ਸਰਕਾਰਾਂ ਦੀਆਂ ਕਿਸਾਨ-ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਦੇਸ਼ ਆਰਥਿਕ ਪੱਖੋਂ ਤਬਾਹ ਹੋ ਰਿਹਾ: ਕਿਸਾਨ ਆਗੂ
ਦਲਜੀਤ ਕੌਰ ਭਵਾਨੀਗੜ੍ਹ, ਬਾਬੂਸ਼ਾਹੀ ਨੈੱਟਵਰਕ
ਭਵਾਨੀਗੜ੍ਹ, 12 ਅਕਤੂਬਰ, 2021: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਬਲਾਕ ਭਵਾਨੀਗੜ੍ਹ ਦੇ ਟੋਲ ਪਲਾਜ਼ਾ ਕਾਲਾਝਾੜ ਅਤੇ ਰਲਾਇੰਸ ਪੰਪ ਬਾਲਦ ਕਲਾਂ ਵਿਖੇ ਕੇਦਰ ਸਰਕਾਰ ਦੇ ਕਾਲੇ ਕਨੂੰਨਾਂ ਖਿਲਾਫ਼ ਚੱਲ ਰਹੇ ਮੋਰਚਿਆਂ ਦੌਰਾਨ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਅਤੇ ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਚੌਂਕ ਅਤੇ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਸੰਬੋਧਨ ਕਰਦਿਆਂ ਕਿਹਾ ਕੇ ਜਿਵੇਂ ਯੂਪੀ ਦੇ ਵਿੱਚ ਸਰਕਾਰ ਨੇ ਕਿਸਾਨਾਂ ਦੇ ਕਤਲ ਕਰਕੇ ਲੋਕ ਘੋਲਾਂ ਦੀ ਅਵਾਜ ਦੱਬਣ ਦੀ ਕੋਸਿਸ ਕੀਤੀ ਸੀ ਪਰ ਲੋਕਾਂ ਦਾ ਰੋਹ ਅਤੇ ਬਲ ਹੋਰ ਮਜਬੂਤ ਬਣਕੇ ਸੰਘਰਸ਼ੀ ਪੀੜਾ ਵਿੱਚ ਕੁੱਦਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਕਿਸਾਨ-ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਦੇ ਸਰਮਾਏਦਾਰੀ ਪੱਖੀ ਨੀਤੀਆਂ ਦੀ ਬਦੌਲਤ ਜਿੱਥੇ ਆਰਥਿਕ ਤੌਰ ਤੇ ਤਬਾਹ ਹੋ ਚੁੱਕਾ ਹੈ, ਉਥੋਂ ਹੁਣ ਰੁਜ਼ਗਾਰ ਦਾ ਆਖ਼ਰੀ ਸਾਜ਼ਿਸ਼ ਤਹਿਤ ਜ਼ਮੀਨ ਤੇ ਹੱਲਾ ਬੋਲਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨ ਅੰਦੋਲਨ ਤੋਂ ਬੌਖਲਾ ਚੁੱਕੀ ਹੈ। ਉਨ੍ਹਾਂ ਮੰਗ ਕੀਤੀ ਕਿ ਯੂਪੀ ਦੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਕਾਤਲਾਂ ਨੂੰ ਹਰ ਹਾਲ ਸਜ਼ਾ ਦਿੱਤੀ ਜਾਵੇ। ਆਗੂਆਂ ਨੇ ਕਿਹਾ ਕਿ ਸੰਘਰਸ਼ਾਂ ਰਾਹੀਂ ਸਰਕਾਰ ਨੂੰ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਐੱਮਐੱਸਪੀ ਦੀ ਗਰੰਟੀ ਕਾਨੂੰਨ ਬਣਾਉਣ ਲਈ ਮਜਬੂਰ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜੋ ਕਿਸਾਨ ਯੁਪੀ ਦੇ ਵਿੱਚ ਸਹੀਦ ਹੋਏ ਹਨ ਸੰਯੁਕਤ ਕਿਸਾਨ ਮੋਰਚੇ ਵੱਲੋ ਉਹਨਾ ਭੋਗ ਸਮਾਗਮ ਅੱਜ ਬਾਰਾਂ ਤਾਰੀਖ ਨੂੰ ਪਾਏ ਜਾਣਗੇ, ਜਿਸ ਦੇ ਸਬੰਧੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਆਗੂ, ਬਲਾਕਾਂ ਦੀ ਆਗੁੂ ਟੀਮ ਲਖੀਮਪੁਰ ਖੀਰੀ ਦੇ ਵਿੱਚ ਪਹੁੰਚ ਚੁੱਕੀ ਹੈ।
ਉਨ੍ਹਾਂ ਕਿਹਾ ਜਿਵੇਂ ਹੁਣ ਖੇਤਾਂ ਦੇ ਵਿੱਚ ਝੋਨੇ ਦੀ ਫ਼ਸਲ ਨੂੰ ਆਖਰੀ ਪਾਣੀ ਚਾਹੀਦੇ ਹਨ ਪਰ ਬਿਜਲੀ ਦੇ ਵੱਡੇ-ਵੱਡੇ ਕੱਟ ਲੱਗ ਰਹੇ ਹਨ, ਇਸ ਉੱਪਰ ਜਥੇਬੰਦੀ ਵੱਲੋਂ ਪ੍ਰਸ਼ਾਸਨ ਨੂੰ ਨੋਟਿਸ ਦਿੱਤਾ ਗਿਆ ਹੈ ਅਤੇ ਪਟਿਆਲਾ ਦੇ ਬਿਜਲੀ ਦਫਤਰ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਬਲਾਕ ਆਗੁ ਜਗਤਾਰ ਸਿੰਘ ਲੱਡੀ, ਗੁਰਚੇਤ ਭੱਟੀਵਾਲ, ਗੁਰਦੇਵ ਸਿੰਘ ਆਲੋਅਰਖ, ਸੁਖਵਿੰਦਰ ਸਿੰਘ ਬਲਿਆਲ, ਕਸਮੀਰ ਸਿੰਘ ਆਲੋਅਰਖ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਮਜਦੂਰ ਅਤੇ ਕਿਸਾਨ ਬੀਬੀਆਂ ਹਾਜਰ ਸਨ।