ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਜੇਲ੍ਹ ਦੀ ਅਚਨਚੇਤ ਚੈਕਿੰਗ
ਜੇਲ੍ਹ ’ਚ ਸਾਫ-ਸਫਾਈ ਦਾ ਖਾਸ ਖਿਆਲ ਰੱਖਣ ਦੀ ਹਦਾਇਤ
ਕਮਲਜੀਤ ਸਿੰਘ ਸੰਧੂ,ਬਾਬੂਸ਼ਾਹੀ ਨੈੱਟਵਰਕ
ਬਰਨਾਲਾ, 22 ਅਕਤੂਬਰ 2021- ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਸ੍ਰੀ ਵਰਿੰਦਰ ਅਗਰਵਾਲ ਵੱਲੋਂ ਜ਼ਿਲ੍ਹਾ ਜੇਲ੍ਹ ਬਰਨਾਲਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨਾਂ ਨਾਲ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਰਨਾਲਾ ਬਰਜਿੰਦਰਪਾਲ ਸਿੰਘ, ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਬਰਨਾਲਾ ਸ੍ਰੀ ਕਪਿਲ ਅਗਰਵਾਲ ਤੇ ਜੇਲ੍ਹ ਸੁਪਰਡੈਂਟ ਬਲਵੀਰ ਸਿੰਘ ਮੌਜੂਦ ਸਨ।
ਇਸ ਮੌਕੇ ਸ੍ਰੀ ਵਰਿੰਦਰ ਅਗਰਵਾਲ ਵੱਲੋਂ ਕੈਦੀਆਂ/ਹਵਾਲਾਤੀਆਂ ਤੋਂ ਉਨ੍ਹਾਂ ਦੇ ਕੇਸਾਂ ਵਿੱਚ ਆ ਰਹੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਸਮੱਸਿਆਵਾਂ ਦੇ ਮੌਕੇ ’ਤੇ ਹੱਲ ਦੱਸੇ ਗਏ।
ਇਸ ਤੋਂ ਇਲਾਵਾਂ ਉਨਾਂ ਬੰਦੀਆਂ ਨੂੰ ਹਦਾਇਤ ਕੀਤੀ ਕਿ ਕੋਵਿਡ-19 ਤੋਂ ਬਚਾਅ ਲਈ ਇਹਤਿਆਤਾਂ ਦਾ ਖਿਆਲ ਰੱਖਿਆ ਜਾਵੇ। ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਜੇਲ੍ਹ ਬੰਦੀਆਂ ਨੂੰ ਦੱਸਿਆ ਗਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਆਪਣੇ ਕੇਸ ਦੀ ਪੈਰਵੀ ਕਰਨ ਲਈ ਵਕੀਲ ਦੀ ਜ਼ਰੂਰਤ ਹੈ ਤਾਂ ਉਹ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਅਧੀਨ ਵਕੀਲ ਦੀਆਂ ਸੇਵਾਵਾਂ ਲੈ ਸਕਦਾ ਹੈ, ਜਿਸ ਸਬੰਧੀ ਦਰਖਾਸਤ ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਦੇ ਦਫ਼ਤਰ ਵਿਖੇ ਭੇਜਣੀ ਹੁੰਦੀ ਹੈ। ਉਨਾਂ ਵੱਲੋਂ ਜੇਲ ਸੁਪਰਡੈਂਟ ਨੂੰ ਹਦਾਇਤ ਕੀਤੀ ਗਈ ਕਿ ਜੇਲ ਵਿੱਚ ਸੈਨੇਟਾਈਜ਼ਰ, ਕੈਦੀਆਂ/ਹਵਾਲਾਤੀਆਂ ਲਈ ਮਾਸਕ, ਜੇਲ ਦੀ ਸਾਫ ਸਫਾਈ, ਖਾਣਾ ਪਕਾਉਣ ਵਾਲੀ ਜਗਾ ਦੀ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ।
ਉਨ੍ਹਾ ਜੇਲ੍ਹ ’ਚ ਰਸੋੋਈ ਘਰ ਦਾ ਜਾਇਜ਼ਾ ਵੀ ਲਿਆ ਗਿਆ ਅਤੇ ਖਾਣੇ ਦੀ ਚੈਕਿੰਗ ਕੀਤੀ। ਉਨਾਂ ਹਦਾਇਤ ਕੀਤੀ ਕਿ ਕੈਦੀਆਂ/ਹਵਾਲਾਤੀਆਂ ਨੂੰ ਪੀਣ ਲਈ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇ ਅਤੇ ਜੇਲ ਬੈਰਕਾਂ ਅਤੇ ਆਸ-ਪਾਸ ਦੀ ਸਾਫ-ਸਫਾਈ ਦਾ ਧਿਆਨ ਰੱਖਿਆ ਜਾਵੇ। ਉਨਾਂ ਦੱਸਿਆ ਕਿ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਬੰਦੀਆਂ ਨੂੰ ਅੰਡਰਟਰਾਇਲ ਇਨਫਰਮੇਸ਼ਨ ਕਾਰਡ ਉਪਲੱਬਧ ਕਰਵਾਏ ਗਏ ਹਨ, ਜਿਸ ਤੋਂ ਉਨਾਂ ਨੂੰ ਉਨਾਂ ਦੇ ਕੇਸਾਂ ਸਬੰਧੀ ਜਾਣਕਾਰੀ ਮਿਲ ਸਕਦੀ ਹੈ।