ਕਾਂਗਰਸੀ ਮਾਲੇਰਕੋਟਲਾ ਹਾਉਸ ਦੀ ਰਾਜਧਾਨੀ ਜਮਾਲਪੁਰਾ ‘ਚ ਆਪ ਨੇ ਲਾਇਆ ਸੰਨ੍ਹ
2 ਸਾਬਕਾ ਨਗਰ ਕੌਂਸਲ ਪ੍ਰਧਾਨਾਂ ਸਮੇਤ ਇੱਕ ਮੌਜੂਦਾ ਤੇ ਇੱਕ ਸਾਬਕਾ ਕੌਂਸਲਰ ਆਪ ‘ਚ ਹੋਏ ਸ਼ਾਮਲ
ਹਰਮਿੰਦਰ ਸਿੰਘ ਭੱਟ,ਬਾਬੂਸ਼ਾਹੀ ਨੈੱਟਵਰਕ
ਮਲੇਰਕੋਟਲਾ, 18 ਜਨਵਰੀ,2022 ਸਥਾਨਕ ਜਰਗ ਚੌਂਕ ਵਾਲੇ ਪੁਲ ਦੀਆਂ ਤਰੇੜਾਂ ਦਾ ਮਾਮਲਾ ਹਾਲੇ ਠੰਡਾ ਵੀ ਨਹੀਂ ਸੀ ਪਿਆ ਕਿ ਮਾਲੇਰਕੋਟਲਾ ਹਾਉਸ ਦੇ ਮਜ਼ਬੂਤ ਸਿਆਸੀ ਕਿਲੇ ਦੀਆਂ ਕੰਧਾਂ ‘ਚ ਲੰਘੀ ਰਾਤ ਉਸ ਸਮੇਂ ਸੰਨ੍ਹ ਲੱਗ ਕੇ ਰਹਿ ਗਿਆ ਜਦੋਂ ਮਾਲੇਰਕੋਟਲਾ ਕਾਂਗਰਸ ਦੀ ਸਿਆਸੀ ਰਾਜਧਾਨੀ ਵੱਜੋਂ ਜਾਣੇ ਜਾਂਦੇ ਜਮਾਲਪੁਰਾ ਇਲਾਕੇ ਨਾਲ ਸਬੰਧਤ 2 ਸਾਬਕਾ ਕਾਂਗਰਸੀ ਨਗਰ ਕੌਂਸਲ ਪ੍ਰਧਾਨ ਮੁਹੰਮਦ ਇਕਬਾਲ ਫੌਜੀ, ਮੁਹੰਮਦ ਇਸ਼ਹਾਕ ਸ਼ਾਕਾ ਸਮੇਤ ਇੱਕ ਮੌਜੂਦਾ ਕੌਂਸਲਰ ਸ਼ਫੀਆ ਇਕਬਾਲ ਅਤੇ ਇੱਕ ਸਾਬਕਾ ਕੌਂਸਲਰ ਬੀਬੀ ਜੁਵੈਦਾ ਸਾਕਾ ਆਪਣੇ ਸੈਂਕੜੇ ਪਤਵੰਤਿਆਂ ਦੇ ਪਰਿਵਾਰਾਂ ਸਮੇਤ ਆਪ ਦੇ ਉਮੀਦਵਾਰ ਡਾ.ਜਮੀਲ-ਉਰ-ਰਹਿਮਾਨ ਦੀ ਅਗਵਾਈ ਹੇਠ ਆਪ ਪਾਰਟੀ ‘ਚ ਸ਼ਾਮਲ ਹੋ ਗਏ। ਜਿੰਨ੍ਹਾਂ ਨੂੰ ਕੇਜਰੀਵਾਲ ਦੀ ਫੋਟੋ ਵਾਲੇ ਸਿਰੋਪੇ ਪਾ ਕੇ ਡਾ.ਜਮੀਲ-ਉਰ-ਰਹਿਮਾਨ ਨੇ ਪਾਰਟੀ ਸਫਾ ਸ਼ਾਮਲ ਕਰਕੇ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸੀ ਮਾਲੇਰਕੋਟਲਾ ਹਾਉਸ ਦੇ ਮੁਖੀ ਮੁਹੰਮਦ ਮੁਸਤਫਾ ਵੱਲੋਂ ਪਿਛਲੇ 15-20 ਸਾਲਾਂ ‘ਤੋਂ ਮਾਲੇਰਕੋਟਲਾ ਅੰਦਰ ਡਰ ਤੇ ਭੈਅ ਦਾ ਮਹੌਲ ਸਿਰਜ ਕੇ ਖੜ੍ਹੇ ਕੀਤੇ ਡਰਾਉਣੇ ਕਾਲੇ ਸਾਮਰਾਜ ਨੂੰ ਖਤਮ ਕਰਨ ਲਈ ਹੁਣ ਮਾਲੇਰਕੋਟਲਾ ਦੇ ਲੋਕ ਇੱਕ ਪਲੇਟ ਫਾਰਮ ‘ਤੇ ਇੱਕਠੇ ਹੋ ਰਹੇ ਹਨ। ਡਾ.ਜਮੀਲ ਅਤੇ ਕਾਮਰੇਡ ਇਸਮਾਇਲ ਨੇ ਆਪਣੀਆਂ ਧੂੰਆਂ-ਧਾਰ ਤਕਰੀਰਾਂ ਦੌਰਾਨ ਮੁਸਤਫਾ ਨੂੰ ਜ਼ਾਲਮ ਤੇ ਫਿਰੋਨੀ ਸੋਚ ਵਾਲਾ ਦੱਸਦੇ ਹੋਏ ਕਿਹਾ ਕਿ ਇਸ ਵਿਅਕਤੀ ਨੇ ਮਾਲੇਰਕੋਟਲਾ ਦੇ ਇੱਜ਼ਤਦਾਰ ਤੇ ਵੱਡੀ ਉਮਰ ਦੇ ਲੋਕਾਂ ਨੂੰ ਜਿਥੇ ਰੱਜ ਕੇ ਜ਼ਲੀਲ ਕੀਤਾ ਉਥੇ ਸ਼ਹਿਰ ਵਾਸੀਆਂ ‘ਚ ਧਰਮਾਂ-ਜਾਤਾਂ-ਪਾਤਾਂ ਦੇ ਨਾਂ ‘ਤੇ ਕਥਿਤ ਵੰਡੀਆਂ ਪਾ ਕੇ ਸੱਭ ਧਰਮਾਂ ਦੇ ਸਾਂਝੇ ਗੁਲਦਸਤੇ ਮਾਲੇਰਕੋਟਲਾ ਨੂੰ ਬਰਬਾਦ ਕੀਤਾ ਹੈ। ਉਨ੍ਹਾਂ ਮਾਲੇਰਕੋਟਲਾ ਦੇ ਚੋਣ ਅਖਾੜੇ ਨੂੰ ਕਾਂਗਰਸੀ ਮਾਲੇਰਕੋਟਲਾ ਹਾਉਸ ਦੇ ਜ਼ਬਰ ਜ਼ੁਲਮ ਖਿਲਾਫ ਜੰਗ ਦੱਸਦਿਆਂ ਕਿਹਾ ਕਿ 10 ਮਾਰਚ ਨੂੰ ਜ਼ੁਲਮ ਦੇ ਖਿਲਾਫ ਹੋਣ ਵਾਲੀ ਜਿੱਤ ਉਪਰੰਤ ਮਾਲੇਰਕੋਟਲਾ ਹਾਉਸ ਦਾ ਖਹਿੜਾ ਇੰਝ ਹੀ ਨਹੀਂ ਛੱਡਿਆ ਜਾਵੇਗਾ ਸਗੋਂ ਇੱਕ-ੲੱਕ ਇੱਟ ਦਾ ਹਿਸਾਬ ਲਿਆ ਜਾਵੇਗਾ। ਜਿਸ ਦਾ ਹਾਜ਼ਰੀਨ ਨੇ ਵੀ ਤਾੜੀਆਂ ਤੇ ਨਾਅਰਿਆਂ ਦੀ ਗੂੰਝ ਨਾਲ ਪੂਰਜ਼ੋਰ ਸਵਾਗਤ ਕੀਤਾ।
ਜ਼ਿਕਰਯੋਗ ਹੈ ਕਿ ਇਕਬਾਲ ਫੋਜੀ ਦੇ ਆਪ ‘ਚ ਸ਼ਾਮਲ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾਂ ਉਨ੍ਹਾਂ ਨੂੰ ਮਨਾਉਣ ਲਈ ਫੋਜੀ ਦੀ ਰਿਹਾਇਸ਼ਗਾਹ ‘ਤੇ ਪੁੱਜੇ ਸਨ, ਪਰੰਤੂ ਮੰਤਰੀ ਸਾਹਿਬਾ ਦੀਆਂ ਲੱਖ ਕੋਸ਼ਿਸਾਂ ਦੇ ਬਾਵਜੂਦ ਵੀ ਪ੍ਰਧਾਨ ਫੋਜੀ ਨੇ ਸਪੱਸ਼ਟ ਜਵਾਬ ਦੇ ਦਿੱਤਾ ਸੀ। ਇਸ ਮੌਕੇ ਹਾਜ਼ਰ ਪਤਵੰਤਿਆਂ ‘ਚ ਕਾਮਰੇਡ ਇਸਮਾਇਲ, ਇਕਬਾਲ ਫੋਜੀ, ਇਸ਼ਹਾਕ ਸਾਕਾ, ਗੁਲਜ਼ਾਰ ਡੀਲਰ, ਸ਼ਮਸੁਦੀਨ ਚੌਧਰੀ, ਮੁਹੰਮਦ ਸ਼ਕੀਲ ਨੰਦਨ ਭੁਮਸੀ, ਖੁਸ਼ੀ ਮੁਹੰਮਦ ਵਸੀਕਾ ਨਵੀਸ, ਦਰਸ਼ਨਪਾਲ ਅਤੇ ਸੁਲੇਮਾਨ ਨੋਨਾ ਆਦਿ ਹਾਜ਼ਰ ਸਨ।