ਪਰਾਲੀ ਪ੍ਰਬੰਧਨ ਸਬੰਧੀ ਮਹਿਤਾਬਪੁਰ ’ਚ ਬਲਾਕ ਪੱਧਰੀ ਜਾਗਰੂਕਤਾ ਕੈਂਪ ਦਾ ਆਯੋਜਨ
ਹੁਸ਼ਿਆਰਪੁਰ, ਬਾਬੂਸ਼ਾਹੀ ਨੈੱਟਵਰਕ, 22 ਸਤੰਬਰ 2021-ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਕ੍ਰਿਸ਼ੀ ਅਤੇ ਕਿਸਾਨ ਭਲਾਈ ਵਿਭਾਗ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਪਰਾਲੀ ਪ੍ਰਬੰਧਨ ਲਈ ਅਪਨਾਏ ਗਏ ਪਿੰਡ ਮਹਿਤਾਬਪੁਰ ਵਿਚ ਪਰਾਲੀ ਪ੍ਰਬੰਧਨ ਸਬੰਧੀ ਬਲਾਕ ਪੱਧਰੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।
ਕੇਂਦਰ ਦੇ ਡਿਪਟੀ ਡਾਇਰੈਕਟਰ (ਟਰੇਨਿੰਗ) ਡਾ. ਮਨਿੰਦਰ ਸਿੰਘ ਬੌਂਸ ਨੇ ਇਸ ਦੌਰਾਨ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਅਤੇ ਉਪਲਬੱਧ ਮਸ਼ੀਨਰੀ ਤੇ ਤਕਨੀਕ ਰਾਹੀਂ ਇਸ ਦਾ ਯੋਗ ਪ੍ਰਬੰਧ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਮੁਹਿੰਮ ਰੂਪ ਵਿਚ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਕੈਂਪਾਂ, ਸਿਖਲਾਈ ਪ੍ਰੋਗਰਾਮਾਂ, ਪ੍ਰਦਰਸ਼ਨੀਆਂ, ਦੀਵਾਰ ਪੇਟਿੰਗਾਂ, ਹੋਰਡਿੰਗਜ਼ ਅਤੇ ਖੇਤੀ ਸਾਹਿਤ ਰਾਹੀਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਡਾ. ਬੌਂਸ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਸਮੂਹਿਕ ਰੂਪ ਵਿਚ ਇਸ ਮੁਹਿੰਮ ਨੂੰ ਸਫ਼ਲ ਕਰਨ ਲਈ ਪ੍ਰੇਰਿਤ ਕੀਤਾ।
ਗੜ੍ਹਸ਼ੰਕਰ ਬਲਾਕ ਦੇ ਖੇਤੀਬਾੜੀ ਅਫ਼ਸਰ ਡਾ. ਸੁਭਾਸ਼ ਚੰਦਰ ਨੇ ਵਿਭਾਗ ਦੀਆਂ ਕਿਸਾਨ ਭਲਾਈ ਯੋਜਨਾਵਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਬਲਾਕ ਵਿਚ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ ਬੈਂਕਾਂ ਦਾ ਗਠਨ ਕੀਤਾ ਗਿਆ ਹੈ ਅਤੇ ਕਿਸਾਨ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ ਦਾ ਪ੍ਰਯੋਗ ਸਾਂਝੇ ਤੌਰ ’ਤੇ ਕਰਨ ਤਾਂ ਜੋ ਇਸ ਦਾ ਪੂਰਾ ਫਾਇਦਾ ਲਿਆ ਜਾ ਸਕੇ। ਡਾ. ਸੁਭਾਸ਼ ਨੇ ਇਹ ਵੀ ਦੱਸਿਆ ਕਿ ਵਿਭਾਗ ਵਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਮਸ਼ੀਨਰੀ ਸਬਸਿਡੀ ਤੇ ਉਪਲਬੱਧ ਵੀ ਕਰਵਾਈ ਜਾ ਰਹੀ ਹੈ।
ਇਸ ਮੌਕੇ ਵੱਖ-ਵੱਖ ਮਾਹਿਰਾਂ ਡਾ. ਕੰਵਰਪਾਲ ਸਿੰਘ ਢਿੱਲੋਂ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ), ਡਾ. ਗੁਰਿੰਦਰ ਸਿੰਘ, ਖੇਤੀ ਵਿਕਾਸ ਅਫ਼ਸਰ ਗੜ੍ਹਸ਼ੰਕਰ ਡਾ. ਕੁਲਵਿੰਦਰ ਕੌਰ, ਬਲਾਕ ਤਕਨੀਕੀ ਮੈਨੇਜਰ ਆਤਮਾ ਕੁਲਵਿੰਦਰ ਸਿੰਘ ਸਾਹਨੀ ਵਲੋਂ ਪਰਾਲੀ ਦੀ ਪਸ਼ੂ ਖੁਰਾਕ ਤੌਰ ’ਤੇ ਪ੍ਰਯੋਗ, ਦੁਧਾਰੂ ਪਸ਼ੂਆਂ ਦੀ ਸੰਭਾਲ, ਮਿੱਟੀ ਨਿਰੀਖਣ, ਖੇਤੀ ਮਸ਼ੀਨਰੀ ਰਾਹੀਂ ਝੋਨੇ ਦੀ ਪਰਾਲੀ ਅਤੇ ਆਤਮਾ ਸਕੀਮ ਤਹਿਤ ਵਿਭਾਗੀ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਤਕਨੀਕੀ ਜਾਣਕਾਰੀ ਸਾਂਝੀ ਕੀਤੀ।
ਬਲਾਕ ਗੜ੍ਹਸ਼ੰਕਰ ਦੇ ਵੱਖ-ਵੱਖ ਪਿੰਡਾਂ ਮਹਿਤਾਬਪੁਰ, ਗੋਗੋ, ਬੋੜਾ, ਥਾਣਾ, ਮੌਜੇਪੁਰ, ਕੁਕੜ ਮਜ਼ਾਰਾ, ਰੋਡਮਜ਼ਾਰਾ, ਸਿੰਬਲੀ, ਚੱਕ ਗੁਰੂ, ਧਮਾਈ ਆਦਿ ਤੋਂ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਇਸ ਕੈਂਪ ਵਿਚ ਸ਼ਮੂਲੀਅਤ ਕੀਤੀ ਅਤੇ ਮਾਹਿਰਾਂ ਨਾਲ ਆਪਣੇ ਸ਼ੰਕਿਆਂ ਬਾਰੇ ਚਰਚਾ ਕੀਤੀ।