ਸੁਲਤਾਨਪੁਰ ਲੋਧੀ ਵਿਖੇ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਕੋਠੀ ਮੁਹਰੇ ਸ਼ੜਕ 'ਚ ਧਰਨਾ ਲਗਾ ਕੇ ਵਿਸ਼ਾਲ ਰੋਸ ਮੁਜ਼ਾਹਰਾ ਕਰ ਰਹੇ ਵੱਡੀ ਗਿਣਤੀ 'ਚ ਕਿਸਾਨਾਂ ਮਜਦੂਰਾਂ ਦਾ ਦ੍ਰਿਸ਼
ਜਿਲ੍ਹਾ ਕਪੂਰਥਲਾ ਦੇ ਵੱਡੀ ਗਿਣਤੀ 'ਚ ਪੁੱਜੇ ਕਿਸਾਨਾਂ ਤੇ ਮਜਦੂਰਾਂ ਮੁਰਦਾਬਾਦ ਦੇ ਲਗਾਏ ਤਿੱਖੇ ਨਾਅਰੇ
ਭਾਰੀ ਗਿਣਤੀ 'ਚ ਪੁਲਸ ਫੋਰਸ ਮੰਗਵਾ ਕੇ ਕੋਠੀ ਤੋਂ 100 ਮੀਟਰ ਪਿੱਛੇ ਬੈਰੀਅਰ ਲਗਾ ਕੇ ਰੋਕਿਆ ਹਜੂਮ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 13 ਸਤੰਬਰ 2021 ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਘਰ ਮੁਹਰੇ ਸ਼ੜਕ ਜਾਮ ਕਰਕੇ ਰੋਸ ਧਰਨਾ ਦਿੱਤਾ ਗਿਆ ਤੇ ਕੋਠੀ ਦਾ ਘਿਰਾਓ ਕਰਦੇ ਹੋਏ ਵਿਧਾਇਕ ਚੀਮਾ ਖਿਲਾਫ ਮੁਰਦਾਬਾਦ ਤੇ ਹੋਰ ਤਿੱਖੇ ਨਾਅਰੇ ਲਗਾਏ ਗਏ ।ਜਥੇਬੰਦੀ ਦੇ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਦੀ ਅਗਵਾਈ 'ਚ ਅਤੇ ਜਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਦੇਖ-ਰੇਖ 'ਚ ਲਗਾਏ ਇਸ ਰੋਸ ਧਰਨੇ 'ਚ ਜਿਲ੍ਹਾ ਕਪੂਰਥਲਾ ਨਾਲ ਸਬੰਧਿਤ ਬਹੁਤ ਵੱਡੀ ਗਿਣਤੀ 'ਚ ਕਿਸਾਨ -ਮਜਦੂਰ ਆਪਣੀਆਂ ਟਰੈਕਟਰ -ਟਰਾਲੀਆਂ , ਗੱਡੀਆਂ , ਕਾਰਾਂ ਤੇ ਮੋਟਰ ਸਾਈਕਲਾਂ ਤੇ ਸਵਾਰ ਹੋ ਕੇ ਸ਼ਾਮਲ ਹੋਏ । ਅੱਜ ਗਰਮੀ ਤੇ ਤਿੱਖੀ ਧੁੱਪ ਦੇ ਬਾਵਜੂਦ ਵੀ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਤੱਕ ਰੋਸ ਧਰਨਾ ਜਾਰੀ ਰਿਹਾ ।
ਇਸਤੋਂ ਪਹਿਲਾਂ ਜਦ ਵੱਡੀ ਗਿਣਤੀ 'ਚ ਕਿਸਾਨ -ਮਜਦੂਰ ਇਕੱਠੇ ਹੋ ਕੇ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਪੂਡਾ ਕਾਲੌਨੀ ਸਾਹਮਣੇ ਬਣੀ ਨਵੀਂ ਕੋਠੀ ਦਾ ਘਿਰਾਓ ਕਰਨ ਲਈ ਅੱਗੇ ਵਧਣ ਲੱਗੇ ਤਾਂ ਵੱਡੀ ਤਦਾਦ 'ਚ ਪੁੱਜੀ ਪੁਲਸ ਨੇ ਲੋਹੇ ਦੇ ਬੈਰੀਅਰ ਰਸਤੇ 'ਚ ਰੱਸਿਆਂ ਨਾਲ ਬੰਨ੍ਹ ਕੇ ਚੀਮਾ ਸਾਹਿਬ ਦੀ ਕੋਠੀ ਤੋਂ 100 ਮੀਟਰ ਦੂਰ ਹੀ ਕਿਸਾਨਾਂ ਨੂੰ ਰੋਕ ਲਿਆ ।ਜਿਸਤੇ ਗੁੱਸੇ 'ਚ ਆਏ ਕਿਸਾਨਾਂ ਨੇ ਉੱਥੇ ਹੀ ਦਰੀਆਂ ਵਿਛਾ ਲਈਆਂ ਤੇ ਟੈਂਟ ਨਾਲ ਛਾਂ ਕਰਕੇ ਧਰਨਾ ਲਗਾ ਦਿੱਤਾ । ਜਿਸਨੂੰ ਪੂਰਾ ਦਿਨ ਵੱਖ ਵੱਖ ਬੁਲਾਰਿਆਂ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਵੱਲੋਂ ਕਿਸਾਨਾਂ ਮਜਦੂਰਾਂ ਨਾਲ ਕੀਤੇ ਗਏ ਰੁੱਖੇ ਵਿਵਹਾਰ ਦੀ ਨਿਖੇਧੀ ਕੀਤੀ ਗਈ ਤੇ ਕੁਝ ਪਿੰਡਾਂ ਦੇ ਕਿਸਾਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜਾ ਵਿਧਾਇਕ ਅੱਜ ਕਿਸਾਨਾਂ ਮਜਦੂਰਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ , ਉਸਦਾ ਸਾਡੇ ਪਿੰਡਾਂ 'ਚ ਆਉਣ ਤੇ ਅਸੀਂ ਵਿਰੋਧ ਕਰਾਂਗੇ ।
ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਨੇ ਕਿਹਾ ਕਿ ਜਥੇਬੰਦੀ ਦੇ ਸਥਾਨਕ ਆਗੂਆਂ ਵੱਲੋਂ ਸਥਾਨਕ ਐਸ.ਡੀ.ਐਮ. ਰਾਹੀਂ ਹਲਕਾ ਵਿਧਾਇਕ ਨੂੰ ਮੰਗ ਪੱਤਰ ਭੇਜ ਕੇ ਇਲਾਕੇ ਦੇ ਕਿਸਾਨਾਂ ਮਜਦੂਰਾਂ ਦੀਆਂ ਕੁਝ ਮੰਗਾਂ ਤੋਂ ਜਾਣੂ ਕਰਵਾਇਆ ਸੀ ਤੇ ਹੜ੍ਹ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦਾ ਸਾਰੇ ਯੋਗ ਕਿਸਾਨਾਂ ਨੂੰ ਮੁਆਵਜਾ ਦੇਣ ਦੀ ਮੰਗ ਕੀਤੀ ਸੀ ਅਤੇ ਖੁਰਾਬਾ ਵੰਡਣ 'ਚ ਸਬੰਧਿਤ ਅਧਿਕਾਰੀਆਂ ਵੱਲੋਂ ਆਪਣੇ ਚਹੇਤੇ ਸਫੇਦਪੋਸ਼ਾਂ ਦੀ ਮਿਲੀਭੁਗਤ ਨਾਲ ਕੀਤੀ ਘਪਲੇਬਾਜੀ ਦੀ ਜਾਂਚ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਸੀ , ਪ੍ਰੰਤੂ ਹਲਕਾ ਵਿਧਾਇਕ ਨੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਕੋਈ ਧਿਆਨ ਨਹੀਂ ਦਿੱਤਾ । ਜਿਸ ਕਾਰਨ ਅੱਜ ਮਜਬੂਰ ਹੋ ਕੇ ਹਲਕਾ ਵਿਧਾਇਕ ਦੇ ਘਰ ਮੁਹਰੇ ਧਰਨਾ ਲਗਾਉਣਾ ਪਿਆ ਹੈ । ਉਨ੍ਹਾਂ ਧੁੱਪ 'ਚ ਖੜ੍ਹੇ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਆਰਾਮ ਨਾਲ ਛਾਂਵੇ ਬੈਠ ਜਾਣ ਕਿਉਂਕਿ ਸਾਡੀ ਜਥੇਬੰਦੀ ਨੇ ਹਮੇਸ਼ਾ ਸ਼ਾਂਤਮਈ ਬੈਠ ਕੇ ਰੋਸ ਪ੍ਰਰਦਰਸ਼ਨ ਕੀਤਾ ਹੈ , ਪਰ ਕਦੇ ਵੀ ਕਿਸਾਨ ਅੰਦੋਲਨ ਦੌਰਾਨ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ।
ਉਨ੍ਹਾਂ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਸਖਤ ਆਲੋਚਨਾ ਕਰਦੇ ਕਿਹਾ ਕਿ ਸੂਬਾ ਸਰਕਾਰ ਨੇ ਪਿਛਲੇ ਸਾਢੇ 4 ਸਾਲ 'ਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ । ਉਨ੍ਹਾਂ ਕਿਹਾ ਕਿ ਗੁਰਬਾਣੀ ਦਾ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਵਾਅਦਾ ਕੀਤਾ ਸੀ ਕਿਸਾਨਾਂ ਮਜਦੂਰਾਂ ਦੇ ਹਰ ਤਰ੍ਹਾਂ ਦੇ ਸਾਰੇ ਕਰਜੇ ਮੁਆਫ਼ ਕੀਤੇ ਜਾਣਗੇ , ਪਰ ਕਿਸਾਨਾਂ ਮਜਦੂਰਾਂ ਦੇ ਕਰਜੇ ਮੁਆਫ ਨਹੀਂ ਕੀਤੇ ਗਏ ।ਇਹ ਵੀ ਕਿਹਾ ਸੀ ਕਿ ਸਾਡੀ ਸਰਕਾਰ ਬਣਨ ਤੇ ਚਾਰ ਹਫ਼ਤਿਆਂ 'ਚ ਹੀ ਨਸ਼ੇ ਖਤਮ ਕਰ ਦਿਆਂਗਾ , ਪਰ ਹੁਣ ਕੈਪਟਨ ਅਮਰਿੰਦਰ ਆਪਣੇ ਵਾਅਦੇ ਤੋਂ ਮੁੱਕਰ ਗਿਆ ਤੇ ਕਹਿੰਦਾ ਹੈ ਕਿ ਮੈ ਨਸ਼ਿਆਂ ਦਾ ਲੱਕ ਤੋੜਨ ਬਾਰੇ ਕਿਹਾ ਸੀ । ਸੂਬਾ ਖਜਾਨਚੀ ਨੇ ਕਿਹਾ ਕਿ ਕੈਪਟਨ ਸਾਹਿਬ ਤੁਸੀਂ ਨਸ਼ੇ ਦਾ ਲੱਕ ਨਹੀਂ ਤੋੜਿਆ , ਸਗੋਂ ਸਾਢੇ 4 ਸਾਲ 'ਚ ਤੁਹਾਡੀ ਸਰਕਾਰ ਨੇ ਨਸ਼ਿਆਂ ਦਾ ਲੱਕ ਜੋੜਿਆ ਹੈ । ਉਨ੍ਹਾਂ ਕਿਹਾ ਕਿ 2017 'ਚ ਤੁਹਾਡੀ ਸਰਕਾਰ ਬਣਨ ਤੋਂ ਬਾਅਦ ਪਹਿਲਾਂ ਨਾਲੋ ਵੀ ਕਿਤੇ ਵੱਧ ਨਸ਼ਾ ਪੰਜਾਬ 'ਚ ਹਰ ਪਿੰਡ ਤੇ ਸ਼ਹਿਰ 'ਚ ਸ਼ਰੇਆਮ ਵਿੱਕ ਰਿਹਾ ਹੈ ਤੇ ਤੁਹਾਨੂੰ ਨਸ਼ਾ ਸਮਗਲਰ ਤੇ ਪੁਲਸ ਅਧਿਕਾਰੀ ਹੀ ਤੁਹਾਡਾ ਰਾਜਨੀਤਕ ਲੋਕਾਂ ਦਾ ਹਿੱਸਾ ਘਰਾਂ 'ਚ ਪਹੁੰਚਾ ਰਹੇ ਹਨ ।ਉਨ੍ਹਾਂ ਕਿਹਾ ਕਿ ਜੋ ਕਰਤੂਤਾਂ ਪਿਛਲੀ ਬਾਦਲ ਸਰਕਾਰ ਨੇ ਕੀਤੀਆਂ ਸਨ , ਉਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਰ ਰਹੀ ਹੈ ।
ਉਨ੍ਹਾਂ ਕਿਹਾ ਕਿ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਤੇ ਹੋਰ ਲੋਕਾਂ ਨੂੰ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ , ਪਰ ਕਿਸੇ ਘਰ 'ਚ ਕੋਈ ਨੌਕਰੀ ਨਹੀਂ ਦਿੱਤੀ ਗਈ ਤੇ ਨਾ ਹੀ ਕੀਤੇ ਵਾਅਦੇ ਮੁਤਾਬਕ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਹੀ ਦਿੱਤਾ ਗਿਆ ।
ਉਨ੍ਹਾਂ ਕਿਹਾ ਕਿ ਅੱਜ ਸੂਬੇ ਦਾ ਜੇਕਰ ਕੋਈ ਵਿਧਾਇਕ ਬਣ ਜਾਂਦਾ ਹੈ ਤਾਂ ਉਸਦਾ ਭਰਾ , ਬੱਚੇ ਤੇ ਘਰ ਵਾਲੀ ਵੀ ਵਿਧਾਇਕ ਦੇ ਕੰਮ ਕਰਕੇ ਦੋਵੇਂ ਹੱਥੀਂ ਜਨਤਾ ਨੂੰ ਲੁੱਟ ਰਹੇ ਹਨ ਤੇ ਆਪਣੇ ਘਰ ਭਰਨ ਤੇ ਲੱਗੇ ਹੋਏ ਹਨ । ਉਨ੍ਹਾਂ ਸਵਾਲ ਕੀਤਾ ਕਿ ਆਖਰ ਜਿਸ ਵਿਧਾਇਕ ਕੋਲ ਪਹਿਲਾਂ ਇੱਕ ਛੋਟਾ ਜਿਹਾ ਘਰ ਹੁੰਦਾ ਸੀ , ਉਹ ਸਾਢੇ 4 ਸਾਲਾਂ 'ਚ ਕਿਵੇਂ ਕਈ ਮਹਿਲਾਂ ਵਰਗੀਆਂ ਕੋਠੀਆਂ , ਕਰੋੜਾਂ ਦੀਆਂ ਗੱਡੀਆਂ ਤੇ ਅਰਬਾਂ ਦੀ ਪ੍ਰਾਪਰਟੀ ਦਾ ਮਾਲਕ ਬਣ ਜਾਂਦਾ ਹੈ । ਉਨ੍ਹਾਂ ਕਿਸਾਨਾਂ ਮਜਦੂਰਾਂ ਨੂੰ ਜਾਗਣ ਲਈ ਪ੍ਰੇਰਨਾ ਕਰਦੇ ਹੋਏ ਕਿਹਾ ਕਿ ਜਿਹੜੇ ਵਿਧਾਇਕ ਤੁਹਾਡੀਆਂ ਵੋਟਾਂ ਨਾਲ ਜਿੱਤ ਕੇ ਤੁਹਾਡੀ ਗੱਲ ਸੁਣਨ ਨੂੰ ਤਿਆਰ ਨਹੀਂ , ਉਨ੍ਹਾਂ ਦਾ ਦੁਬਾਰਾ ਪਿੰਡਾਂ 'ਚ ਵੋਟਾਂ ਮੰਗਣ ਆਉਣ ਸਮੇਂ ਬਾਈਕਾਟ ਕਰੋ ।
ਉਨ੍ਹਾਂ ਕਿਸਾਨ ਆਗੂਆਂ ਨੂੰ ਆਪਣੀਆਂ ਮੰਗਾਂ ਬਾਰੇ 15 ਸਤੰਬਰ ਤੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਦਫਤਰਾਂ 'ਚ ਦੇਣ ਦੀ ਤਾਕੀਦ ਕਰਦੇ ਹੋਏ ਕਿਹਾ ਕਿ ਜੇਕਰ ਜਥੇਬੰਦੀ ਦੀਆਂ ਮੰਗਾਂ ਬਾਰੇ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਜਥੇਬੰਦੀ ਵੱਲੋਂ ਰੇਲਾਂ ਰੋਕ ਕੇ ਸੁੱਤੀ ਸਰਕਾਰ ਨੂੰ ਜਗਾਇਆ ਜਾਵੇਗਾ । ਉਨ੍ਹਾਂ ਸੁਲਤਾਨਪੁਰ ਲੋਧੀ 'ਚ ਹਲ਼ਕਾ ਵਿਧਾਇਕ ਦੀ ਮਿਲੀਭੁਗਤ ਨਾਲ ਕੱਟੀਆਂ ਜਾ ਰਹੀਆਂ ਨਜਾਇਜ ਕਾਲੌਨੀਆਂ ਦੇ ਮਾਮਲੇ ਦੀ ਵੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਸੁਲਤਾਨਪੁਰ ਲੋਧੀ 'ਚ ਸਰਕਾਰੀ ਖਜਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ ।
ਇਸ ਭਾਰੀ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਜਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਤੇ ਜਿਲ੍ਹਾ ਸਕੱਤਰ ਸੁੱਖਪ੍ਰੀਤ ਸਿੰਘ ਪੱਸਨ,ਹਰਪਾਲ ਸਿੰਘ ਸਿੱਧਵਾਂ ਸੂਬਾਈ ਆਗੂ, ਸੀਨੀਅਰ ਮੀਤ ਪ੍ਰਧਾਨ ਸ਼ੇਰ ਸਿੰਘ ਮਹੀਵਾਲ , ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਪੱਕੇ ਕੋਠੇ , ਮਨਜੀਤ ਸਿੰਘ ਖਿੰਡਾ ਸਕੱਤਰ , ਮਲਕੀਤ ਸਿੰਘ ਸ਼ੇਰਪੁਰ , ਮਨਜੀਤ ਸਿੰਘ ਖੀਰਾਂਵਾਲੀ , ਹਰਵਿੰਦਰ ਸਿੰਘ ਉੱਚਾ ਪ੍ਰਧਾਨ ਮੀਰੀ ਪੀਰੀ ਜੋਨ , ਹਰੀ ਸਿੰਘ ਝੰਡ ਵਾਟਾਂਵਾਲੀ , ਪਰਮਜੀਤ ਸਿੰਘ ਜੱਬੋਵਾਲ , ਦਵਿੰਦਰ ਸਿੰਘ ਪ੍ਰਧਾਨ ਡੱਲਾ , ਸਤਨਾਮ ਸਿੰਘ ਬੂਹ , ਜਗਮੋਹਨਦੀਪ ਸਿੰਘ ਨੇ ਆਪੋ ਆਪਣੇ ਵੱਖ ਵੱਖ ਸੰਬੋਧਨ 'ਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਿਸਾਨ ਮਜਦੂਰ ਤੇ ਖੇਤੀ ਵਿਰੋਧੀ ਕਾਲੇ ਕਾਨੂੰਨ ਜਦ ਤੱਕ ਰੱਦ ਨਹੀਂ ਹੋ ਜਾਂਦੇ ਤਦ ਤੱਕ ਦਿੱਲੀ ਦੀਆਂ ਸਰਹੱਦਾਂ ਤੇ ਸ਼ਾਂਤਮਈ ਅੰਦੋਲਨ ਜਿੱਥੇ ਜਾਰੀ ਰਹੇਗਾ , ਉੱਥੇ ਵਾਅਦੇ ਕਰਕੇ ਮੁੱਕਰੀਆਂ ਸੂਬਾ ਸਰਕਾਰਾਂ ਵਿਰੁੱਧ ਵੀ ਕਿਸਾਨਾਂ ਮਜਦੂਰਾਂ ਵੱਲੋਂ ਹੱਕਾਂ ਦੀ ਲੜ੍ਹਾਈ ਜਾਰੀ ਰੱਖੀ ਜਾਵੇਗੀ । ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਕੀੜੇ ਰਾਜਨੀਤਕ ਆਗੂ ਸਾਡੇ ਰੰਗਲੇ ਪੰਜਾਬ ਨੂੰ ਸਿਉੰਕ ਦੀ ਤਰ੍ਹਾਂ ਖਾ- ਖਾ ਕੇ ਖੋਖਲਾ ਕਰ ਰਹੇ ਹਨ , ਜਿਨ੍ਹਾਂ ਵੱਲੋਂ ਜਨਤਾ ਨੂੰ ਲੁੱਟ ਲੁੱਟ ਕੇ ਆਪਣੇ ਵੱਡੇ ਮਹਿਲ ਬਣਾਏ ਜਾ ਰਹੇ ਹਨ ਤੇ ਅਰਬਾਂ ਦੀਆਂ ਜਾਇਦਾਦਾਂ ਤੇ ਮਹਿੰਗੀਆਂ ਕਈ ਕਈ ਗੱਡੀਆਂ ਖਰੀਦ ਕੀਤੀਆਂ ਜਾ ਰਹੀਆਂ ਹਨ , ਜਦਕਿ ਪੰਜਾਬ ਦੇ ਲੋਕ ਦਿਨੋ ਦਿਨ ਹੋਰ ਗਰੀਬ ਹੁੰਦੇ ਜਾ ਰਹੇ ਹਨ ।
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਤੇ ਜਿਲ੍ਹਾ ਸਕੱਤਰ ਸੁੱਖਪ੍ਰੀਤ ਸਿੰਘ ਪੱਸਨ ਕਦੀਮ ਨੇ ਕਿਹਾ ਕਿ ਸਾਲ 2019-20 ਦੌਰਾਨ ਦਰਿਆ ਬਿਆਸ 'ਚ ਆਏ ਹੜ੍ਹ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦੇ ਮੁਆਵਜੇ ਦੀ ਬਕਾਇਆ ਰਾਸ਼ੀ ਤੁਰੰਤ ਯੋਗ ਕਿਸਾਨਾਂ ਨੂੰ ਦਿੱਤੀ ਜਾਵੇ ਅਤੇ ਇਹ ਵੀ ਮੰਗ ਕੀਤੀ ਸੀ ਕਿ ਫਸਲਾਂ ਦੇ ਖੁਰਾਬੇ ਦੀ ਰਕਮ ਮਿਲੀਭੁਗਤ ਕਰਕੇ ਹੜੱਪ ਕਰਨ ਵਾਲੇ ਮੁਲਾਜ਼ਮਾਂ ਤੇ ਸਫੇਦਪੋਸ਼ਾਂ ਬਾਰੇ ਉੱਚ ਪੱਧਰੀ ਜਾਂਚ ਕਿਸੇ ਰਿਟਾਇਰਡ ਜੱਜ ਕੋਲੋਂ ਕਰਵਾਈ ਜਾਵੇ ।
ਉਨ੍ਹਾਂ ਦੱਸਿਆ ਕਿ ਪਿੰਡਾਂ 'ਚ ਮਾਰਚ 2021 ਦੌਰਾਨ ਗਰੀਬਾਂ ਨੂੰ ਸਸਤੀ ਕਣਕ ਦੇਣ ਲਈ ਪਰਚੀਆਂ ਕੱਟੀਆਂ ਗਈਆਂ ਤੇ ਪੈਸੇ ਵੀ ਲੈ ਲਏ ਪਰ ਗਰੀਬਾਂ ਨੂੰ ਕਣਕ ਨਹੀਂ ਦਿੱਤੀ ਗਈ । ਉਨ੍ਹਾਂ ਮੰਗ ਕੀਤੀ ਕਿ ਗਰੀਬਾਂ ਦੀ ਬਣਦੀ ਸਸਤੀ ਕਣਕ ਤੁਰੰਤ ਸਬੰਧਿਤ ਪਰਿਵਾਰਾਂ ਨੂੰ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਜੋ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਤੇ ਕੁਝ ਡੀਪੂ ਹੋਲਡਰਾਂ ਵੱਲੋਂ ਸਫੇਦਪੋਸ਼ ਲੋਕਾਂ ਨਾਲ ਰਲ ਕੇ ਸੁਲਤਾਨਪੁਰ ਲੋਧੀ 'ਚ ਕਰੋੜਾਂ ਰੁਪਏ ਦਾ ਸਸਤੀ ਕਣਕ ਖੁਰਦ ਬੁਰਦ ਕਰਨ ਦਾ ਵੱਡਾ ਘੁਟਾਲਾ ਕੀਤਾ ਗਿਆ ਹੈ , ਉਸਦੀ ਸੀ.ਬੀ.ਆਈ. ਜਾਂਚ ਕਰਵਾਈ ਜਾਵੇ ਤੇ ਜਿਨ੍ਹਾਂ ਦੋਸ਼ੀਆਂ ਨੇ ਇਹ ਘੁਟਾਲਾ ਕੀਤਾ ਹੈ , ਉਨ੍ਹਾਂ ਦੀਆਂ ਜਾਇਦਾਦਾਂ ਫਰੀਜ ਕਰਕੇ ਘੁਟਾਲੇ ਦੀ ਭਰਪਾਈ ਕੀਤੀ ਜਾਵੇ ।
ਉਨ੍ਹਾਂ ਇਹ ਵੀ ਕਿਹਾ ਕਿ ਪਿੰਡ ਭੈਣੀ ਹੂਸੇ ਖਾਂ ਵਿਖੇ ਸਰਕਾਰੀ ਗਰਾਂਟ 'ਚ ਅਤੇ ਮਨਰੇਗਾ ਦੇ ਫੰਡਾਂ ਦੇ ਘਪਲੇ ਦੀ ਜਾਂਚ ਕਰਵਾਈ ਜਾਵੇ ਤੇ ਮਿਲੀ ਭੁਗਤ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ ।ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਸਰਕਾਰੀ ਦਫਤਰਾਂ 'ਚ ਵੱਡੀ ਪੱਧਰ ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਤੇ ਜਨਤਾ ਦੀ ਲੁੱਟ ਹੋ ਰਹੀ ਹੈ , ਉਹ ਬੰਦ ਕਰਵਾਇਆ ਜਾਵੇ ਤੇ ਜਨਤਾ ਦੇ ਸਰਕਾਰੀ ਕੰਮ ਬਿਨਾਂ ਰਿਸ਼ਵਤ ਦੇ ਕੀਤੇ ਜਾਣ।ਹੋਰ ਮੰਗਾਂ ਜਿਵੇਂ ਇਲਾਕੇ 'ਚ ਵੱਡਾ ਹਸਪਤਾਲ ਤੇ ਵੱਡਾ ਮੈਡੀਕਲ ਕਾਲਜ ਖੋਹਲਿਆ ਜਾਵੇ , ਉੱਚ ਸਿੱਖਿਆ ਲਈ ਵੱਡਾ ਸਰਕਾਰੀ ਕਾਲਜ ਖੋਹਲਿਆ ਜਾਵੇ , 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਤੇ ਜਿਹੜਾ ਮੈਡੀਕਲ ਕਾਲਜ ਤੇ ਯੂਨੀਵਰਸਿਟੀ ਦਾ ਸੁਲਤਾਨਪੁਰ ਲੋਧੀ 'ਚ ਖੋਹਲਣ ਦਾ ਸਰਕਾਰ ਨੇ ਐਲਾਨ ਕੀਤਾ ਸੀ , ਉਹ ਕਿੱਥੇ ਖੁੱਲ ਰਹੀ ਦੱਸਿਆ ਜਾਵੇ । 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਲਈ ਜਿਹੜੇ ਅਰਬਾਂ ਰੁਪਏ ਆਏ ਸਨ , ਉਹ ਕਿੱਥੇ ਕਿੱਥੇ ਖਰਚੇ ਬੋਰਡਾਂ ਤੇ ਲਿਖ ਕੇ ਜਨਤਕ ਕੀਤਾ ਜਾਵੇ ।
ਇਸ ਸਮੇਂ ਮੁਜ਼ਾਹਰੇ ਵਿਚ ਸ਼ਾਮਲ ਹੋਏ ਜਿਲ੍ਹੇ ਦੇ ਕਿਸਾਨ ਆਗੂਆਂ 'ਚ ਹਾਕਮ ਸਿੰਘ ਸ਼ਾਹਜਹਾਨਪੁਰ, ਤਰਸੇਮ ਸਿੰਘ ਵਿੱਕੀ ਜੈਨਪੁਰ, ਦਿਲਪ੍ਰੀਤ ਸਿੰਘ ਟੋਡਰਵਾਲ ਜ਼ਿਲ੍ਹਾ ਉਪ ਸਕੱਤਰ, ਹਰਨੇਕ ਸਿੰਘ ਜ਼ੋਨ ਪ੍ਰਧਾਨ ,ਸੁਖਪ੍ਰੀਤ ਸਿੰਘ ਰਾਮੇ ,ਮਨਜੀਤ ਸਿੰਘ ਖੀਰਾਂਵਾਲੀ , ਨਿਸ਼ਾਨ ਸਿੰਘ,ਹਾਕਮ ਸਿੰਘ ਸ਼ਾਹਜਹਾਨਪੁਰ, ਪੁਸ਼ਪਿੰਦਰ ਸਿੰਘ ਮੋਮੀ ਸਹਾਇਕ ਸਕੱਤਰ , ਦਿਲਪ੍ਰੀਤ ਸਿੰਘ ਟੋਡਰਵਾਲ ਜ਼ਿਲ੍ਹਾ ਉਪ ਸਕੱਤਰ, ਹਰਨੇਕ ਸਿੰਘ ਜ਼ੋਨ ਪ੍ਰਧਾਨ ,ਸੁਖਪ੍ਰੀਤ ਸਿੰਘ ਰਾਮੇ ,ਨਿਸ਼ਾਨ ਸਿੰਘ , ਹਾਕਮ ਸਿੰਘ ਸ਼ਾਹਜਹਾਨਪੁਰ , ਦਿਲਪ੍ਰੀਤ ਸਿੰਘ ਟੋਡਰਵਾਲ, ਹਰਨੇਕ ਸਿੰਘ ਜੈਨਪੁਰ ,ਸਲਵਿੰਦਰ ਸਿੰਘ ਕਾਲੇਵਾਲ, ਬਲਦੇਵ ਸਿੰਘ , ਹਰਜਿੰਦਰ ਸਿੰਘ ਕੋਲੀਆਂਵਾਲ, ਅਮਰ ਸਿੰਘ , ਹਰਦੀਪ ਸਿੰਘ ਬਾਊਪੁਰ , ਡਾ. ਸੁਖਦੇਵ ਸਿੰਘ ਗਿੱਲਾਂ , ਅਵਤਾਰ ਸਿੰਘ ਗਿੱਲਾਂ , ਭਜਨ ਸਿੰਘ ਫੌਜੀ ਕਾਲੌਨੀ , ਮਲਕੀਤ ਸਿੰਘ ਸੈਕਟਰੀ , ਹਰਦੀਪ ਸਿੰਘ ਬਾਊਪੁਰ , ਸਤਨਾਮ ਸਿੰਘ ਝੱਲ ਲੇਈ ਵਾਲਾ, ਪਿਆਰਾ ਸਿੰਘ ਵਾਟਾਂਵਾਲੀ , ਸਤਨਾਮ ਸਿੰਘ ਵਾਟਾਂਵਾਲੀ , ਹਰਪਾਲ ਸਿੰਘ ਸਿੱਧਵਾਂ , ਹਰਸਿਮਰਨਜੀਤ ਸਿੰਘ ਆਦਿ ਨੇ ਸ਼ਿਰਕਤ ਕੀਤੀ ।
ਡੱਬੀ :- ਭਾਰੀ ਗਿਣਤੀ 'ਚ ਪੁਲਸ ਫੋਰਸ ਵੱਲੋਂ ਕਿਸਾਨਾਂ ਨੂੰ ਚੀਮਾ ਦੀ ਕੋਠੀ ਵੱਲ ਜਾਣ ਤੋਂ ਰੋਕਿਆ
ਸੁਲਤਾਨਪੁਰ ਲੋਧੀ - ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਡੀ ਗਿਣਤੀ 'ਚ ਕਿਸਾਨਾਂ -ਮਜਦੂਰਾਂ ਨੂੰ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਪੂਡਾ ਕਾਲੌਨੀ 'ਚ ਬਣਾਈ ਨਵੀਂ ਕੋਠੀ ਵਿਚ ਧਰਨਾ ਦੇਣ ਤੋਂ ਰੋਕਣ ਲਈ ਜਿਲ੍ਹਾ ਕਪੂਰਥਲਾ ਦੇ ਵੱਖ ਵੱਖ ਥਾਣਿਆਂ ਦੀ ਪੁਲਸ ਸੁਲਤਾਨਪੁਰ ਲੋਧੀ ਪੁੱਜੀ ਹੋਈ ਸੀ । ਇਸ ਸਮੇਂ ਐਸ.ਪੀ. ਹੈੱਡ ਕੁਆਟਰ ਕਪੂਰਥਲਾ ਸ੍ਰੀ ਜਸਵੀਰ ਸਿੰਘ , ਡੀ.ਐਸ.ਪੀ. ਸੁਲਤਾਨਪੁਰ ਲੋਧੀ ਸਰਵਣ ਸਿੰਘ ਬੱਲ , ਡੀ.ਐਸ.ਪੀ. ਕਪੂਰਥਲਾ ਮੱਖਣ ਸਿੰਘ ਤੇ ਐਸ.ਐਚ.ਓ. ਸੁਲਤਾਨਪੁਰ ਲੋਧੀ ਹਰਜੀਤ ਸਿੰਘ ਦੀ ਦੇਖ ਰੇਖ 'ਚ ਭਾਰੀ ਗਿਣਤੀ 'ਚ ਪੁੱਜੀ ਪੁਲਸ ਪਾਰਟੀ ਨੇ ਲੋਹੇ ਦੇ ਬੈਰੀਅਰ ਰੱਸਿਆਂ ਨਾਲ ਬੰਨ੍ਹ ਕੇ ਪੂਡਾ ਕਾਲੌਨੀ ਦੀ ਮੇਨ ਸ਼ੜਕ ਨੂੰ ਚੀਮਾ ਸਾਹਿਬ ਦੀ ਕੋਠੀ ਤੋਂ 100 ਮੀਟਰ ਦੂਰ ਬੰਦ ਕਰ ਦਿੱਤਾ ਤੇ ਕਿਸਾਨਾਂ ਮਜਦੂਰਾਂ ਨੂੰ ਇਸ ਬੈਰੀਅਰ ਤੋਂ ਅੱਗੇ ਜਾਣ ਤੋਂ ਰੋਕਣ ਲਈ ਡਾਗਾਂ ਨਾਲ ਲੈੱਸ ਪੁਲਸ ਤਾਇਨਾਤ ਕਰ ਦਿੱਤੀ ਗਈ । ਪਰ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਕਦੇ ਧੱਕੇਸ਼ਾਹੀ ਨਹੀਂ ਕੀਤੀ ਤੇ ਨਾ ਹੀ ਇਸਤੋਂ ਅੱਗੇ ਜਾਵਾਂਗੇ ।ਬੈਰੀਅਰ ਲਗਾ ਕੇ ਰਸਤਾ ਬੰਦ ਕਰਨ ਕਾਰਨ ਕਿਸਾਨਾਂ ਮਜਦੂਰਾਂ 'ਚ ਹੋਰ ਵੀ ਰੋਸ ਭਰ ਗਿਆ ਤੇ ਜਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਨੇ ਕਿਹਾ ਕਿ ਇਹ ਪੁਲਸ ਸਿਰਫ 4-5 ਹੋਰ ਮਹੀਨੇ ਹੀ ਜਥੇਬੰਦੀ ਦੇ ਕਿਸਾਨਾਂ ਨੂੰ ਰੋਕਣ ਆਵੇਗੀ ਪਰ ਜਦ ਚੋਣਾਂ ਆ ਗਈਆਂ ਤਾਂ ਤੁਸੀਂ ਇਹਨਾਂ ਕਿਸਾਨਾਂ ਮਜਦੂਰਾਂ ਕੋਲ ਕਿਵੇਂ ਜਾਵੋਗੇ ।