕੋਰੋਨਾ ਵੈਕਸੀਨ ਲਗਵਾਉਣ ਲਈ ਅਤੇ ਮੈਡੀਕਲ ਜਾਂ ਧਾਰਮਿਕ ਛੋਟ ਲਈ ਅਰਜ਼ੀ ਦੇਣ ਵਾਸਤੇ 30 ਸਤੰਬਰ, 2021 ਦੀ ਤਰੀਕ ਨਿਰਧਾਰਤ ਕੀਤੀ ਗਈ ਹੈ।
Total Responses : 936