ਮੋਗਾ ਦੇ ਸਰਕਾਰੀ ਹਸਪਤਾਲ 'ਚੋਂ ਅਗਵਾ ਹੋਇਆ ਬੱਚਾ ਬਰਾਮਦ: 1 ਲੱਖ 'ਚ ਖਰੀਦਣ ਵਾਲਾ ਜੋੜਾ ਗ੍ਰਿਫਤਾਰ, ਮੁੱਖ ਦੋਸ਼ੀ ਨੌਜਵਾਨ ਫਰਾਰ
ਦੀਪਕ ਗਰਗ
ਮੋਗਾ, 5 ਦਸੰਬਰ 2021 - ਪੰਜਾਬ ਦੇ ਮੋਗਾ 'ਚ ਸਰਕਾਰੀ ਹਸਪਤਾਲ 'ਚੋਂ ਅਗਵਾ ਹੋਏ 8 ਮਹੀਨੇ ਦੇ ਬੱਚੇ ਨੂੰ ਪੁਲਸ ਨੇ 10 ਘੰਟਿਆਂ 'ਚ ਪਿੰਡ ਦਬੜੀ ਖਾਨਾ ਤੋਂ ਬਰਾਮਦ ਕਰ ਲਿਆ ਹੈ। 1 ਲੱਖ 'ਚ ਬੱਚਾ ਖਰੀਦਣ ਵਾਲੇ ਜੋੜੇ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਬੱਚੇ ਨੂੰ ਵੇਚਣ ਵਾਲਾ ਮੁੱਖ ਮੁਲਜ਼ਮ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਐਸਪੀ ਡੀ ਰੁਪਿੰਦਰ ਕੌਰ ਨੇ ਦੱਸਿਆ ਕਿ ਬੱਚੇ ਦੇ ਅਗਵਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲੀਸ ਉਸ ਨੂੰ ਸੁਰੱਖਿਅਤ ਲੱਭਣ ਵਿੱਚ ਲੱਗੀ ਹੋਈ ਸੀ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਪੁਲੀਸ ਦੇਰ ਸ਼ਾਮ ਅਗਵਾ ਹੋਏ ਵਿਸ਼ਾਲ ਕੁਮਾਰ ਦੇ ਘਰ ਪੁੱਜੀ। ਸੂਚਨਾ ਮਿਲਣ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਦੀ ਛਾਪੇਮਾਰੀ ਕਰਨ ਦੌਰਾਨ ਪਤਾ ਲੱਗਾ ਕਿ ਬੱਚੇ ਨੂੰ ਜੈਤੋਂ ਦੇ ਪਿੰਡ ਦਬੜੀ ਖਾਨਾ ਵਾਸੀ ਜਲੰਦਾ ਸਿੰਘ ਅਤੇ ਉਸ ਦੀ ਪਤਨੀ ਵੀਰਪਾਲ ਕੌਰ ਨੇ ਇੱਕ ਲੱਖ ਰੁਪਏ ਵਿੱਚ ਵੇਚ ਦਿੱਤਾ ਗਿਆ ਹੈ।
ਇਸ ਤੋਂ ਬਾਅਦ ਪੁਲਸ ਨੇ ਦੇਰ ਰਾਤ ਉਕਤ ਜੋੜੇ ਦੇ ਘਰ ਛਾਪਾ ਮਾਰ ਕੇ ਅਗਵਾ ਹੋਏ ਬੱਚੇ ਅਭਿਜੋਤ ਨੂੰ ਬਰਾਮਦ ਕਰ ਲਿਆ ਅਤੇ ਜਲੰਦਾ ਸਿੰਘ ਅਤੇ ਵੀਰਪਾਲ ਕੌਰ ਨੂੰ ਗ੍ਰਿਫਤਾਰ ਕਰ ਲਿਆ।
ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਦਾ ਮਾਸਟਰ ਮਾਈਂਡ ਵਿਸ਼ਾਲ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰਦਾ ਸੀ। ਇਸ ਹਸਪਤਾਲ ਵਿੱਚ ਪਿੰਡ ਵੱਡਾ ਘਰ ਦੀ ਬੇਅੰਤ ਕੌਰ ਦਵਾਈ ਲੈਣ ਆਉਂਦੀ ਸੀ
ਇਸ ਦੌਰਾਨ ਬੇਅੰਤ ਕੌਰ ਨੇ ਵਿਸ਼ਾਲ ਕੁਮਾਰ ਨੂੰ ਦੱਸਿਆ ਕਿ ਉਸ ਦੇ ਭਰਾ ਜਲੰਦਾ ਸਿੰਘ ਅਤੇ ਭਰਜਾਈ ਵੀਰਪਾਲ ਕੌਰ ਦੇ ਵਿਆਹ ਨੂੰ 5 ਸਾਲ ਹੋ ਗਏ ਹਨ ਪਰ ਡਾਕਟਰੀ ਸਮੱਸਿਆ ਕਾਰਨ ਉਨ੍ਹਾਂ ਦੇ ਘਰ ਬੱਚਾ ਨਹੀਂ ਹੋ ਸਕਦਾ। ਇਸ ਲਈ ਉਨ੍ਹਾਂ ਨੂੰ ਬੱਚੇ ਦੀ ਲੋੜ ਹੈ।
ਦੋ ਮਹੀਨੇ ਪਹਿਲਾਂ ਬੱਚੇ ਨੂੰ ਲੈਣ ਦੇਣ ਦੀ ਗੱਲ ਸ਼ੁਰੂ ਹੋਈ ਅਤੇ ਮੌਕਾ ਮਿਲਦਿਆਂ ਹੀ 4 ਦਸੰਬਰ ਦੀ ਦੁਪਹਿਰ ਨੂੰ ਵਿਸ਼ਾਲ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿੱਚੋਂ 8 ਮਹੀਨੇ ਦੇ ਬੱਚੇ ਅਭਿਜੋਤ ਨੂੰ ਅਗਵਾ ਕਰਕੇ ਘਰ ਲੈ ਆਇਆ। ਇਸ ਤੋਂ ਬਾਅਦ ਬੱਚੇ ਨੂੰ ਪਹਿਲਾਂ ਅਪਣੀ ਪਛਾਣ ਵਾਲੀ ਮਨਪ੍ਰੀਤ ਕੌਰ ਅਤੇ ਬਾਅਦ ਵਿੱਚ ਇਸ ਜੋੜੇ ਨੂੰ ਸੌਂਪ ਦਿੱਤਾ ਗਿਆ।
ਮੁਲਜ਼ਮ ਵਿਸ਼ਾਲ ਕੁਮਾਰ 6500 ਰੁਪਏ ਮਹੀਨਾ ਤਨਖ਼ਾਹ ’ਤੇ 2 ਮਹੀਨਿਆਂ ਤੋਂ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰ ਰਿਹਾ ਸੀ। ਉਹ ਪਿਛਲੇ ਦੋ-ਤਿੰਨ ਦਿਨਾਂ ਤੋਂ ਹਸਪਤਾਲ ਵੀ ਨਹੀਂ ਜਾ ਰਿਹਾ ਸੀ। ਇਸ ਤੋਂ ਪਹਿਲਾਂ ਵਿਸ਼ਾਲ ਕੁਮਾਰ ਦੀ ਭੈਣ ਵੀ ਇਸ ਹਸਪਤਾਲ ਵਿੱਚ ਕੰਮ ਕਰਦੀ ਸੀ ਪਰ ਦੋ ਮਹੀਨੇ ਪਹਿਲਾਂ ਉਸ ਨੇ ਹਸਪਤਾਲ ਵਿੱਚੋਂ ਨੌਕਰੀ ਛੱਡ ਦਿੱਤੀ ਸੀ।
ਬੱਚੇ ਦੇ ਸਹੀ ਸਲਾਮਤ ਬਰਾਮਦ ਹੋਣ ਮਗਰੋਂ ਪੁਲੀਸ ਨੇ ਸੁੱਖ ਦਾ ਸਾਹ ਲਿਆ ਹੈ। ਬੱਚੇ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਵਿਸ਼ਾਲ ਕੁਮਾਰ ਵਲੋਂ ਬੱਚੇ ਨੂੰ ਅਗਵਾ ਕਰਨ ਵਿੱਚ ਉਸਦੇ ਪਰਿਵਾਰ ਦਾ ਕਿੰਨਾ ਯੋਗਦਾਨ ਸੀ। ਪੁਲੀਸ ਥਾਣਾ ਸਿਟੀ ਸਾਊਥ ਨੇ ਬੱਚੇ ਦੇ ਪਿਤਾ ਕਰਮਜੀਤ ਸਿੰਘ ਦੇ ਬਿਆਨਾਂ ’ਤੇ ਵਿਸ਼ਾਲ ਕੁਮਾਰ, ਮਨਪ੍ਰੀਤ ਕੌਰ ਵਾਸੀ ਮੋਗਾ, ਜਲੰਦਾ ਸਿੰਘ ਅਤੇ ਉਸ ਦੀ ਪਤਨੀ ਵੀਰਪਾਲ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।