ਸਿਹਤ ਮੰਤਰੀ ਨੇ ਮਾਨਸਾ ਸਬਜ਼ੀ ਮੰਡੀ ਅਤੇ ਅੰਡਰਬ੍ਰਿਜ ਵਾਲੀ ਸੜਕ ਬਣਾਉਣ ਦੀ ਕੀਤੀ ਸ਼ੁਰੂਆਤ
ਸੰਜੀਵ ਜਿੰਦਲ,ਬਾਬੂਸ਼ਾਹੀ ਨੈੱਟਵਰਕ
ਮਾਨਸਾ 14 ਮਈ 2022 : ਹਲਕਾ ਮਾਨਸਾ ਦੇ ਵਿਕਾਸ ਕੰਮਾਂ ਲਈ ਪਹਿਲਕਦਮੀ ਕਰਦਿਆਂ ਲੋਕਾਂ ਦੀ ਲੰਮੇ ਸਮੇਂ ਲਟਕਦੀ ਆ ਰਹੀ ਵੱਡੀ ਮੰਗ ਨੂੰ ਪੂਰਾ ਕਰਦਿਆਂ ਸਿਹਤ ਮੰਤਰੀ ਵਿਜੈ ਸਿੰਗਲਾ ਨੇ ਸ਼ਬਜੀ ਮੰਡੀ ਅਤੇ ਅੰਡਰਬ੍ਰਿਜ ਵਾਲੀ ਸੜਕ ਦੀ ਨੁਹਾਰ ਬਦਲਣ ਲਈ ਟੱਕ ਲਗਾ ਕੇ ਰਸਮੀ ਸ਼ੁਰੂਆਤ ਕੀਤੀ।
ਵਿਜੈ ਸਿੰਗਲਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਉਨਾਂ ਦੀ ਨਿੱਜੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਹਲਕਾ ਵਾਸੀਆਂ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ।
ਕੈਬਨਿਟ ਮੰਤਰੀ ਨੇ ਕਿਹਾ ਸਬਜ਼ੀ ਮੰਡੀ ਮਾਨਸਾ ਵਾਲੀ ਸੜਕ ਆਉਂਦੇ ਤਿੰਨ ਮਹੀਨੇ ਅੰਦਰ ਬਣ ਕੇ ਤਿਆਰ ਹੋ ਜਾਵੇਗੀ, ਜਿਸਦੇ ਨਾਲ ਸ਼ਹਿਰ ਵਾਸੀਆਂ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਵਾਲੀ ਸੜਕ ਤੇ ਕਰੀਬ 48 ਲੱਖ ਰੁਪਏ ਅਤੇ ਅੰਡਰਬ੍ਰਿਜ ਵਾਲੀ ਸੜਕ ’ਤੇ ਕਰੀਬ 25 ਲੱਖ ਰੁਪਏ ਖਰਚਾ ਆੳਣ ਦਾ ਅਨੁਮਾਨ ਹੈ।
ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਨਾਗਰਿਕ ਸੁਵਿਧਾਵਾਂ ਹੋਣ ਚਾਹੇ ਵਿਕਾਸ ਕਾਰਜ਼ ਹਰੇਕ ਕੰਮ ਨੂੰ ਯੋਜਨਾਬੱਧ ਢੰਗ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਲੋਕਾਂ ਨੂੰ ਸਾਫ਼ ਸੁਥਰਾ ਪਾਣੀ, ਚੰਗੀਆਂ ਸਿਹਤ ਸੁਵਿਧਾਵਾਂ, ਵਿੱਦਿਆਂ ਦੇ ਖੇਤਰ ਨੂੰ ਹੋਰ ਉੱਤੇ ਚੁੱਕਣ ਲਈ ਕਾਰਜ਼ਸੀਲ ਹੈ।