ਪ੍ਰੋਜੈਕਟਾਂ ਦੀ ਆੜ ’ਚ ਸਕੂਲਾਂ ਚੋਂ ਬਾਹਰ ਕੱਢੇ ਅਧਿਆਪਕ ਵਾਪਸ ਭੇਜਣ ਦੀ ਮੰਗ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ,18 ਅਕਤੂਬਰ 2021: ਡੈਮੋਕ੍ਰੇਟਿਕ ਟੀਚਰਜ਼ ਪੰਜਾਬ ਨੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਰਗੇ ਕਥਿਤ ਗੈਰਵਿਗਿਆਨਕ ਪ੍ਰੋਜੈਕਟਾਂ ਦੀ ਆੜ ਹੇਠ ਸਕੂਲਾਂ ਵਿੱਚੋਂ ਬਾਹਰ ਕੱਢੇ ਅਧਿਆਪਕਾਂ ਨੂੰ ਵਾਪਿਸ ਸਕੂਲਾਂ ’ਚ ਭੇਜਣ ਦੀ ਮੰਗ ਕੀਤੀ ਹੈ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੀ ਸਿੱਖਿਆ ’ਚ ਆਈ ਖੜੋਤ ਨੂੰ ਤੋੜਿਆ ਜਾ ਸਕੇ। ਡੈਮੋਕਰੈਟਿਕ ਟੀਚਰਜ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੈਪਾਲ ਸ਼ਰਮਾ ਸੂਬਾ ਸਕੱਤਰ, ਸਰਵਣ ਸਿੰਘ ਔਜਲਾ, ਬਠਿੰਡਾ ਜਿਲ੍ਹੇ ਦੇ ਪ੍ਰਧਾਨ ਰੇਸ਼ਮ ਸਿੰਘ, ਸਕੱਤਰ ਬਲਜਿੰਦਰ ਸਿੰਘ ਅਤੇ ਵਿੱਤ ਸਕੱਤਰ ਅਨਿਲ ਭੱਟ ਨੇ ਪ੍ਰੈਸ ਬਿਆਨ ਰਾਹੀਂ ਆਖਿਆ ਕਿ ਇੰਨ੍ਹਾਂ ਪ੍ਰਜੈਕਟਾਂ ਰਾਹੀਂ ਇਹ ਅਧਿਆਪਕ ਵਿਦਿਆਰਥੀਆਂ ਤੋਂ ਦੂਰ ਕੀਤੇ ਹੋਏ ਹਨ।ਆਗੂਆਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਕਰੋਨਾ ਕਾਲ ਦੌਰਾਨ ਵਿਸ਼ੇਸ਼ ਮਿਹਨਤ ਕਰਕੇ ਵਿੱਦਿਅਕ ਸ਼ੈਸ਼ਨ 2020-21 ਦੇ ਮੁਕਾਬਲੇ ਸ਼ੈਸ਼ਨ 2021-22 ਲਈ ਪੰਜਾਬ ਪੱਧਰ ‘ਤੇ 20 ਫੀਸਦੀ ਵਿਦਿਆਰਥੀਆਂ ਦੀ ਗਿਣਤੀ ਵਧਾਈ ਸੀ ।
ਉਨ੍ਹਾਂ ਆਖਿਆ ਕਿ ਇਸ ਮੌਕੇ ਅਧਿਆਪਕਾਂ ਨੇ ਮਾਪਿਆਂ ਨਾਲ ਵਧੀਆ ਸਿੱਖਿਆ ਪ੍ਰਦਾਨ ਕਰਨ ਦੇ ਭਰੋਸੇ ਨਾਲ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚੋਂ ਸਰਕਾਰੀ ਸਕੂਲਾਂ ’ਚ ਲਿਆਂਦਾ ਸੀ। ਉਨ੍ਹਾਂ ਦੱਸਿਆ ਕਿ ਜੱਥੇਬੰਦੀਆਂ ਅਧਿਆਪਕਾਂ ਦੀ ਭਰਤੀ ਕਰਨ ਦੀ ਮੰਗ ਕਰ ਰਹੀਆਂ ਸਨ ਪਰ ਸਰਕਾਰ ਨੇ ਨਵੀਂ ਭਰਤੀ ਕਰਨ ਦੀ ਥਾਂ ਸਕੂਲਾਂ ਚ ਪੜ੍ਹਾ ਰਹੇ ਅਧਿਆਪਕਾਂ ਨੂੰ ਬੀਐਮਟੀ,ਸੀਐਮਟੀ, ਬਲਾਕ ਕੋਆਰਡੀਨੇਟਰ ,ਜਿਲ੍ਹਾ ਕੋਆਰਡੀਨੇਟਰ ਅਤੇ ਸੂਬਾ ਕੋਆਰਡੀਨੇਟਰ ਲਾ ਕੇ ਤਕਰੀਬਨ 4 ਹਜ਼ਾਰ ਅਧਿਆਪਕ ਸਕੂਲਾਂ ਤੋਂ ਬਾਹਰ ਕਰ ਦਿੱਤੇ ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ । ਜੱਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਬਠਿੰਡਾ , ਪਰਵਿੰਦਰ ਸਿੰਘ ਅਤੇ ਗੁਰਪ੍ਰੀਤ ਖੇਮੂਆਣਾ ਨੇ ਕਿਹਾ ਕਿ 228 ਪੀ.ਟੀ.ਆਈ.ਅਧਿਆਪਕ ਸਕੂਲਾਂ ਚੋ ਅਸਾਮੀਆਂ ਸਮੇਤ ਬੀਪੀਈਓ ਦਫਤਰਾਂ ਵਿੱਚ ਸ਼ਿਫਟ ਕਰ ਦਿੱਤੇ ਜਿਨ੍ਹਾਂ ਤੋਂ ਕਾਗਜੀ ਕੰਮ ਕਰਵਾਕੇ ਵਿਦਿਆਰਥੀਆਂ ਦੀ ਸਿੱਖਿਆ ਅਤੇ ਸਰੀਰਕ ਵਿਕਾਸ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਉਨ੍ਹਾਂ ਆਖਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਵਿਦਿਆਰਥੀਆਂ ਦੇ ਵਜੀਫੇ ਰੋਕ ਰੱਖੇ ਹਨ ਜਦੋਂਕਿ ਦੂਸਰੀ ਤਰਫ ਪ੍ਰੋਜੈਕਟਾਂ ਦੇ ਨਾਂ ਤੇ ਵਿਦਿਆਰਥੀਆਂ ਤੋਂ ਦੂਰ ਕੀਤੇ ਅਧਿਆਪਕਾਂ ਨੂੰ ਤਨਖਾਹ ਅਤੇ ਸਫਰੀ ਭੱਤੇ ਤੋਂ ਇਲਾਵਾ ਲੱਖਾਂ ਰੁਪਏ ਵਿਸ਼ੇਸ਼ ਭੱਤੇ ਦਿੱਤੇ ਜਾ ਰਹੇ ਹਨ।ਆਗੂਆਂ ਨੇ ਪੰਜਾਬ ਸਰਕਾਰ ਤੋਂ ਇਹ ਅਧਿਆਪਕ ਸਕੂਲਾਂ ’ਚ ਵਾਪਿਸ ਭੇਜਣ, ਵੱਖ ਵੱਖ ਬਹਾਨਿਆਂ ਰਾਹੀਂ ਪਿਛਲੇ ਛੇ ਮਹੀਨਿਆਂ ਤੋਂ ਆਨਲਾਈਨ ਸਿਸਟਮ ਰਾਹੀਂ ਹੋਈਆਂ ਬਦਲੀਆਂ ਲਹਗੂ ਕਰਨ ਅਤੇ ਖਾਲੀ ਪਈਆਂ ਅਸਾਮੀਆਂ ਲਈ ਭਰਤੀ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਨਵਚਰਨਪ੍ਰੀਤ,ਭੁਪਿੰਦਰ ਮਾਇਸਰਖਾਨਾ,ਕੁਲਵਿੰਦਰ ਵਿਰਕ,ਭੋਲਾ ਰਾਮ ,ਅੰਗਰੇਜ ਸਿੰਘ ,ਰਾਜਵਿੰਦਰ ਜਲਾਲ,ਰਤਨਜੋਤ ਸ਼ਰਮਾ ,ਬਲਜਿੰਦਰ ਕੌਰ,ਹਰਮੰਦਰ ਗਿੱਲ,ਜਸਵਿੰਦਰ ਬੌਕਸਰ,ਬਲਜਿੰਦਰ ਕਰਮਗੜ ਸ਼ਤਰਾਂ ਅਤੇ ਸਰਬਜੀਤ ਸਿੰਘ ਆਦਿ ਆਗੂ ਹਾਜਰ ਸਨ।