ਰਾਮਪੁਰਾ ਹਲਕਾ: ਆਪਣੇ ਵਿਆਹ ’ਚ ਨੱਚਦੀ ਨੀ ਦੀਂਹਦੀ ਆਮ ਆਦਮੀ ਪਾਰਟੀ
ਅਸ਼ੋਕ ਵਰਮਾ
ਬਠਿੰਡਾ,26 ਜਨਵਰੀ 2022: ਮਿਸ਼ਨ 2022 ਅਧੀਨ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਚੋਣ ਮੈਦਾਨ ’ਚ ਉੱਤਰੀ ਆਮ ਆਦਮੀ ਪਾਰਟੀ ਲਈ ਜਿੱਤ ਐਨੀ ਸੌਖਾਲੀ ਨਹੀਂ ਜਿੰਨੀ ਪਾਰਟੀ ਦੇ ਆਗੂ ਸਮਝ ਰਹੇ ਹਨ। ਬਿਨਾਂ ਸ਼ੱਕ ਜਿਆਦਾਤਰ ਚੋਣ ਸਰਵੇਖਣਾਂ ’ਚ ਆਮ ਆਦਮੀ ਪਾਰਟੀ ਨੂੰ ਅੱਗੇ ਦਿਖਾਇਆ ਜਾ ਰਿਹਾ ਹੈ ਪਰ ਇਸ ਹਲਕੇ ’ਚ ਪਾਰਟੀ ਵੱਲੋਂ ਦਮਦਾਰ ਚੋਣ ਜੰਗ ਨਾਂ ਬਣਾ ਸਕਣਾ ‘ਝਾੜੂ ’ ਦੇ ਤੀਲਿਆਂ ਲਈ ਸ਼ੁਭ ਸੰਕੇਤ ਨਹੀਂ ਹਨ। ਸੂਤਰਾਂ ਮੁਤਾਬਕ ਇਹ ਸ਼ੁਰੂਆਤੀ ਰੁਝਾਨ ਹੈ ਅਤੇ ਆਉਂਦੇ ਦਿਨੀਂ ਭਖਣ ਵਾਲੀ ਚੋਣ ਜੰਗ ਦੌਰਾਨ ਸਿਆਸੀ ਸਮੀਕਰਨਾਂ ’ਚ ਤਬਦੀਲੀ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ। ਫਿਰ ਵੀ ਜਿਸ ਢੰਗ ਨਾਲ ਆਮ ਆਦਮੀ ਪਾਰਟੀ ਦੇ ਵਿਰੋਧੀ ਲੜਾਈ ਨੂੰ ਤਿੱਖੀ ਬਣਾ ਰਹੇ ਹਨ ਤਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਵੀ ਮੁਸ਼ਕਲ ਦਿਖਾਈ ਦੇ ਰਿਹਾ ਹੈ।
ਰਾਮਪੁਰਾ ਹਲਕੇ ਦੇ ਪਿਛਲੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਹੁਣ ਤੱਕ ਪੰਜ ਵਾਰ ਕਾਂਗਰਸ ਜਿੱਤਣ ’ਚ ਸਫਲ ਰਹੀ ਹੈ ਅਤੇ ਚਾਰ ਵਾਰ ਅਕਾਲੀ ਉਮੀਦਵਾਰ ਜਿੱਤੇ ਹਨ। ਖਾਸ ਤੌਰ ਤੇ ਸੀਪੀਆਈ ਦੇ ਮਾਸਟਰ ਬਾਬੂ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਤਾਂ ਹਲਕੇ ’ਚ ਕਿਸੇ ਤੀਜੀ ਧਿਰ ਦੇ ਪੱਬ ਵੀ ਨਹੀਂ ਲੱਗ ਸਕੇ ਹਨ। ਜਾਣਕਾਰੀ ਅਨੁਸਾਰ ਮਾਸਟਰ ਬਾਬੂ ਸਿੰਘ ਸਾਲ 1977 ’ਚ ਆਮ ਅਤੇ 1980 ’ਚ ਮੱਧਕਾਲੀ ਚੋਣਾਂ ਦੌਰਾਨ ਚੋਣ ਜਿੱਤੇ ਸਨ। ਸਾਲ 1985 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਅਕਾਲੀ ਦਲ ਦੇ ਉਮੀਦਵਾਰ ਸੁਖਦੇਵ ਸਿੰਘ ਨੇ ਜਿੱਤ ਦਰਜ ਕਰਕੇ ਕਮਿਉਨਿਸਟ ਲਹਿਰ ਨੂੰ ਮੋੜਾ ਪਾਇਆ ਸੀ। ਸਾਲ 1992 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਬਾਈਕਾਟ ਦੌਰਾਨ ਕਾਂਗਰਸ ਦੇ ਹਰਬੰਸ ਸਿੰਘ ਸਿੱਧੂ ਜੇਤੂ ਰਹੇ ਸਨ ।
ਸਾਲ 1997 ਦੀਆਂ ਚੋਣਾਂ ’ਚ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਨੇ ਜਿੱਤ ਪ੍ਰਾਪਤ ਕੀਤੀ ਸੀ। ਪੰਜ ਸਾਲ ਬਾਅਦ 2002 ਦੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਨਾਲ ਨਰਾਜ਼ਗੀ ਉਪਰੰਤ ਅਕਾਲੀ ਆਗੂ ਗੁਰਪ੍ਰੀਤ ਸਿੰਘ ਕਾਂਗੜ ਨੇ ਅਜ਼ਾਦ ਚੋਣ ਲੜੀ ਅਤੇ ਮਲੂਕਾ ਨੂੰ ਹਰਾ ਦਿੱਤਾ ਸੀ। ਸਾਲ 2007 ’ਚ ਇੱਕ ਵਾਰ ਫਿਰ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਨੇ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਮਾਤ ਦੇਣ ’ਚ ਸਫਲਤਾ ਹਾਸਲ ਕੀਤੀ ਸੀ। ਇਸ ਮੌਕੇ ਡੇਰਾ ਸਿਰਸਾ ਦੇ ਸਿਆਸੀ ਵਿੰਗ ਵੱਲੋਂ ਕਾਂਗਰਸ ਪਾਰਟੀ ਨੂੰ ਖੁੱਲ੍ਹੀ ਹਮਾਇਤ ਦਿੱਤੀ ਗਈ ਸੀ।
ਸਾਲ 2102 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਕਾਂਗਰਸ ਦੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਹਰਾਕੇ ਚੋਣ ਜਿੱਤੇ ਸਨ ਜਦੋਂਕਿਸਾਲ 2017 ’ਚ ਕਾਂਗੜ ਸਫਲ ਰਿਹਾ ਅਤੇ ਮਲੂਕਾ ਹਾਰ ਗਏ ਸਨ। ਸਾਲ 2017 ਵਿੱਚ ਆਮ ਆਦਮੀ ਪਾਰਟੀ ਦੇ ਹੱਕ ’ਚ ਮਹੌਲ ਹੋਣ ਦੇ ਬਾਵਜੂਦ ਰਾਮਪੁਰਾ ਹਲਕੇ ’ਚ ਆਪ ਉਮੀਦਵਾਰ ਮਨਜੀਤ ਸਿੰਘ ਬਿੱਟੀ ਤੀਸਰੇ ਸਥਾਨ ਤੇ ਰਿਹਾ ਸੀ। ਇੰਨ੍ਹਾਂ ਪੰਜ ਵਰਿ੍ਹਆਂ ਦੌਰਾਨ ਸੱਤਾ ਦੇ ਦਮ ਤੇ ਕਾਂਗੜ ਨੇ ਹਲਕੇ ’ਚ ਦਬਦਬਾ ਬਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਤਾਂ ਮਲੂਕਾ ਪ੍ਰੀਵਾਰ ਹਰ ਦਿਨ ਨੂੰ ਚੋਣਾਂ ਸਮਝਕੇ ਹਲਕੇ ’ਚ ਵਿਚਰਦਾ ਰਿਹਾ।
ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਕੁੱਝ ਮਹੀਨੇ ਪਹਿਲਾਂ ਹੀ ਹਲਕੇ ਦੀ ਵਾਗਡੋਰ ਕਲਾਕਾਰ ਤੋਂ ਨੇਤਾ ਬਣਨ ਜਾ ਰਹੇ ਬਲਕਾਰ ਸਿੱਧੂ ਨੂੰ ਦਿੱਤੀ ਸੀ। ਬਲਕਾਰ ਸਿੱਧੂ ਨੂੰ ਆਪ ਤਰਫੋਂ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਦੇ ਨੇੜੇ ਮੰਨਿਆ ਜਾਂਦਾ ਹੈ ਜਿਸ ਦਾ ਉਸ ਨੂੰ ਲਾਹਾ ਮਿਲ ਸਕਦਾ ਹੈ। ਨਿਰਪੱਖ ਜਾਣਕਾਰਾਂ ਦੀ ਮੰਨੀਏ ਤਾਂ ਇਸ ਵਾਰ ਹੋਰ ਵੀ ਧਿਰਾਂ ਦੀ ਮੈਦਾਨ ’ਚ ਮੌਜ਼ੂਦਗੀ ਦੌਰਾਨ ਦੋ ਵੱਡੇ ਵਜ਼ੀਰਾਂ ਅਤੇ ਆਮ ਆਦਮੀ ਵਿਚਕਾਰ ਸਖਤ ਮੁਕਾਬਲੇ ਹੋਣਗੇ ਜਿੰਨ੍ਹਾਂ ਦਾ ਨਤੀਜਾ ਹੈਰਾਨੀਜਨਕ ਵੀ ਹੋ ਸਕਦਾ ਹੈ।
ਹਲਕੇ ਨਾਲ ਜੁੜੇ ਦੋ ਵੱਡੇ ਪੱਖ
ਹਲਕਾ ਰਾਮਪੁਰਾ ਫੂਲ ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੈ ਜੋ ਜਿੱਤ ਹਾਰ ’ਚ ਅਹਿਮ ਭੂਮਿਕਾ ਅਦਾ ਕਰਦਾ ਹੈ। ਇਸ ਦੇ ਨਾਲ ਹੀ ਸਲਾਬਤਪੁਰਾ ’ਚ ਡੇਰਾ ਸੱਚਾ ਸੌਦਾ ਸਿਰਸਾ ਦਾ ਪੰਜਾਬ ਵਿਚਲਾ ਵੱਡਾ ਹੈਡਕੁਆਟਰ ਹੈ। ਹਲਕੇ ’ਚ ਡੇਰਾ ਸਿਰਸਾ ਦਾ ਵੱਡਾ ਵੋਟ ਬੈਂਕ ਹੈ ਜੋ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਲੰਘੀ 9 ਜਨਵਰੀ ਨੂੰ ਸਲਾਬਤਪੁਰਾ ਡੇਰੇ ’ਚ ਡੇਰਾ ਪੈਰੋਕਾਰਾਂ ਦਾ ਵੱਡਾ ਇਕੱਠ ਹੋਇਆ ਸੀ ਜਿਸ ਨੇ ਸਿਆਸੀ ਧਿਰਾਂ ਨੂੰ ਉਂਗਲਾਂ ਟੁੱਕਣ ਲਾਇਆ ਹੋਇਆ ਹੈ।
ਕਾਂਗੜ ਨੂੰ ਆਸ਼ੀਰਵਾਦ ਦੀ ਚਰਚਾ
ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ’ਚ ਗੁਰਪ੍ਰੀਤ ਸਿੰਘ ਕਾਂਗੜ ਨੂੰ ਸੰਤ ਮਹੇਸ਼ ਮੁਨੀ ਜੀ ਬੋਰੇ ਵਾਲਿਆਂ ਵੱਲੋਂ ਸਾਲ 2002 ’ਚ ਅਜਾਦ ਚੋਣ ਲੜਨ ਮੌਕੇ ਦਿੱਤੇ ਆਸ਼ੀਰਵਾਦ ਦੇ ਚਰਚੇ ਛਿੜੇ ਹੋਏ ਹਨ। ਹਾਲਾਂਕਿ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਆਮ ਲੋਕਾਂ ’ਚ ਛਿੜੀ ਚੁੰਝ ਚਰਚਾ ਮੁਤਾਬਕ ਸਾਲ 2002 ’ਚ ਅਕਾਲੀ ਦਲ ਤੋਂ ਬਾਗੀ ਹੋਕੇ ਚੋਣ ਲੜਨ ਮੌਕੇ ਪ੍ਰਚਾਰ ਦੌਰਾਨ ਕਾਂਗੜ ਉਸ ਵਕਤ ਸੰਤ ਮਹੇਸ਼ ਮੁਨੀ ਦੇ ਦਰਸ਼ਨ ਕਰਨ ਗਏ ਸਨ। ਇਸ ਮੌਕੇ ਬੇਨਤੀ ਕਰਨ ਤੇ ਸੰਤਾਂ ਨੇ ਕਾਂਗੜ ਨੂੰ ਇੱਕ ਨਹੀਂ ਤਿੰਨ ਵਾਰ ਜਿੱਤ ਦਾ ਆਸ਼ੀਰਵਾਦ ਦਿੱਤਾ ਸੀ ਜੋ ਅੱਜ ਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ । ਬੇਸ਼ੱਕ ਸੰਤ ਮਹੇਸ਼ ਮੁਨੀ ਜੀ ਬੋਰੇ ਵਾਲੇ ਤਾਂ ਨਹੀਂ ਰਹੇ ਪਰ ਸ਼ਰਧਾਲੂਆਂ ਦੇ ਨਾਲ ਨਾਲ ਆਮ ਲੋਕਾਂ ’ਚ ਉਨ੍ਹਾਂ ਮਾਨਤਾ ਅਤੇ ਸਨੇਹ ਸਤਿਕਾਰ ਦੀ ਭਾਵਨਾ ਅੱਜ ਵੀ ਬਰਕਰਾਰ ਹੈ।