ਝੋਨੇ ਦੀ ਖਰੀਦ ਬਾਰੇ ਸਰਕਾਰੀ ਦਾਅਵਿਆਂ ਦੀ ਫੂਕ ਨਿਕਲੀ- ਕਿਸਾਨ ਆਗੂ
ਤਾਪਮਾਨ ਘੱਟ ਜਾਣ ਦੇ ਮੱਦੇਨਜ਼ਰ, ਝੋਨੇ 'ਚ ਨਮੀ ਦੀ ਮਾਤਰਾ ਵਧਾ ਕੇ 20 % ਕੀਤੀ ਜਾਵੇ: ਕਿਸਾਨ ਆਗੂ
ਕਮਲਜੀਤ ਸਿੰਘ ਸੰਦੂ, ਬਾਬੂਸ਼ਾਹੀ ਨੈੱਟਵਰਕ
ਬਰਨਾਲਾ: 22 ਅਕਤੂਬਰ, 2021- ਬੱਤੀ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 387ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਸਿੱਖ ਧਰਮ ਦੇ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦਾ 487ਵਾਂ ਪ੍ਰਕਾਸ਼-ਪੁਰਬ ਹੈ। ਬੁਲਾਰਿਆਂ ਨੇ ਇਸ ਮੌਕੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਗੁਰੂ ਜੀ ਦੀਆਂ ਸਿਖਿਆਵਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਅਰਜ਼ ਕੀਤੀ।
ਅੱਜ ਬੁਲਾਰਿਆਂ ਨੇ ਪੰਜਾਬ ਦੀਆਂ ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਦੀ ਵਿਥਿਆ ਸੁਣਾਈ। ਆਗੂਆਂ ਨੇ ਕਿਹਾ ਕਿ ਮੌਸਮ ਬਦਲ ਜਾਣ ਕਾਰਨ ਤਾਪਮਾਨ ਬਹੁਤ ਘੱਟ ਗਿਆ ਹੈ ਜਿਸ ਕਾਰਨ ਨਮੀ ਦੀ 17% ਤੈਅ-ਸ਼ੁਦਾ ਮਾਤਰਾ ਹਾਸਲ ਕਰਨੀ ਬਹੁਤ ਮੁਸ਼ਕਲ ਹੈ। ਵਧ ਨਮੀ ਕਾਰਨ ਕਿਸਾਨਾਂ ਨੂੰ ਕਈ ਦਿਨਾਂ ਤੱਕ ਮੰਡੀਆਂ ਵਿੱਚ ਰੁਲਣਾ ਪੈਂਦਾ ਹੈ। ਖਰੀਦ ਹੋ ਜਾਣ ਬਾਅਦ ਵੀ ਕਈ ਦਿਨ ਤੱਕ ਲਿਫਟਿੰਗ ਨਹੀਂ ਹੁੰਦੀ। 48 ਘੰਟਿਆਂ 'ਚ ਭੁਗਤਾਨ ਹੋਣ ਵਾਲੇ ਸਰਕਾਰੀ ਦਾਅਵੇ ਦੀ ਵੀ ਫੂਕ ਨਿਕਲ ਗਈ ਹੈ। ਕਿਸਾਨਾਂ ਨੂੰ ਬੈਂਕਾਂ ਦੇ ਕਈ ਗੇੜੇ ਮਾਰਨੇ ਪੈਂਦੇ ਹਨ ਪਰ ਖਾਤਿਆਂ ਵਿੱਚ ਰਕਮ ਨਹੀਂ ਪਹੁੰਚਦੀ।
ਬੁਲਾਰਿਆਂ ਨੇ ਮੰਗ ਕੀਤੀ ਕਿ ਝੋਨੇ 'ਚ ਨਮੀ ਦੀ ਮਾਤਰਾ 17%ਤੋਂ ਵਧਾ ਕੇ 20% ਕੀਤੀ ਜਾਵੇ ਅਤੇ ਮੰਡੀਆਂ ਦੀਆਂ ਬਾਕੀ ਸਭ ਬਦ-ਇੰਤਜਾਮੀਆਂ ਨੂੰ ਤੁਰੰਤ ਦਰੁਸਤ ਕੀਤਾ ਜਾਵੇ।
ਅੱਜ ਧਰਨੇ ਨੂੰ ਕਰਨੈਲ ਸਿੰਘ ਗਾਂਧੀ,ਕੁਲਵਿੰਦਰ ਕੌਰ ਖੁੱਡੀ, ਨਛੱਤਰ ਸਿੰਘ ਸਹੌਰ,ਗੁਰਨਾਮ ਸਿੰਘ ਠੀਕਰੀਵਾਲਾ,ਬਾਬੂ ਸਿੰਘ ਖੁੱਡੀ, ਬੂਟਾ ਸਿੰਘ ਫਰਵਾਹੀ, ਗੁਰਦੇਵ ਸਿੰਘ ਮਾਂਗੇਵਾਲ, ਮੇਲਾ ਸਿੰਘ ਕੱਟੂ, ਗੁਰਦੇਵ ਕੌਰ ਖੁੱਡੀ, ਜਸਪਾਲ ਸਿੰਘ ਚੀਮਾ, ਬਲਵੀਰ ਕੌਰ ਕਰਮਗੜ੍ਹ, ਬਲਜੀਤ ਸਿੰਘ ਚੌਹਾਨਕੇ, ਅਮਰਜੀਤ ਕੌਰ, ਗੋਰਾ ਸਿੰਘ ਢਿੱਲਵਾਂ, ਚਰਨਜੀਤ ਕੌਰ, ਸੁਖਜੰਟ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ 15 ਅਕਤੂਬਰ ਨੂੰ ਸਿੰਘੂ ਬਾਰਡਰ 'ਤੇ ਹੋਈ ਮੰਦਭਾਗੀ ਘਟਨਾ ਨੂੰ ਸਹੀ ਸੰਦਰਭ ਵਿੱਚ ਸਮਝਣ ਦੀ ਜਰੂਰਤ ਹੈ।ਇਹ ਕੋਈ ਇੱਕੋਲਿਤਰੀ ਘਟਨਾ ਨਹੀਂ ਹੈ ਸਗੋਂ ਸਰਕਾਰ ਦੀਆਂ ਖੁਫੀਆ ਏਜੰਸੀਆਂ ਦੁਆਰਾ ਲਿਖੀ ਹੋਈ ਸਕਰਿਪਟ ਦੀ ਇੱਕ ਅਗਲੀ ਕੜੀ ਹੈ। 26 ਜਨਵਰੀ ਦੀ ਲਾਲ ਕਿਲ੍ਹੇ ਵਾਲੀ ਸਾਜਿਸ਼ੀ ਘਟਨਾ ਵੀ ਇਸੇ ਸਕਰਿਪਟ ਦਾ ਹਿੱਸਾ ਸੀ।ਸਰਕਾਰੀ ਏਜੰਸੀਆਂ ਕੁੱਝ ਕਿਸਾਨ ਦੋਖੀਆਂ ਸਹਾਰੇ ਅੰਦੋਲਨ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ । ਸਰਕਾਰੀ ਖੁਫੀਆ ਏਜੰਸੀਆਂ ਨੇ 26 ਜਨਵਰੀ ਦੀ ਘਟਨਾ ਨੂੰ ਅੰਜਾਮ ਦੇਣ ਅਤੇ ਅੰਦੋਲਨ ਨੂੰ ਬਦਨਾਮ ਕਰਨ ਲਈ ਇਨ੍ਹਾਂ ਹੀ ਅਨਸਰਾਂ ਨੂੰ ਵਰਤਿਆ ਸੀ। 15 ਅਕਤੂਬਰ ਵਾਲੀ ਕਾਲੀ ਕਰਤੂਤ ਦੇ ਪਿਛੋਕੜ ਵਿੱਚ ਉਹੀ ਸਰਕਾਰੀ ਏਜੰਸੀਆਂ ਅਤੇ 26 ਜਨਵਰੀ ਵਾਲੇ ਧਰਮ ਦੇ ਉਹੀ ਤਥਾਕਥਿਤ ਅਲੰਬਰਦਾਰ ਸ਼ਾਮਲ ਸਨ। ਏਜੰਸੀਆਂ ਤੇ ਇਨ੍ਹਾਂ ਲੋਕ ਦੋਖੀ ਅਨਸਰਾਂ ਨੇ ਕਿਸਾਨ ਅੰਦੋਲਨ ਨੂੰ ਇੱਕੋ ਧਰਮ ਦਾ ਅੰਦੋਲਨ ਸਿੱਧ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਸਾਡਾ ਅੰਦੋਲਨ ਸਮੁੱਚੇ ਕਿਸਾਨਾਂ,ਮਜਦੂਰਾਂ ਤੇ ਛੋਟੇ ਕਾਰੋਬਾਰੀਆਂ ਦਾ ਅੰਦੋਲਨ ਹੈ, ਕਿਸੇ ਇੱਕ ਧਰਮ ਦਾ ਨਹੀਂ। ਸਾਨੂੰ ਇਨ੍ਹਾਂ ਸਾਜਿਸ਼ਾਂ ਤੋਂ ਚੌਕਸ ਰਹਿਣ ਦੀ ਜਰੂਰਤ ਹੈ।
ਅੱਜ ਸਰਦਾਰ ਸਿੰਘ ਮੌੜ ,ਤੇਜਾ ਸਿੰਘ ਠੀਕਰੀਵਾਲਾ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।