ਜਿਹੜੀ ਪਾਰਟੀ ਪੁਰਾਣੀ ਪੈਨਸ਼ਨ ਬਹਾਲ ਕਰੂ, ਉਸੀ ਦੀ ਸਰਕਾਰ ਬਣੂ- ਮਾਨ
ਰਜਨੀਸ਼ ਸਰੀਨ, ਬਾਬੂਸ਼ਾਹੀ ਨੈੱਟਵਰਕ
ਨਵਾਂ ਸ਼ਹਿਰ,23 ਅਕਤੂਬਰ 2021- ਪੁਰਾਣੀ ਪੈਨਸ਼ਨ ਦੀ ਬਹਾਲੀ ਤੱਕ ਸਾਡਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਪੈਨਸ਼ਨ ਮੁਲਾਜ਼ਮ ਦਾ ਹੱਕ ਹੈ, ਇਸ ਨੂੰ ਲੈ ਕੇ ਰਹਾਂਗੇ। ਜਿਹੜੀ ਪਾਰਟੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰੇਗੀ, ਉਸੀ ਦੀ 2022 ਵਿੱਚ ਉਹ ਹੀ ਸੱਤਾ ਵਿੱਚ ਆਵੇਗੀ। ਇਹ ਵਿਚਾਰ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਨੇ ਮੋਰਿੰਡਾ ਵਿਖੇ ਪੰਜਾਬ ਐਂਡ ਯੂਟੀ ਮੁਲਾਜਮ ਸਾਂਝਾ ਫਰੰਟ ਵਲੋਂ ਆਪਣੀਆਂ ਹੱਕੀ ਮੰਗਾਂ ਸੰਬੰਧੀ ਲਗਾਏ ਪੱਕੇ ਮੋਰਚੇ ਵਿੱਚ ਜੱਥੇ ਸਮੇਤ ਰਵਾਨਾ ਹੋਣ ਮੌਕੇ ਪ੍ਰੈਸ ਨਾਲ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਰਾਜਨੀਤਿਕ ਲੋਕ ਇੱਕ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ ਜ਼ਿੰਦਗੀ ਭਰ 6-7 ਪੈਨਸ਼ਨਾਂ ਲੈ ਰਹੇ ਹਨ। ਜਦੋਂ ਕਿ ਮੁਲਾਜ਼ਮ ਨੇ ਆਪਣੀ ਜ਼ਿੰਦਗੀ ਦੇ ਕਿਸੇ ਵਿਭਾਗ ਨੂੰ 30-35 ਸਾਲ ਦੇਕੇ ਸੇਵਾ ਮੁਕਤ ਹੋਣਾ ਹੁੰਦਾ। ਉਸ ਨੂੰ ਬੁਢਾਪੇ ਵਿੱਚ ਰੁਲਣ ਲਈ ਸਿਰਫ ਨਾ ਮਾਤਰ 1500-2000 ਰੁਪਏ ਪੈਨਸ਼ਨ ਦਿੱਤੀ ਜਾ ਰਹੀ ਹੈ। ਜਿਸ ਨਾਲ ਕਿ ਬੁਢਾਪੇ ਵਿੱਚ ਗੁਜਾਰਾ ਕਰਨਾ ਬਹੁਤ ਮੁਸ਼ਕਲ ਹੈ। ਸ਼੍ਰੀ ਮਾਨ ਨੇ ਕਿਹਾ ਕਿ ਜਦੋਂ ਸਾਡਾ ਸੰਵਿਧਾਨ ਇੱਕ ਹੈ,ਕਾਨੂੰਨ ਸਭ ਨਾਂ ਲਈ ਬਰਾਬਰ ਹੈ। ਫਿਰ ਮੁਲਾਜ਼ਮਾਂ ਨਾਲ ਵਿਤਕਰਾ, ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਊ ਪੈਨਸ਼ਨ ਸਕੀਮ ਤੋਂ ਪੀੜਤ ਮੁਲਾਜ਼ਮ ਹੁਣ ਸਰਕਾਰ ਦੇ ਡੰਗ ਟਪਾਊ ਨੀਤੀ ਤੋਂ ਤੰਗ ਆ ਚੁੱਕੇ ਹਨ। ਇਸ ਲਈ ਇੱਟ ਦਾ ਜਵਾਵ ਪੱਥਰ ਨਾਲ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਵੀ ਕੈਪਟਨ ਦੀਆਂ ਲੀਹਾਂ ਉੱਤੇ ਚੱਲਣ ਲੱਗ ਪਈ ਹੈ।
ਜਿਸ ਦਾ ਖੁਮਿਆਜ਼ਾ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਆਉਦੀਆਂ ਵਿਧਾਨ ਸਭਾ ਚੌਣਾਂ ਵਿੱਚ ਭੁਗਤਣਾ ਪਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ 2004 ਤੋਂ ਬਾਅਦ ਭਰਤੀ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਕੇ ਸਰਕਾਰ ਮੁਲਾਜਮਾਂ ਨੂੰ ਨਿਊ ਪੈਨਸ਼ਨ ਸਕੀਮ ਤੋਂ ਛੁਟਕਾਰਾ ਦੇਵੇ।ਅੱਜ ਧਰਨੇ ਵਿੱਚ ਸ਼ਾਮਿਲ ਹੋਣ ਲਈ 10 ਗੱਡੀਆਂ ਦਾ ਕਾਫਲਾ ਰਵਾਨਾ ਹੋਇਆ। ਇਸ ਮੌਕੇ ਉਨ੍ਹਾਂਦੇ ਨਾਲ ਜੁਝਾਰ ਸੰਹੂਗੜਾ ਜਿਲ੍ਹਾ ਪ੍ਰਧਾਨ ਬੀ ਐਡ ਫਰੰਟ,ਅਜੀਤ ਸਿੰਘ ਗੁੱਲਪੁਰੀ ਈ ਟੀ ਟੀ ਆਗੂ,ਅੰਮਿਤ ਜਗੋਤਾ,ਸੋਮ ਨਾਥ ਸੜੋਆ,ਗੁਰਬਖ਼ਸ ਆਲੋਵਾਲ,ਹਰਪ੍ਰੀਤ ਬੰਗਾ,ਅਸੋਕ ਪਠਲਾਵਾ,ਯੁਗਰਾਜ ਸਿੰਘ,ਸ਼ੁਦੇਸ ਦੀਵਾਨ,ਓਮਕਾਰ ਸ਼ੀਹਮਾਰ ਜਿਲ੍ਹਾ ਸਕੱਤਰ,ਰਾਜ ਕੁਮਾਰ ਜੰਡੀ,ਸੁਰਿੰਦਰ ਛੂਛੇਵਾਲ,ਸੁਭਾਸ ਸੂਰਾਪੁਰ,ਹਰਵਿੰਦਰ ਰੱਤੂ,ਤਜਿੰਦਰ ਕੌਰ,ਬਲਵਿੰਦਰ ਕੌਰ ਜਿਲ੍ਹਾ ਕੰਨਵੀਨਰ ਲੇਡੀਜ਼ ਵਿੰਗ,ਕਰਮਜੀਤ ਕੌਰ,ਬਲਵਿੰਦਰ ਕੌਰ ਰਵੀਦਾਸ ਨਗਰ,ਮਨਜੀਤ ਕੌਰ,ਸੁਦੇਸ ਕੁਮਾਰੀ,ਸਪਨਾ ਪਰਿਹਾਰ ਵੀ ਹਾਜ਼ਰ ਸਨ।