ਸ਼੍ਰੀਮਤੀ ਬਬੀਤਾ ਕਲੇਰ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣਕਾਰ ਅਫਸਰ ਫਾਜ਼ਿਲਕਾ
ਜਗਦੀਸ਼ ਥਿੰਦ
ਫਾਜਿ਼ਲਕਾ, 24 ਜਨਵਰੀ -
ਮਿਤੀ 20 ਫਰਵਰੀ, 2022 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅਮਲ ਮਿਤੀ 25 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਬੰਧੀ ਜਿ਼ਲ੍ਹਾ ਫਾਜਿ਼ਲਕਾ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਅੱਜ ਜਿ਼ਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦਿੱਤੀ।
ਉਹਨਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਸ਼ਡਿਊਲ ਮੁਤਾਬਕ 25 ਜਨਵਰੀ, 2022 ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ ਅਤੇ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 1 ਫਰਵਰੀ, 2022 ਹੋਵੇਗੀ, ਜਦਕਿ ਨਾਮਜ਼ਦਗੀਆਂ ਦੀ ਪੜਤਾਲ 2 ਫਰਵਰੀ, 2022 ਨੂੰ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਉਮੀਦਵਾਰੀ ਵਾਪਸ ਲੈਣ ਦੀ ਮਿਤੀ 4 ਫਰਵਰੀ, 2022 ਨਿਸ਼ਚਤ ਕੀਤੀ ਗਈ ਹੈ। ਹੁਣ ਪੰਜਾਬ ਵਿੱਚ ਚੋਣਾਂ ਦੀ ਮਿਤੀ 20 ਫਰਵਰੀ, 2022 ਨਿਸ਼ਚਤ ਕੀਤੀ ਗਈ ਹੈ ਜਦਕਿ ਵੋਟਾਂ ਦੀ ਗਿਣਤੀ 10 ਮਾਰਚ, 2022 ਨੂੰ ਹੋਵੇਗੀ।ਉਨ੍ਹਾਂ ਨੇ ਦੱਸਿਆ ਕਿ ਮਿਤੀ 26 ਜਨਵਰੀ, 2022 ਨੈਗੋਸ਼ੀਏਬਲ ਇੰਸਟਰੁਮੈਂਟਸ ਐਕਟ 1881 ਅਧੀਨ ਛੁੱਟੀ ਵਾਲਾ ਦਿਨ ਹੈ, ਜਿਸ ਕਾਰਨ ਇਸ ਦਿਨ ਨਾਮਜ਼ਦਗੀ ਪੱਤਰ ਨਹੀਂ ਪ੍ਰਾਪਤ ਕੀਤੇ ਜਾਣਗੇ। ਮਿਤੀ 30 ਜਨਵਰੀ, 2022 ਜੋ ਕਿ ਐਤਵਾਰ ਨੈਗੋਸ਼ੀਏਬਲ ਇੰਸਟਰੁਮੈਂਟਸ ਐਕਟ 1881 ਅਧੀਨ ਛੁੱਟੀ ਵਾਲਾ ਦਿਨ ਹੈ, ਜਿਸ ਕਾਰਨ ਇਸ ਦਿਨ ਨਾਮਜ਼ਦਗੀ ਪੱਤਰ ਨਹੀਂ ਪ੍ਰਾਪਤ ਕੀਤੇ ਜਾਣਗੇ।
ਜਿ਼ਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 79 ਜਲਾਲਾਬਾਦ ਦੀਆਂ ਨਾਮਜਦਗੀਆਂ ਉਪ ਮੰਡਲ ਮੈਜਿਸਟਰੇਟ - ਕਮ - ਰਿਟਰਨਿੰਗ ਅਫ਼ਸਰ ਜਲਾਲਾਬਾਦ ਦੇ ਦਫ਼ਤਰ ਵਿਖੇ, ਹਲਕਾ 80 ਫਾਜਿ਼ਲਕਾ ਲਈ ਉਪ ਮੰਡਲ ਮੈਜਿਸਟਰੇਟ - ਕਮ - ਰਿਟਰਨਿੰਗ ਅਫ਼ਸਰ ਫਾਜਿ਼ਲਕਾ ਦੇ ਦਫ਼ਤਰ ਵਿਖੇ, ਅਬੋਹਰ 81 ਲਈ ਉਪ ਮੰਡਲ ਮੈਜਿਸਟਰੇਟ - ਕਮ - ਰਿਟਰਨਿੰਗ ਅਫ਼ਸਰ ਅਬੋਹਰ ਦੇ ਦਫ਼ਤਰ ਵਿਖੇ ਅਤੇ 82 ਬੱਲੂਆਣਾ ਹਲਕੇ ਲਈ ਨਾਮਜਦਗੀਆਂ ਰਿਟਰਨਿੰਗ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਵੱਲੋਂ ਬੀਡੀਪੀਓ ਦਫ਼ਤਰ ਅਬੋਹਰ ਦੇ ਅੰਦਰ ਬਣੇ ਬੀਪੀਈਓ ਕੰਪਲੈਕਸ ਵਿਖੇ ਸਥਾਪਿਤ ਕੈਂਪ ਆਫਿਸ ਵਿਚ ਭਰੀਆ ਜਾ ਸਕਣਗੀਆਂ।
ਉਹਨਾਂ ਕਿਹਾ ਕਿ ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11:00 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3:00 ਵਜੇ ਤੱਕ ਹੋਵੇਗਾ। ਉਹਨਾਂ ਕਿਹਾ ਕਿ ਨਾਮਜ਼ਦਗੀ ਭਰਨ ਵੇਲੇ ਉਮੀਦਵਾਰ ਦੇ ਨਾਲ ਸਿਰਫ ਦੋ ਵਿਅਕਤੀ ਨਾਲ ਅੰਦਰ ਰਿਟਰਨਿੰਗ ਅਫ਼ਸਰ ਕੋਲ ਜਾ ਸਕਦੇ ਹਨ। ਇਸ ਤੋਂ ਇਲਾਵਾ 100 ਮੀਟਰ ਦੇ ਦਾਇਰੇ ਦੇ ਬਾਹਰ ਸਿਰਫ ਦੋ ਵਾਹਨ ਹੀ ਰੱਖੇ ਜਾ ਸਕਦੇ ਹਨ।
ਸੁਵਿਧਾ ਪੋਰਟਲ ਨੂੰ ਆਨਲਾਈਨ ਨਾਮਜ਼ਦਗੀ ਤੇ ਮਨਜ਼ੂਰੀ ਆਦਿ ਲਈ ਰਾਜਸੀ ਪਾਰਟੀਆਂ/ਉਮੀਦਵਾਰਾਂ ਲਈ ਬਹੁਤ ਹੀ ਢੁਕਵਾਂ ਮੰਚ ਕਰਾਰ ਦਿੰਦਿਆਂ ਉਨ੍ਹਾਂ ਦੱਸਿਆ ਕਿ ੀhttps://suvidha.eci.gov.in ’ਤੇ ਜਾ ਕੇ ਉਮੀਦਵਾਰ ਆਪਣਾ ਅਕਾਊਂਟ ਬਣਾ ਕੇ ਨਾਮਜ਼ਦਗੀ ਨਾਲ ਸਬੰਧਤ ਪ੍ਰਕਿਰਿਆ ਨੂੰ ਸੁਖਾਲਾ ਬਣਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਆਨਲਾਈਨ ਭਰਨ ਤੋਂ ਇਲਾਵਾ ਜ਼ਮਾਨਤੀ ਰਾਸ਼ੀ ਜਮ੍ਹਾਂ ਕਰਵਾਉਣ ਅਤੇ ਰਿਟਰਨਿੰਗ ਅਫ਼ਸਰ ਅੱਗੇ ਪੇਸ਼ ਹੋਣ ਲਈ ਅਗਾਊੂਂ ਸਮਾਂ ਲੈਣ ਵਿੱਚ ਇਹ ਆਨਲਾਈਨ ਪੋਰਟਲ ਬੜਾ ਸਹਾਇਕ ਸਿੱਧ ਹੋਵੇਗਾ।
ਜਿ਼ਲ੍ਹਾ ਚੋਣ ਅਫ਼ਸਰ ਕਿਹਾ ਕਿ ਨਾਮਜ਼ਦਗੀ ਪੱਤਰ ਫਾਰਮ 2ਬੀ ਵਿੱਚ ਭਰਿਆ ਜਾਣਾ ਹੈ ਅਤੇ ਸਬੰਧਤ ਰਿਟਰਨਿੰਗ ਅਫਸਰ ਕੋਲ ਇਸ ਦੀਆਂ ਖਾਲੀ ਕਾਪੀਆਂ ਉਪਲੱਬਧ ਹਨ। ਨਾਮਜ਼ਦਗੀ ਪੱਤਰ ਤੈਅਸ਼ੁਦਾ ਪ੍ਰਾਫਾਰਮੇ ਵਿੱਚ ਹੀ ਸਵੀਕਾਰ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਚੋਣ ਲੜਨ ਦਾ ਇੱਛੁਕ ਉਮੀਦਵਾਰ ਸੂਬੇ ਦੇ ਕਿਸੇ ਵੀ ਵਿਧਾਨ ਸਭਾ ਹਲਕੇ ਦਾ ਰਜਿਸਟਰਡ ਵੋਟਰ ਹੋਣਾ ਚਾਹੀਦਾ ਹੈ ਅਤੇ ਚੋਣ ਲੜਨ ਦੇ ਇਛੁੱਕ ਉਮੀਦਵਾਰ ਵੱਲੋਂ ਰਿਟਰਨਿੰਗ ਅਫ਼ਸਰ ਨੂੰ ਇਸ ਸਬੰਧੀ ਵੋਟਰ ਸੂਚੀ ਵਿੱਚ ਦਰਜ ਆਪਣੇ ਨਾਮ ਵਾਲੇ ਪੰਨੇ ਦੀ ਤਸਦੀਕਸ਼ੁਦਾ ਕਾਪੀ ਪੇਸ਼ ਕਰਨੀ ਹੋਵੇਗੀ।
ਇਸ ਤੋਂ ਇਲਾਵਾ ਭਾਰਤ ਦੇ ਸੰਵਿਧਾਨ ਪ੍ਰਤੀ ਵਫ਼ਾਦਾਰੀ ਦੀ ਸਹੁੰ ਜਾਂ ਪੁਸ਼ਟੀ ਕਰਨ ਸਬੰਧੀ ਤੈਅਸ਼ੁਦਾ ਫਾਰਮ ਵਿੱਚ ਸਬੰਧਤ ਰਿਟਰਨਿੰਗ ਅਫ਼ਸਰ ਜਾਂ ਭਾਰਤ ਚੋਣ ਕਮਿਸ਼ਨ ਵੱਲੋਂ ਤੈਅ ਵਿਅਕਤੀ ਕੋਲ ਪੇਸ਼ ਕਰਨਾ ਹੋਵੇਗਾ। ਇਹ ਸਹੰੁ ਜਾਂ ਪੁਸ਼ਟੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਪਹਿਲਾਂ ਕਰਨੀ ਜ਼ਰੂਰੀ ਹੈ।
ਵੋਟਾਂ ਪਾਉਣ ਦੀ ਪ੍ਰਕਿਰਿਆ ਮਿਤੀ 20 ਫਰਵਰੀ, 2022 (ਐਤਵਾਰ) ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਜਦਕਿ ਵੋਟਾਂ ਦੀ ਗਿਣਤੀ ਮਿਤੀ 10 ਮਾਰਚ, 2022 (ਵੀਰਵਾਰ) ਨੂੰ ਸ਼ੁਰੂ ਹੋਵੇਗੀ।