ਤਖਤ ਸ੍ਰੀ ਕੇਸਗਡ਼੍ਹ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ, ਸਖਤ ਕਾਰਵਾਈ ਹੋਏ-ਜੱਥੇਦਾਰ ਰਘਬੀਰ ਸਿੰਘ
ਸ੍ਰੀ ਅਨੰਦਪੁਰ ਸਾਹਿਬ, 13 ਸਤੰਬਰ 2021-ਤਖਤ ਸ੍ਰੀ ਕੇਸਗਡ਼੍ਹ ਸਾਹਿਬ ਵਿਖੇ ਤੜਕਸਾਰ ਵਾਪਰੀ ਮੰਦਭਾਗੀ ਘਟਨਾ ਦੌਰਾਨ ਇਕ ਵਿਅਕਤੀ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਸਿਗਰਟ ਪੀ ਕੇ ਰਾਗੀ ਸਿੰਘਾਂ ਵੱਲ ਸੁੱਟ ਦਿੱਤੀ ਤੇ ਸਿਗਰਟ ਦਾ ਧੂੰਆਂ ਰਾਗੀ ਸਿੰਘਾਂ ਵੱਲ ਛੱਡਿਆ ਗਿਆ । ਇਸ ਸਬੰਧੀ ਤਖਤ ਸ੍ਰੀ ਕੇਸਗਡ਼੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੜਕਸਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਮੌਕੇ ਲਗਪਗ 4.30ਵਜੇ ਦੇ ਕਰੀਬ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਲੱਗੇ ਤਾਂ ਉਨ੍ਹਾਂ ਦੇ ਸਤਿਕਾਰ ਲਈ ਸਾਰੀਆਂ ਸੰਗਤਾਂ ਖੜ੍ਹੀਆਂ ਹੋਈਆਂ ਤਾਂ ਇਕ ਵਿਅਕਤੀ ਵੱਲੋਂ ਸਿਗਰਟ ਜਲਾ ਕੇ ਉਸ ਦਾ ਧੂੰਆਂ ਖਿੱਚ ਕੇ ਸਿਗਰਟ ਰਾਗੀ ਜਥੇ ਵੱਲ ਸੁੱਟ ਦਿੱਤੀ ਅਤੇ ਸਿਗਰਟ ਦਾ ਧੂੰਆਂ ਵੀ ਰਾਗੀ ਸਿੰਘਾਂ ਉੱਪਰ ਛੱਡਿਆ ਗਿਆ । ਇਸ ਦੁਖਦਾਈ ਘਟਨਾ ਮੌਕੇ ਮੌਜ਼ੂਦ ਪੁਲਿਸ ਮੁਲਾਜ਼ਮ ਅਤੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਵੱਲੋਂ ਉਕਤ ਵਿਅਕਤੀ ਨੂੰ ਮੌਕੇ ਤੇ ਹੀ ਫੜ ਕੇ ਬਾਹਰ ਲਿਆਂਦਾ ਗਿਆ ਅਤੇ ਉਸ ਨੂੰ ਸਥਾਨਕ ਪੁਲਸ ਦੇ ਹਵਾਲੇ ਕਰ ਦਿੱਤਾ । ਪੁਲੀਸ ਵੱਲੋਂ ਕਾਰਵਾਈ ਕਰਦਿਆਂ ਉਸ ਤੇ ਪਰਚਾ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੀਆਂ ਬੇਅਦਬੀ ਦੀਆਂ ਘਟਨਾਵਾਂ ਪਿਛਲੇ ਸਮੇਂ ਦੌਰਾਨ ਵਾਪਰੀਆਂ ਹਨ ਤੇ ਵਾਪਰ ਰਹੀਆਂ ਹਨ। ਪੁਲੀਸ ਵੱਲੋਂ ਹਮੇਸ਼ਾ ਹੀ ਪੱਲਾ ਝਾੜਿਆ ਜਾਂਦਾ ਹੈ ਕਿ ਉਹ ਵਿਅਕਤੀ ਦਿਮਾਗੀ ਪ੍ਰੇਸ਼ਾਨ ਹੈ ਜਾ ਉਸ ਕੋਲ ਮੈਂਟਲ ਹੋਣ ਦਾ ਸਰਟੀਫਿਕੇਟ ਹੈ ਜਾਂ ਉਹ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੋਣ ਦੀਆਂ ਦਵਾਈਆਂ ਲੈ ਰਿਹਾ ਹੈ । ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅਜਿਹੇ ਵਿਅਕਤੀ ਜੋ ਦਿਮਾਗੀ ਤੌਰ ਤੇ ਪ੍ਰੇਸ਼ਾਨ ਹਨ ਹਮੇਸ਼ਾ ਗੁਰਦੁਆਰੇ ਵੱਲ ਆ ਕੇ ਹੀ ਅਜਿਹੀਆਂ ਘਟਨਾਵਾਂ ਨੂੰ ਕਿਉਂ ਅੰਜਾਮ ਦਿੰਦੇ ਹਨ । ਪਿਛਲੀਆਂ ਵਾਪਰੀਆਂ ਘਟਨਾਵਾਂ ਵਿੱਚ ਵੀ ਸਿੱਖ ਕੌਮ ਨੂੰ ਕੋਈ ਇਨਸਾਫ ਨਹੀਂ ਮਿਲਿਆ ਨਾ ਹੀ ਮੁਲਜ਼ਮਾਂ ਤੇ ਕੋਈ ਸਖ਼ਤ ਕਾਨੂੰਨੀ ਕਾਰਵਾਈ ਹੋਈ, ਸਗੋਂ ਥੋੜ੍ਹੇ ਸਮੇਂ ਬਾਅਦ ਹੀ ਮੁਲਜ਼ਮ ਜ਼ਮਾਨਤਾਂ ਲੈ ਕੇ ਸ਼ਰ੍ਹੇਆਮ ਬਾਹਰ ਘੁੰਮਦੇ ਨਜ਼ਰ ਆਉਂਦੇ ਹਨ।
ਗਿਆਨੀ ਰਘਵੀਰ ਸਿੰਘ ਨੇ ਕਿਹਾ ਕਿ ਹੁਣ ਥੋੜ੍ਹਾ ਸਮਾਂ ਪਹਿਲਾਂ ਉਨ੍ਹਾਂ ਦੀ ਰੂਪਨਗਰ ਦੇ ਐੱਸਐੱਸਪੀ ਨਾਲ ਮੀਟਿੰਗ ਹੋਈ ਹੈ ਤੇ ਮੀਟਿੰਗ ਵਿੱਚ ਉਨ੍ਹਾਂ ਸਾਨੂੰ ਵਿਸ਼ਵਾਸ ਦਿਵਾਉਂਦਿਆ ਅਤੇ ਸਾਡੀ ਗੱਲ ਮੰਨਦਿਆਂ ਸਹਿਮਤੀ ਪ੍ਰਗਟ ਕੀਤੀ ਕਿ ਪੁਲਸ ਪ੍ਰਸ਼ਾਸਨ ਦੀ ਪੁੱਛਗਿੱਛ ਦੌਰਾਨ ਸਾਡੀ ਪੰਜ ਮੈਂਬਰੀ ਟੀਮ ਵੀ ਮੌਕੇ ਤੇ ਸ਼ਾਮਲ ਹੋਵੇਗੀ। ਪੰਜ ਮੈਂਬਰੀ ਟੀਮ ਨੂੰ ਨਿਯੁਕਤ ਕਰ ਕੇ ਉਨ੍ਹਾਂ ਦੇ ਨਾਮ ਜਲਦੀ ਹੀ ਪੁਲਿਸ ਪ੍ਰਸ਼ਾਸਨ ਨੂੰ ਦੇ ਭੇਜ ਰਹੇ ਹਾਂ ।ਸਖ਼ਤ ਕਾਨੂੰਨ ਸਜ਼ਾ ਅਤੇ ਕਾਰਵਾਈ ਸਬੰਧੀ ਪੁੱਛਣ ਤੇ ਸਿੰਘ ਸਾਹਿਬ ਨੇ ਕਿਹਾ ਕਿ ਅਜਿਹੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ।ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਸਾਡੇ ਕਾਨੂੰਨ ਹੀ ਢਿੱਲੇ ਹਨ ਨਾ ਤਾ ਪੁਲੀਸ ਅਤੇ ਨਾ ਹੀ ਪ੍ਰਸ਼ਾਸਨ ਅਤੇ ਸਰਕਾਰਾਂ ਕੁਝ ਕਰਦੀਆਂ ਹਨ ਅਜਿਹੇ ਦੋਸ਼ੀਆਂ ਨੂੰ ਤਾਂ ਮੌਕੇ ਤੇ ਹੀ ਮਾਰ ਦੇਣਾ ਚਾਹੀਦਾ ਹੈ।ਅਜਿਹਾ ਸਾਨੂੰ ਹੁਣ ਮਜਬੂਰਨ ਵਾਸ ਕਰਨਾ ਪੈਣਾ ਹੈ , ਅਜਿਹਾ ਕੌਮ ਦਾ ਕਾਰਜ ਕਰਨ ਵਾਲੇ ਵਿਅਕਤੀ ਨੂੰ ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਦਾ ਪੂਰਨ ਸਮਰਥਨ ਤੇ ਸਹਿਯੋਗ ਹੋਵੇਗਾ ।