ਆਪ ਦੇ ਉਮੀਦਵਾਰ ਸ. ਕੁਲਵੰਤ ਸਿੰਘ ਕਾਂਗਰਸੀ ਵਰਕਰਾਂ ਨੂੰ ਆਪ ਵਿੱਚ ਸ਼ਾਮਿਲ ਕਰਵਾਉਂਦੇ ਹੋਏ।
ਸਰਪੰਚ ਛੱਜਾ ਸਿੰਘ ਕੁਰੜੀ ਦੀ ਅਗਵਾਈ 'ਚ ਹੋਇਆ ਵਿਸ਼ਾਲ ਇਕੱਠ
ਮੋਹਾਲੀ, 23 ਜਨਵਰੀ 2022: ਕਾਂਗਰਸ ਤੇ ਅਕਾਲੀ ਦਲ ਨੂੰ ਅਲਵਿਦਾ ਆਖ ਵੱਡੀ ਗਿਣਤੀ ਲੋਕ ਆਮ ਆਦਮੀ ਪਾਰਟੀ ਨਾਲ ਜੁੜਦੇ ਜਾ ਰਹੇ ਹਨ, ਜਿਸਦੇ ਚਲਦਿਆਂ ਆਮ ਆਦਮੀ ਪਾਰਟੀ ਦਾ ਪਰਿਵਾਰ ਦਿਨੋਂ ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੇਅਰ ਅਤੇ ਆਪ ਦੇ ਉਮੀਦਵਾਰ ਸ. ਕੁਲਵੰਤ ਸਿੰਘ ਨੇ ਮੋਹਾਲੀ ਹਲਕੇ ਦੇ ਸੀਨੀਅਰ ਆਗੂ ਤੇ ਕੁਰੜੀ ਪਿੰਡ ਦੇ ਸਰਪੰਚ ਛੱਜਾ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਉਣ ਉਪਰੰਤ ਕੀਤਾ। ਅੱਜ ਵਰ੍ਹਦੇ ਮੀਂਹ ਵਿਚ ਸਰਪੰਚ ਛੱਜਾ ਸਿੰਘ ਕੁਰੜੀ ਦੀ ਅਗਵਾਈ ਹੇਠ ਵਿਸ਼ਾਲ ਇਕੱਠ ਹੋਇਆ ਅਤੇ ਅਨੇਕਾਂ ਲੋਕਾਂ ਨੇ 'ਆਪ' ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਆਪ 'ਚ ਸ਼ਾਮਿਲ ਹੋਏ ਲੋਕਾਂ ਨੇ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਦੇ ਹੱਕ ਵਿੱਚ ਚੋਣ ਮੁਹਿੰਮ ਨੂੰ ਹੋਰ ਭਖਾਉਣ ਦਾ ਐਲਾਨ ਕੀਤਾ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਕੁਲਵੰਤ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰੀ ਇਹ ਗੱਲ ਮੀਡੀਆ ਸਾਹਮਣੇ ਰੱਖ ਚੁੱਕੇ ਹਨ ਕਿ ਹਲਕੇ ਦੇ ਲੋਕੀਂ ਬਲਬੀਰ ਸਿੰਘ ਸਿੱਧੂ ਦੀਆਂ ਨੀਤੀਆਂ ਤੋਂ ਅਤੇ ਹਲਕੇ ਦੇ ਲੋਕਾਂ ਵਿਰੁੱਧ ਅਪਣਾਏ ਪੱਖਪਾਤ ਦੇ ਰਵੱਈਏ ਤੋਂ ਪੂਰੀ ਤਰ੍ਹਾਂ ਅੱਕ ਤੇ ਥੱਕ ਚੁੱਕੇ ਹਨ। ਉਹਨਾਂ ਕਿਹਾ ਕਿ ਬਲਬੀਰ ਸਿੰਘ ਸਿੱਧੂ ਵੱਲੋਂ ਆਪਣੀ ਜੁੰਡਲੀ ਦੇ ਨਾਲ ਮਿਲ ਕੇ ਹਲਕੇ ਦੇ ਪਿੰਡਾਂ ਵਿਚ ਲੜਾਈ ਝਗੜੇ ਕਰਵਾਏ ਗਏ, ਭਰਾ ਨੂੰ ਭਰਾ ਦੇ ਸਾਹਮਣੇ ਦੁਸ਼ਮਣ ਵਾਂਗ ਖੜ੍ਹਾ ਕਰ ਦਿੱਤਾ ਅਤੇ ਭਰਾਵਾਂ ਦੀ ਲੜਾਈ ਨੂੰ ਕੋਰਟ ਕਚਹਿਰੀ ਵਿੱਚ ਪਹੁੰਚਾ ਦਿੱਤਾ। ਬਲਬੀਰ ਸਿੰਘ ਸਿੱਧੂ ਦੀ ਸ਼ਹਿ 'ਤੇ ਨਸ਼ਾ ਤਸਕਰਾਂ ਨੇ ਪਿੰਡ-ਪਿੰਡ ਨਸ਼ਾ ਪਹੁੰਚਾ ਕੇ ਜਵਾਨੀ ਨੂੰ ਤਬਾਹੀ ਦੇ ਕੰਢੇ ਖੜ੍ਹਾ ਕਰ ਦਿੱਤਾ ਹੈ। ਇਸ ਮੌਕੇ ਉੱਘੇ ਸਮਾਜ ਸੇਵੀ ਅਤੇ ਸੀਨੀਅਰ ਆਗੂ ਸਰਪੰਚ ਛੱਜਾ ਸਿੰਘ ਕੁਰੜੀ ਨੇ ਕਿਹਾ ਕਿ ਕੁਲਵੰਤ ਸਿੰਘ ਨੇ ਮੋਹਾਲੀ ਨਗਰ ਨਿਗਮ ਦੇ ਪਹਿਲੇ ਮੇਅਰ ਹੁੰਦਿਆਂ ਮੋਹਾਲੀ ਦਾ ਸਰਵਪੱਖੀ ਵਿਕਾਸ ਕੀਤਾ ਅਤੇ ਲੋਕ ਪੱਖੀ ਕਈ ਵੱਡੇ ਪ੍ਰਾਜੈਕਟ ਵੀ ਸ਼ਹਿਰ ਵਿੱਚ ਲੈ ਕੇ ਆਏ। ਇਸ ਤੋਂ ਇਲਾਵਾ ਕੁਲਵੰਤ ਸਿੰਘ ਨੇ ਜ਼ਿਲ੍ਹੇ ਭਰ ਦੇ ਪਿੰਡਾਂ ਦੇ ਲੋਕਾਂ ਨਾਲ ਵੀ ਰਾਬਤਾ ਬਣਾਈ ਰੱਖਿਆ ਅਤੇ ਉਹਨਾਂ ਦੀਆਂ ਸੰਭਵ ਮੁਸ਼ਕਿਲਾਂ ਦਾ ਹੱਲ ਕੀਤਾ ਅਤੇ ਅਸੀਂ ਸ. ਕੁਲਵੰਤ ਸਿੰਘ ਦੀ ਦੂਰਅੰਦੇਸ਼ੀ ਸੋਚ ਅਤੇ ਸਾਫ ਸੁਥਰਾ ਅਕਸ ਦੇਖ ਕੇ ਹੀ 'ਆਪ' ਨਾਲ ਜੁੜੇ ਹਾਂ। ਇਸ ਮੌਕੇ ਆਮ ਆਦਮੀ ਪਾਰਟੀ ਨਾਲ ਜੁੜੇ ਸ. ਸਵਰਨ ਸਿੰਘ ਕੁਰੜੀ ਅਤੇ ਜਗਤ ਸਿੰਘ ਨੇ ਕਿਹਾ ਕਿ ਇਸ ਵਾਰ ਸ. ਕੁਲਵੰਤ ਸਿੰਘ ਮੋਹਾਲੀ ਤੋਂ ਰਿਕਾਰਡਤੋੜ ਵੋਟਾਂ ਨਾਲ ਜਿੱਤਣਗੇ।
ਮੌਕੇ ਤੇ ਆਪ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਕਾਹਲੋਂ, ਦਵਿੰਦਰ ਸਿੰਘ ਕੁਰੜੀ, ਅੰਗਰੇਜ ਸਿੰਘ ਕੁਰੜੀ, ਹੈਪੀ ਕੁਰੜੀ, ਲਖਵਿੰਦਰ ਸਿੰਘ ਕੁਰੜੀ ਅਤੇ ਨਿਰਮਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਹਾਜ਼ਰ ਸਨ।