ਬੇਰੁਜ਼ਗਾਰਾਂ ਨੇ ਮੀਟਿੰਗ ਕਰਕੇ ਗੁਪਤ ਐਕਸ਼ਨ ਕਰਨ ਅਤੇ ਮੋਤੀ ਮਹਿਲ ਅੱਗੇ ਪੱਕਾ ਮੋਰਚਾ ਲਾਉਣ ਦੀ ਰਣਨੀਤੀ ਉਲੀਕੀ
ਦਲਜੀਤ ਕੌਰ ਭਵਾਨੀਗੜ੍ਹ
ਪਟਿਆਲਾ, 4 ਅਗਸਤ 2021: ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਗੇਟ 'ਤੇ ਪਿਛਲੇ 216 ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ 'ਬੇਰੁਜ਼ਗਾਰ ਸਾਂਝੇ ਮੋਰਚੇ' ਦੀ 3 ਅਗਸਤ ਨੂੰ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਹੁਣ ਬੇਰੁਜ਼ਗਾਰਾਂ ਨੇ ਮੁੜ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਗੁਪਤ ਐਕਸ਼ਨ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਸੇ ਤਹਿਤ ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਪਟਿਆਲਾ ਇਕਾਈ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਨਦੀਪ ਸੇਖਾ ਦੀ ਅਗਵਾਈ ਵਿੱਚ ਸਥਾਨਕ ਗੁਰੂ ਗ੍ਰੰਥ ਸਾਹਿਬ ਭਵਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ। ਬੇਰੁਜ਼ਗਾਰਾਂ ਵੱਲੋਂ ਸਰਕਾਰ ਦੀ ਰੁਜ਼ਗਾਰ ਦੇਣ ਦੇ ਮਾਮਲੇ ਵਿੱਚ ਧਾਰੀ ਚੁੱਪ ਨੂੰ ਤੋੜਨ ਲਈ ਜਲਦੀ ਹੀ ਗੁਪਤ ਐਕਸਨ ਕਰਨ ਦੀ ਯੋਜਨਾ ਉਲੀਕੀ ਗਈ। ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਸਰਕਾਰ ਲਈ ਇਹ ਬਹੁਤ ਨਮੋਸ਼ੀ ਦੀ ਗੱਲ ਹੈ ਕਿ 31 ਦਸੰਬਰ ਤੋਂ ਸਿੱਖਿਆ ਮੰਤਰੀ ਜੀ ਲਗਾਤਾਰ ਆਪਣੀ ਸੰਗਰੂਰ ਵਾਲੀ ਰਿਹਾਇਸ਼ 'ਚੋਂ ਲਾਪਤਾ ਹਨ। ਬੇਰੁਜ਼ਗਾਰਾਂ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਦੀ ਜਾਗ ਨਾ ਖੁੱਲ੍ਹੀ ਤਾਂ ਜਲਦੀ ਮੋਤੀ ਮਹਿਲ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ। ਉਹਨਾਂ ਕਾਂਗਰਸ ਸਰਕਾਰ ਦੇ ਹਰੇਕ ਮੰਤਰੀ ਅਤੇ ਵਿਧਾਇਕਾਂ ਨੂੰ ਘੇਰਨ ਦਾ ਵੀ ਐਲਾਨ ਕੀਤਾ।
ਅਮਨਦੀਪ ਸੇਖਾ ਨੇ ਕਿਹਾ ਕਿ ਭਾਰਤ ਦੀ ਮੋਦੀ ਹਕੂਮਤ ਵਾਂਗ ਪੰਜਾਬ ਦੀ ਕਾਂਗਰਸ ਸਰਕਾਰ ਬੇਰੁਜ਼ਗਾਰਾਂ ਨੂੰ ਜ਼ਬਰ ਦੇ ਦਮ ਤੇ ਨਪੀੜਨ ਦੇ ਰਾਹ ਤੁਰੀ ਹੋਈ ਹੈ। ਜਿਸ ਦੀਆਂ ਅਨੇਕਾਂ ਉਦਾਹਰਨਾਂ ਮੋਤੀ ਮਹਿਲ ਅੱਗੇ ਨਿੱਤ ਦਿਨ ਲਾਠੀਚਾਰਜਾਂ ਅਤੇ ਲੱਥ ਰਹੀਆਂ ਪੱਗਾਂ ਤੋ ਮਿਲਦੀ ਹੈ। ਉਹਨਾਂ ਚਿਤਾਵਨੀ ਦਿੱਤੀ ਕਿ ਬੇਰੁਜ਼ਗਾਰ ਆਪਣਾ ਹੱਕ ਹਾਸਲ ਕਰਕੇ ਰਹਿਣਗੇ। ਇਸ ਮੌਕੇ ਜਸਵਿੰਦਰ ਕੌਰ, ਕੁਲਵਿੰਦਰ ਕੌਰ, ਸਰਬਜੀਤ ਕੌਰ, ਜਸਵੰਤ ਕੌਰ, ਪਰਮਿੰਦਰ ਕੌਰ, ਭਗਵਾਨ ਕੌਰ, ਬਲਜੀਤ ਕੌਰ, ਹਰਪ੍ਰੀਤ ਕੌਰ, ਸਰਵਜੀਤ ਕੌਰ, ਮਨਪ੍ਰੀਤ ਕੌਰ, ਕੁਲਦੀਪ ਰਾਮਨਗਰ, ਸੁਖਦੀਪ ਅਕੋਈ ਸਾਹਿਬ, ਗੁਰਪ੍ਰੀਤ ਖੰਨਾ, ਗੁਰਸੇਵਕ ਸਿੰਘ, ਜਤਿੰਦਰ ਕਾਹਨੇਕੇ, ਸੁਸ਼ੀਲ ਕੁਮਾਰ, ਅਵਤਾਰ ਸਿੰਘ, ਯਾਦਵਿੰਦਰ ਸਿੰਘ, ਕੁਸ਼ ਕੁਮਾਰ, ਹਰਮੇਸ਼ ਸਿੰਘ, ਪਿਆਰਾ ਸਿੰਘ, ਬਲਕਾਰ ਸਿੰਘ, ਹਰਦੀਪ ਸਿੰਘ ਆਦਿ ਹਾਜਰ ਸਨ।