ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ) 03 ਅਗਸਤ 2021: ਅਮਰੀਕਾ ਵਿੱਚ ਪੈਂਟਾਗਨ ਨੇ ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂ ਐਸ ਆਰਮੀ ਨੇ ਫਾਈਜ਼ਰ ਨੂੰ ਅਗਲੇ ਸਾਲ ਦੇ ਅੰਤ ਤੱਕ ਦੁਨੀਆ ਭਰ ਵਿੱਚ ਵੰਡਣ ਲਈ ਆਪਣੀ ਕੋਵਿਡ -19 ਟੀਕੇ ਦੀਆਂ 500 ਮਿਲੀਅਨ ਖੁਰਾਕਾਂ ਬਣਾਉਣ ਲਈ 3.5 ਬਿਲੀਅਨ ਡਾਲਰ ਦਾ ਕੰਟਰੈਕਟ ਦਿੱਤਾ ਹੈ। ਪਿਛਲੇ ਮਹੀਨੇ, ਫਾਈਜ਼ਰ ਨੇ ਅਮਰੀਕਾ ਨੂੰ 200 ਮਿਲੀਅਨ ਖੁਰਾਕਾਂ ਦਾ ਨਵਾਂ ਬੈਚ ਇਸ ਸਾਲ ਅਕਤੂਬਰ ਅਤੇ 2022 ਦੇ ਅਪ੍ਰੈਲ ਦੇ ਵਿਚਕਾਰ ਦੇਣ ਦੀ ਵੀ ਘੋਸ਼ਣਾ ਕੀਤੀ ਸੀ। ਫਾਈਜ਼ਰ ਦੇ ਚੇਅਰਮੈਨ ਅਤੇ ਸੀ ਈ ਓ ਅਲਬਰਟ ਬੌਰਲਾ ਅਨੁਸਾਰ ਯੂ ਐਸ ਸਰਕਾਰ ਦੇ ਨਾਲ ਕੰਪਨੀ ਦੀ ਭਾਈਵਾਲੀ ਟੀਕੇ ਦੀਆਂ ਲੱਖਾਂ ਖੁਰਾਕਾਂ ਨੂੰ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਵਿੱਚ ਜਲਦੀ ਤੋਂ ਜਲਦੀ ਲਿਆਉਣ ਵਿੱਚ ਸਹਾਇਤਾ ਕਰੇਗੀ। ਉਹਨਾਂ ਕਿਹਾ ਕਿ ਕੋਵਿਡ -19 ਨੇ ਹਰ ਕਿਸੇ ਨੂੰ, ਹਰ ਜਗ੍ਹਾ ਪ੍ਰਭਾਵਿਤ ਕੀਤਾ ਹੈ, ਅਤੇ ਇਸ ਮਹਾਂਮਾਰੀ ਦੇ ਵਿਰੁੱਧ ਲੜਾਈ ਜਿੱਤਣ ਲਈ, ਟੀਕਿਆਂ ਦੀ ਤੇਜ਼ੀ ਨਾਲ ਪਹੁੰਚ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਪਿਛਲੇ ਮਹੀਨੇ, ਪਬਲਿਕ ਹੈਲਥ ਇੰਗਲੈਂਡ ਦੁਆਰਾ ਫੰਡ ਕੀਤੇ ਗਏ ਅਤੇ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿੱਚ ਪ੍ਰਕਾਸ਼ਤ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਫਾਈਜ਼ਰ-ਬਾਇਓਨਟੇਕ ਟੀਕੇ ਦੀਆਂ ਦੋ ਖੁਰਾਕਾਂ ਕੋਵਿਡ -19 ਦੇ ਡੈਲਟਾ ਰੂਪ ਤੋਂ ਗੰਭੀਰ ਬਿਮਾਰੀ ਨੂੰ ਰੋਕਣ ਵਿੱਚ 88 ਪ੍ਰਤੀਸ਼ਤ ਪ੍ਰਭਾਵਸ਼ਾਲੀ ਹਨ ।