ਰੂਪਨਗਰ ਵਿੱਚ ਮਾਈਗਰੇਟਰੀ ਪਲਸ ਪੋਲਿਓ ਮੁਹਿੰਮ ਦੀ ਸ਼ੁਰੂਆਤ
ਹਰੀਸ਼ ਕਾਲੜਾ
ਰੂਪਨਗਰ,26 ਸਤੰਬਰ 2021:ਅੱਜ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾ ਹੇਠ ਚੱਲ ਰਹੀ ਮਾਈਗਰੇਟਰੀ ਪਲਸ ਪੋਲਿਓ ਮੁਹਿੰਮ ਅਧੀਨ ਪਹਿਲੇ ਦਿਨ ਜਿਲ੍ਹੇ ਦੇ ਸਲੱਮ ਏਰੀਏ ਵਿੱਚ ਘਰ-ਘਰ ਜਾ ਕੇ ਪੋਲੀਓ ਦੀਆਂ 63 ਟੀਮਾਂ ਵੱਲੋ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲਿਓ ਰੋਕੋ ਬੂੰਦਾ ਪਿਲਾਈਆਂ ਗਈਆਂ।
ਪਲਸ ਪੋਲੀਓ ਮੁਹਿੰਮ ਦੀ ਰਸਮੀ ਸ਼ੁਰੂਆਤ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਵੱਲੋਂ ਬੀ.ਐਸ.ਸੀ. ਕੰਪਨੀ ਭਰਤਗੜ੍ਹ ਅਤੇ ਸੀ.ਐਸ.ਸੀ. ਨੂਰਪੁਰ ਬੇਦੀ ਦਾ ਮਾਈਗ੍ਰੇਟਰੀ ਏਰੀਆਂ ਵਿੱਚ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਕੇ ਉਦਘਾਟਨ ਕੀਤਾ ਗਿਆ। ਪਲਸ ਪੋਲੀਓ ਟੀਮਾਂ ਵੱਲੋਂ ਭੱਠਿਆਂ, ਸਲੱਮ ਏਰੀਏ, ਝੁੱਗੀ-ਝੋਪੜੀਆਂ, ਗੁੱਜਰਾ ਦੇ ਡੇਰੇ, ਨਿਰਮਾਣ ਅਧੀਨ ਇਮਾਰਤਾਂ ਵਿੱਚ ਜਾ ਕੇ 0 ਤੋ 5 ਸਾਲ ਦੇ ਬੱਚਿਆਂ ਨੂੰ ਪੋਲਿਓ ਰੋਧਕ ਬੂੰਦਾਂ ਪਿਲਾਈਆਂ ਗਈਆਂ। ਸਿਵਲ ਸਰਜਨ ਵੱਲੋ ਸਲੱਮ ਏਰੀਆ, ਝੁੱਗੀਆਂ-ਝੌਪੜੀਆਂ ਵਿੱਚ ਜਾ ਕੇ ਬੱਚਿਆਂ ਨੂੰ ਅਤੇ ਪੋਲਿਓ ਟੀਮਾਂ ਨੂੰ ਚੈੱਕ ਕੀਤਾ ਗਿਆ। ਇਸ ਤੋਂ ਇਲਾਵਾ ਡਾ. ਬਲਦੇਵ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ, ਰੂਪਨਗਰ ਵੱਲੋਂ ਸੀ.ਐਚ.ਸੀ. ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡੇ ਦਾ ਮਾਈਗ੍ਰੇਟਰੀ ਪਲਸ ਪੋਲਿਓ ਦੌਰਾਨ ਬੱਚਿਆਂ ਤੇ ਟੀਮਾਂ ਨੂੰ ਚੈੱਕ ਕੀਤਾ ਗਿਆ।
ਸਿਵਲ ਸਰਜਨ ਨੇ ਦੱਸਿਆ ਕਿ ਬਲਾਕ ਭਰਤਗੜ੍ਹ ਵਿੱਚ 637 ਬੱਚਿਆਂ ਨੂੰ, ਬਲਾਕ ਨੂਰਪੁਰਬੇਦੀ ਵਿੱਚ 503 ਬੱਚਿਆਂ ਨੂੰ, ਬਲਾਕ ਚਮਕੌਰ ਸਾਹਿਬ ਵਿੱਚ 668 ਬੱਚਿਆਂ ਨੂੰ, ਬਲਾਕ ਕੀਰਤਪੁਰ ਸਾਹਿਬ ਵਿੱਚ 731 ਬੱਚਿਆਂ ਨੂੰ, ਮੋਰਿੰਡਾ ਵਿੱਚ 202 ਬੱਚਿਆਂ ਨੂੰ, ਸ਼੍ਰੀ ਅਨੰਦਪੁਰ ਸਾਹਿਬ ਵਿੱਚ 363 ਬੱਚਿਆਂ ਨੂੰ, ਰੂਪਨਗਰ ਵਿੱਚ 689 ਬੱਚਿਆਂ ਨੂੰ, ਸੀ.ਡੀ. ਰਾਜ ਨਗਰ ਨੰਗਲ ਵਿੱਚ 146 ਬੱਚਿਆਂ ਨੂੰ ਤੇ ਬੀ.ਬੀ.ਐਮ.ਬੀ. ਨੰਗਲ ਵਿੱਚ 69 ਬੱਚਿਆਂ ਨੂੰ ਪਲਸ ਪੋਲਿਓ ਦੀਆਂ ਬੂੰਦਾਂ ਪਿਲਾਈਆਂ ਗਈਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਸੇਵਾਵਾਂ ਦੀ ਹਾਂ ਪੱਖੀ ਮੁਹਿੰਮ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਅਤੇ ਆਪਣੇ 0 ਤੋ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਰੋਧਕ ਬੂੰਦਾ ਜ਼ਰੂਰ ਪਲਾਉਣ। ਜਿਲ੍ਹਾ ਟੀਕਾਕਰਣ ਅਫਸਰ ਡਾ. ਹਰਪ੍ਰੀਤ ਕੌਰ ਵੱਲੋਂ ਦੱਸਿਆ ਕਿ ਮਾਇਗ੍ਰੇਟਰੀ ਪਲਸ ਪੋਲਿਓ ਮੁਹਿੰਮ ਦੌਰਾਨ 6657 ਬੱਚਿਆਂ ਨੂੰ 63 ਟੀਮਾਂ ਵੱਲੋ ਕਵਰ ਕੀਤਾ ਜਾਵੇਗਾ। ਇਸ ਮੁਹਿੰਮ ਦੇ ਪਹਿਲੇ ਦਿਨ ਜਿਲ੍ਹੇ ਦੇ ਕੁੱਲ 4008 ਬੱਚਿਆਂ ਨੂੰ ਪਲਸ ਪੋਲਿਓ ਬੂੰਦਾਂ ਪਿਲਾਈਆਂ ਗਈਆਂ ਜੋ ਕਿ ਮਿੱਥੇ ਟੀਚੇ ਦੇ ਤਕਰੀਬਨ 60.2 ਪ੍ਰਤੀਸ਼ਤ ਹਨ ਅਤੇ ਪੋਲਿਓ ਰੋਧਕ ਬੂੰਦਾਂ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਮਿਤੀ 27-09-2021 ਅਤੇ 28-09-2021 ਨੂੰ ਵੀ ਟੀਮਾਂ ਵੱਲੋਂ ਘਰ-ਘਰ ਜਾ ਕੇ ਪੋਲਿਓ ਬੂੰਦਾਂ ਪਿਲਾਈਆਂ ਜਾਣਗੀਆਂ ।
ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਈ ਸੀ.ਐਚ.ਸੀ. ਭਰਤਗੜ੍ਹ, ਡਾ. ਵਿਧਾਨ ਚੰਦਰ ਸੀ.ਐਚ.ਸੀ.ਨੂਰਪੁਰ ਬੇਦੀ ਡਾ. ਗੁਰਪ੍ਰੀਤ ਕੌਰ ਬੱਚਿਆਂ ਦੇ ਮਾਹਿਰ, ਸ਼੍ਰੀ ਗੁਰਦੀਪ ਸਿੰਘ ਡਿਪਟੀ ਐਮ.ਈ.ਆਈ.ਓ., ਪੀ.ਏ. ਸ੍ਰੀ ਹਰਜਿੰਦਰ ਸਿੰਘ, ਸ੍ਰੀ ਪ੍ਰਦੀਪ ਕੁਮਾਰ ਈ.ਪੀ.ਆਈ. ਅਸਿਸਟੈਂਟ ਅਤੇ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।