ਸੁਲਤਾਨਪੁਰ ਲੋਧੀ ਤੋਂ ਗੋਇੰਦਵਾਲ ਸਾਹਿਬ ਮਹਾਨ ਪੈਦਲ ਨਗਰ ਕੀਰਤਨ ਸ਼ਰਧਾ ਨਾਲ ਸਜਾਇਆ
ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੋਤੀ ਜੋਤਿ ਸਲਾਨਾ ਜੋੜ ਮੇਲੇ ਨੂੰ ਸਮਰਪਿਤ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 20 ਸਤੰਬਰ 2021- ਸ੍ਰੀ ਗੁਰੂ ਅਮਰਦਾਸ ਜੀ ਪੈਦਲ ਸ਼ਬਦ ਚੌਕੀ ਸਭਾ ਵੱਲੋਂ ਨਿਰਵੈਰ ਖਾਲਸਾ ਸੇਵਾ ਸੋਸਾਇਟੀ (ਜੋੜਾ ਘਰ) ਗੁ. ਬੇਰ ਸਾਹਿਬ ਜੀ ਤੇ ਗੁਰੂ ਨਾਨਕ ਸੇਵਕ ਜਥਾ ਸੁਲਤਾਨਪੁਰ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੋਤੀ ਜੋਤਿ ਸਲਾਨਾ ਜੋੜ ਮੇਲੇ ਨੂੰ ਸਮਰਪਿਤ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਸ਼ਹਿਰ ਤੋਂ ਸ੍ਰੀ ਗੋਇੰਦਵਾਲ ਸਾਹਿਬ ਤੱਕ ਮਹਾਨ ਪੈਦਲ ਸ਼ਬਦ ਚੌਕੀ ਨਗਰ ਕੀਰਤਨ ਬੜੀ ਸ਼ਰਧਾ ਨਾਲ ਸਜਾਇਆ ਗਿਆ ।
ਇਹ ਨਗਰ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ 'ਚ ਇਤਿਹਾਸਕ ਗੁਰਦੁਆਰਾ ਸ੍ਰੀ ਅੰਤਰ ਯਾਮਤਾ ਸਾਹਿਬ ਸੁਲਤਾਨਪੁਰ ਲੋਧੀ ਤੋਂ ਅੱਜ ਸ਼ਾਮ ਨੂੰ ਆਰੰਭ ਹੋਇਆ । ਜਿਸ ਵਿਚ ਫੁੱਲਾਂ ਨਾਲ ਸਜਾਏ ਟਰੈਕਟਰ ਤੇ ਟਰਾਲੀ 'ਚ ਸ਼ਸ਼ੋਬਿਤ ਵੱਖ ਵੱਖ ਕਿਸਮਾਂ ਦੇ ਫੁੱਲਾਂ ਨਾਲ ਸਜਾਈ ਪਾਲਕੀ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ । ਨਗਰ ਕੀਰਤਨ ਦੇ ਮੋਹਰੇ ਪੰਜ ਨਿਸ਼ਾਨਚੀ ਸਾਹਿਬਾਨ ਤੇ ਪੰਜ ਪਿਆਰੇ ਸਾਹਿਬਾਨ ਨੇ ਅਗਵਾਈ ਕੀਤੀ । ਇਸ ਸਮੇਂ ਗੁਰਦੁਆਰਾ ਅੰਤਰ ਯਾਮਤਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਦਿਲਬਾਗ ਸਿੰਘ ਨੇ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਕੀਤੀ ਤੇ ਭਾਈ ਲਖਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬੇਬੇ ਨਾਨਕੀ ਜੀ ਪੁਰਾਤਨ ਘਰ ਗੁਰੂ ਸਾਹਿਬ ਦੀ ਤਾਬਿਆ ਤੇ ਬਿਰਾਜਮਾਨ ਹੋਏ ਅਤੇ ਸੰਗਤਾਂ ਨੂੰ ਨਾਮ ਸਿਮਰਨ ਤੇ ਗੁਰਬਾਣੀ ਦੇ ਸ਼ਬਦ ਸਰਵਣ ਕਰਵਾਏ ।
ਨਗਰ ਕੀਰਤਨ ਦੀ ਆਰੰਭਤਾ ਸਮੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ ਜਰਨੈਲ ਸਿੰਘ ਡੋਗਰਾਂਵਾਲ , ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਬੀਬੀ ਭਜਨ ਕੌਰ ,ਜਥੇ ਲਖਵਿੰਦਰ ਸਿੰਘ ਡੋਗਰਾਂਵਾਲ, ਸੁਖਵੰਤ ਸਿੰਘ , ਗੁਰਜੀਤ ਸਿੰਘ ਦੁਰਗਾਪੁਰ , ਨੰਬਰਦਾਰ ਸੁਰਿੰਦਰਪਾਲ ਸਿੰਘ ਸੋਢੀ , ਗੁਰੂ ਨਾਨਕ ਸੇਵਕ ਜਥੇ ਦੇ ਪ੍ਰਧਾਨ ਡਾ. ਨਿਰਵੈਲ ਸਿੰਘ ਧਾਲੀਵਾਲ , ਨਿਰਵੈਰ ਖਾਲਸਾ ਸੇਵਾ ਸੋਸਾਇਟੀ ਦੇ ਪ੍ਰਧਾਨ ਜਥੇ ਹਰਜਿੰਦਰ ਸਿੰਘ ਖਾਲਸਾ, ਭਾਈ ਬਲਵਿੰਦਰ ਸਿੰਘ ਰੱਬ ਜੀ , ਭਾਈ ਭਜਨ ਸਿੰਘ ਤੇ ਹੋਰਨਾਂ ਸ਼ਿਰਕਤ ਕੀਤੀ , ਜਿਨ੍ਹਾਂ ਦਾ ਸ੍ਰੀ ਗੁਰੂ ਅਮਰਦਾਸ ਜੀ ਪੈਦਲ ਸ਼ਬਦ ਚੌਕੀ ਸਭਾ ਵੱਲੋਂ ਪ੍ਰਧਾਨ ਜਥੇ ਗੁਰਬਚਨ ਸਿੰਘ ਨਿਹੰਗ ਸਿੰਘ ਤੇ ਭਾਈ ਦਿਲਬਾਗ ਸਿੰਘ ਹੈੱਡ ਗ੍ਰੰਥੀ ਨੇ ਸਿਰੋਪਾਓ ਦੇ ਕੇ ਸਨਮਾਨ ਕੀਤਾ ।
ਇਸ ਉਪਰੰਤ ਬੜੀ ਸ਼ਰਧਾ ਭਾਵ ਨਾਲ ਇਹ ਮਹਾਨ ਨਗਰ ਕੀਰਤਨ ਸ਼ਹਿਰ ਅੰਦਰ ਥਾਣਾ ਸੁਲਤਾਨਪੁਰ ਲੋਧੀ ਚੌਕ , ਸਦਰ ਬਜਾਰ , ਚੌਕ ਚੇਲਿਆਂ ਵਾਲਾ , ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਚੌਕ , ਆਰੀਆ ਸਮਾਜ ਚੌਕ , ਤਲਵੰਡੀ ਪੁਲ ਚੌਕ ਤੋਂ ਹੁੰਦੇ ਹੋਏ ਸੁਲਤਾਨਪੁਰ ਲੋਧੀ ਸ਼ਹਿਰ ਤੋਂ ਬਾਹਰ ਤਲਵੰਡੀ ਰੋਡ ਰਾਹੀਂ ਮੁਹੱਲਾ ਗੁਰੂ ਨਾਨਕ ਨਗਰ , ਪਿੰਡ ਅਲਾਦਾਦ ਚੱਕ , ਪਿੰਡ ਸਰਾਏ ਜੱਟਾਂ , ਮੇਵਾ ਸਿੰਘ ਵਾਲਾ , ਪਿੰਡ ਤਲਵੰਡੀ ਚੌਧਰੀਆਂ , ਮੰਗੂਪੁਰ , ਸੂਜੋਕਾਲੀਆ , ਮੁੰਡੀ ਮੋੜ ਤੋਂ ਹੁੰਦੇ ਹੋਏ ਸ੍ਰੀ ਗੋਇੰਦਵਾਲ ਸਾਹਿਬ ਲਈ ਰਵਾਨਾ ਹੋਇਆ , ਜੋ ਕਿ ਦੇਰ ਰਾਤ ਸ੍ਰੀ ਗੋਇੰਦਵਾਲ ਸਾਹਿਬ ਦੇ ਮੁੱਖ ਗੁਰਦੁਆਰਾ ਸਾਹਿਬ ਵਿਖੇ ਪੁੱਜ ਕੇ ਸੰਪੰਨ ਹੋਵੇਗਾ ।
ਨਗਰ ਕੀਰਤਨ ਦਾ ਸੁਲਤਾਨਪੁਰ ਲੋਧੀ ਦੇ ਵੱਖ ਵੱਖ ਬਜਾਰਾਂ ਤੇ ਪਿੰਡਾਂ ਦੇ ਮੁਹਰੇ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ । ਇਸ ਸਮੇਂ ਮੀਰੀ ਪੀਰੀ ਗੱਤਕਾ ਅਖਾੜਾ ਦੇ ਨੌਜਵਾਨਾਂ ਗੱਤਕੇ ਦੇ ਜੌਹਰ ਦਿਖਾਏ । ਵੱਡੀ ਗਿਣਤੀ 'ਚ ਸ਼ਰਧਾਲੂ ਬੀਬੀਆਂ ਪਾਲਕੀ ਸਾਹਿਬ ਦੇ ਪਿੱਛੇ ਪਿੱਛੇ ਚਲਦੇ ਹੋਏ ਸ਼ਬਦ ਗਾਇਨ ਕੀਤੇ । ਗੁਰੂ ਨਾਨਕ ਨਗਰ ਕਾਲੌਨੀ ਦੇ ਵਾਸੀਆਂ ਵੱਲੋਂ ਮਿਲ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਤੇ ਰਸਤੇ 'ਚ ਹੋਰ ਸ਼ਰਧਾਲੂਆਂ ਵੱਲੋਂ ਫਰੂਟ ਵੰਡਿਆ ਗਿਆ ।
"ਨਿਰਵੈਰ ਖਾਲਸਾ ਸੇਵਾ ਸੋਸਾਇਟੀ ਨੇ ਕੀਤੀ ਫੁੱਲਾਂ ਦੀ ਸੇਵਾ"
ਇਸ ਸਮੇਂ ਆਰੰਭ ਤੋਂ ਲੈ ਕੇ ਸਮਾਪਤੀ ਤੱਕ ਨਿਰਵੈਰ ਖਾਲਸਾ ਸੇਵਾ ਸੋਸਾਇਟੀ ਵੱਲੋਂ ਨਗਰ ਕੀਰਤਨ ਦੇ ਅੱਗੇ ਅੱਗੇ ਜਲ ਦਾ ਛਿੜਕਾਅ ਕੀਤਾ ਗਿਆ ਤੇ ਫੁੱਲਾਂ ਦੀ ਸੇਵਾ ਨਿਭਾਈ ਗਈ । ਜਿਸ ਵਿਚ ਜਥੇ ਹਰਜਿੰਦਰ ਸਿੰਘ ਖਾਲਸਾ ਪ੍ਰਧਾਨ , ਗੁਰਪ੍ਰੀਤ ਸਿੰਘ ਖਜਾਨਚੀ , ਸੁਖਦੇਵ ਸਿੰਘ , ਗੁਰਪ੍ਰੀਤ ਸਿੰਘ ਲਾਲੀ , ਬਲਵਿੰਦਰ ਸਿੰਘ ਲਾਡੀ , ਹਰਿੰਦਰ ਸਿੰਘ ਤੇ ਹੋਰ ਸੇਵਾਦਾਰਾਂ ਸੇਵਾ ਨਿਭਾਈ ।
ਇਸ ਸਮੇਂ ਭਾਈ ਸਰਬਜੀਤ ਸਿੰਘ ਬੱਬੂ ਦਾ ਕੀਰਤਨੀ ਜਥਾ , ਸੁਖਵਿੰਦਰ ਸਿੰਘ ਸਰਦੁੱਲਾਪੁਰ , ਸੁਬੇਗ ਸਿੰਘ ਰਾਗੀ ਤੇ ਹੋਰਨਾਂ ਸ਼ਿਰਕਤ ਕੀਤੀ । ਸੁਲਤਾਨਪੁਰ ਲੋਧੀ ਪੁਲਸ ਵੱਲੋਂ ਸਰੁੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ।