ਕੋਟਕਪੂਰਾ ਦੀ ਦੇਵੀਵਾਲਾ ਸੜਕ ਦਾ ਨਿਰਮਾਣ ਜਲਦ ਸ਼ੁਰੂ ਨਾ ਕੀਤਾ ਗਿਆ ਤਾਂ "ਰੋਡ ਨਹੀਂ ਤਾਂ ਵੋਟ ਨਹੀਂ" ਮੁਹਿੰਮ ਚਲਾਉਣਗੇ ਨਾਗਰਿਕ
ਕੋਟਕਪੂਰਾ ਤੋਂ ਦੀਪਕ ਗਰਗ ਦੀ ਖਾਸ ਰਿਪੋਰਟ
- ਪੌਣੇ ਤਿੰਨ ਸਾਲਾਂ ਤੋਂ ਕੁੜੇ ਵਾਲੀ ਮਿੱਟੀ ਨਾਲ ਬਣੀ ਸੜਕ ਤੇ ਉਡਦੀ ਧੂੜ ਕਾਰਣ ਲੋਕ ਬਣ ਰਹੇ ਬੀਮਾਰੀਆਂ ਦੇ ਸ਼ਿਕਾਰ
- ਮਾਰਕਿਟ ਕਮੇਟੀ ਦੇ ਸਹਿਯੋਗ ਨਾਲ ਬਣਾਈ ਜਾਣੀ ਹੈ ਇਹ ਸੜਕ
- ਸਟ੍ਰੀਟ ਲਾਈਟਾਂ ਦੀ ਕਮੀ ਦੇ ਕਾਰਣ ਰਾਤ ਨੂੰ ਬਣਿਆ ਰਹਿੰਦਾ ਹਾਦਸਿਆਂ ਦਾ ਡਰ , ਦਿਨੇ ਘੁੰਮਦੇ ਰਹਿੰਦੇ ਆਵਾਰਾ ਪਸ਼ੂ
ਕੋਟਕਪੂਰਾ, 27 ਨਵੰਬਰ 2021 - ਸਥਾਨਕ ਦੇਵੀਵਾਲਾ ਰੋਡ ਨਿਵਾਸੀ ਅਤੇ ਦੁਕਾਨਦਾਰ ਖਸਤਾ ਹਾਲਤ ਬਣੀ ਸੜਕ ਤੋਂ ਬੇਹੱਦ ਪ੍ਰੇਸ਼ਾਨ ਹਨ। ਸੜਕ ’ਤੇ ਕਈ ਥਾਵਾਂ ’ਤੇ ਪਏ ਟੋਇਆਂ ਕਾਰਨ ਪੈਦਲ ਚੱਲਣ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਗਰ ਕੌਂਸਲ ਪ੍ਰਧਾਨ ਨੂੰ ਵਾਰ-ਵਾਰ ਸ਼ਿਕਾਇਤ ਕਰਨ 'ਤੇ ਵੀ ਸੜਕ ਦੀ ਉਸਾਰੀ ਨਹੀਂ ਹੋ ਰਹੀ ਹੈ। ਪੱਤਰਕਾਰਾਂ ਦੇ ਪਹੁੰਚਣ ਤੇ ਮੌਕੇ ’ਤੇ ਮੌਜੂਦ ਸਥਾਨਕ ਨਿਵਾਸੀਆਂ ਅਤੇ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਖਿਲਾਫ ਗੁੱਸੇ ਦਾ ਪ੍ਰਗਟਾਵਾ ਕੀਤਾ।
ਇਸ ਸੜਕ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਸੜਕ ਵਿੱਚ ਟੋਏ ਹਨ ਜਾਂ ਟੋਇਆਂ ਵਿੱਚ ਸੜਕ। ਸੜਕ ਉਪਰ ਸਟ੍ਰੀਟ ਲਾਈਟਾਂ ਦੀ ਕੰਮੀ ਹੋਣ ਕਰਕੇ ਰਾਤ ਨੂੰ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਦਿਨੇ ਆਵਾਰਾ ਪਸ਼ੂ ਸੜਕ ਤੇ ਫੈਲੇ ਕੁੜੇ ਵਿਚੋਂ ਆਪਣੀ ਖੁਰਾਕ ਲੱਭਣ ਲਈ ਹਰਲ ਹਰਲ ਕਰਦੇ ਫਿਰਦੇ ਰਹਿੰਦੇ ਹਨ।
ਲਖਵਿੰਦਰ ਰੋਮਾਣਾ ਅਤੇ ਨੱਥੂਰਾਮ ਪ੍ਰਜਾਪਤ ਨੇ ਦੱਸਿਆ ਕਿ ਕਰੀਬ ਪੋਣੇ ਤਿੰਨ ਸਾਲ ਪਹਿਲਾਂ ਇਸ ਸੜਕ ਨੂੰ ਸੀਵਰੇਜ ਪਾਉਣ ਲਈ ਪੁੱਟਿਆ ਗਿਆ ਸੀ। ਊਸ ਤੋਂ ਬਾਅਦ ਕਾਫੀ ਸਮਾਂ ਸੜਕ ਬਨਾਉਣ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਕੁਝ ਸਮਾਂ ਪਹਿਲਾਂ ਨਵੀਆਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ ਲਈ ਇਸਨੂੰ ਸਾਈਡ ਤੋਂ ਵੀ ਪੁੱਟ ਦਿੱਤਾ ਗਿਆ। ਬਰਸਾਤ ਦੇ ਮੌਸਮ ਵਿੱਚ ਦਲਦਲ ਬਣੀ ਇਸ ਸੜਕ ਅੰਦਰ ਅਨੇਕਾਂ ਵਾਹਨ ਧੱਸੇ ਜਿਸਦੇ ਚਲਦੇ ਵਾਹਨ ਮਾਲਕਾਂ ਨੇ ਕਰੇਨ ਅਪਰੇਟਰਾਂ ਨੂੰ ਹਜਾਰਾਂ ਰੁਪਏ ਦੇਕੇ ਇਹਨਾਂ ਨੂੰ ਬਾਹਰ ਕਢਵਾਇਆ। ਇਸ ਸੜਕ ਨੂੰ ਬਨਾਉਣ ਦੀ ਜਿੰਮੇਵਾਰੀ ਸੀਵਰੇਜ ਵਿਭਾਗ ਅਤੇ ਮਾਰਕਿਟ ਕਮੇਟੀ ਕੋਟਕਪੂਰਾ ਦੀ ਹੈ। ਇਹ ਦੋਨੋ ਮਹਿਕਮੇ ਆਪਸੀ ਕਾਗਜੀ ਕਾਰਵਾਈ ਵਿੱਚ ਫਸੇ ਹੋਏ ਹਨ।
ਇਸ ਇਲਾਕੇ ਵਿੱਚ ਰਹਿਣ ਵਾਲੇ ਨਾਗਰਿਕ ਸੜਕ ’ਤੇ ਪਏ ਕੁੜੇ ਅਤੇ ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਹਨ। ਕੁੜੇ ਵਾਲੀ ਮਿੱਟੀ ਉਡਦੀ ਰਹਿੰਦੀ ਹੈ ਜਿਸਦੇ ਚਲਦੇ ਲੋਕ ਬੀਮਾਰੀਆਂ ਦਾ ਸ਼ਿਕਾਰ ਵੀ ਬਣ ਰਹੇ ਹਨ। ਸੜਕ ਦੀ ਇਸ ਖਸਤਾ ਹਾਲਤ ਕਾਰਨ ਇੱਥੋਂ ਦੇ ਦੁਕਾਨਦਾਰਾਂ ਦੀ ਵਿਕਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਹੁਣ ਲੋਕ ਮਜਬੂਰੀ ਵੱਸ ਇਹ ਇਲਾਕਾ ਛੱਡਣ ਲਈ ਮਜਬੂਰ ਹੋ ਰਹੇ ਹਨ ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਸੜਕ ਤੋਂ ਕਰੀਬ 25 ਪਿੰਡਾਂ ਦਾ ਰਸਤਾ ਹੈ ਇਨ੍ਹਾਂ ਪਿੰਡਾਂ ਵਿਚੋਂ ਕੋਟਕਪੂਰਾ ਗ੍ਰਾਹਕ ਆਉਂਦੇ ਹਨ। ਲੇਕਿਨ ਖਸਤਾ ਹਾਲ ਸੜਕ ਦੇ ਚਲਦੇ ਪਿੰਡਾਂ ਵਿਚੋਂ ਆਉਣ ਵਾਲੇ ਲੋਕ ਹੁਣ ਮੋਗਾ ਰੋਡ ਬਾਈਪਾਸ ਵਾਲੇ ਰਸਤੇ ਤੋਂ ਸ਼ਹਿਰ ਵੱਲ ਆ ਰਹੇ ਹਨ। ਜਿਸਦੇ ਚਲਦੇ ਉਹ ਹੋਰ ਪਾਸੇ ਤੋਂ ਖਰੀਦਦਾਰੀ ਕਰਕੇ ਚੱਲੇ ਜਾਂਦੇ ਹਨ ?
ਨਾਗਰਿਕਾਂ ਨੇ ਕਿਹਾ ਕਿ ਜੇਕਰ ਜਲਦੀ ਹੀ ਇਸ ਸੜਕ ਨੂੰ ਬਣਾਉਣਾ ਸ਼ੁਰੂ ਨਾ ਕੀਤਾ ਗਿਆ ਤਾਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ "ਰੋਡ ਨਹੀਂ ਤਾਂ ਵੋਟ ਨਹੀਂ" ਅਭਿਆਨ ਚਲਾਇਆ ਜਾਵੇਗਾ। ਹਰ ਦੁਕਾਨਦਾਰ ਆਪਣੀ ਦੁਕਾਨ ਅੱਗੇ ਇਸ ਤਰਾਂ ਦੇ ਪੋਸਟਰ ਲਗਾਵੇਗਾ ਅਤੇ ਸੋਸ਼ਲ ਮੀਡੀਆ ਤੇ ਵੀ ਇਸ ਬਾਰੇ ਮੁਹਿੰਮ ਚਲਾਈ ਜਾਵੇਗੀ।