ਟੀਚਰ ਨੇ ਲਿਖੀ ਵਿਦਾਇਗੀ ਪੋਸਟ, ਕੁੜੀਆਂ ਨੇ ਕਿਹਾ-ਸਾਡਾ ਕੀਤਾ ਜਿਨਸੀ ਸ਼ੋਸ਼ਣ: ਫੇਸਬੁੱਕ 'ਤੇ ਉਜਾਗਰ ਹੋਇਆ ਕਾਲਾ ਸੱਚ, ਭੇਜਿਆ ਜੇਲ੍ਹ
ਦੀਪਕ ਗਰਗ, ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ, 15 ਮਈ 2022
ਕੇਰਲਾ ਦੇ ਮਲਪੁਰਮ ਜ਼ਿਲ੍ਹੇ ਵਿੱਚ 56 ਸਾਲਾ ਸੇਵਾਮੁਕਤ ਅਧਿਆਪਕ ਕੇਵੀ ਸ਼ਸ਼ੀ ਕੁਮਾਰ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਕੂਲ ਦੀਆਂ ਸਾਬਕਾ ਵਿਦਿਆਰਥਣਾਂ ਨੇ ਦੋਸ਼ੀ ਖਿਲਾਫ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਹੈ। ਦੋਸ਼ੀ ਅਧਿਆਪਕ ਹੋਣ ਤੋਂ ਇਲਾਵਾ ਸੀਪੀਐਮ ਪਾਰਟੀ ਤੋਂ ਤਿੰਨ ਵਾਰ ਮਲਪੁਰਮ ਜ਼ਿਲ੍ਹੇ ਦਾ ਕੌਂਸਲਰ ਵੀ ਰਹਿ ਚੁੱਕਾ ਹੈ। ਕੇਰਲ ਦੇ ਸਿੱਖਿਆ ਮੰਤਰੀ ਵੀ ਸ਼ਿਵਾਨਕੁਟੀ ਨੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਮੀਡਿਆ ਸੂਤਰਾਂ ਅਨੁਸਾਰ ਮੁਲਜ਼ਮ ਅਧਿਆਪਕ ਮਾਰਚ ਵਿੱਚ ਸੇਵਾਮੁਕਤ ਹੋ ਗਿਆ ਸੀ। ਉਸਨੇ ਆਪਣੀ ਰਿਟਾਇਰਮੈਂਟ ਦਾ ਐਲਾਨ ਕਰਨ ਲਈ ਇੱਕ ਫੇਸਬੁੱਕ ਪੋਸਟ ਲਿਖਿਆ। ਪੋਸਟ ਦੇ ਟਿੱਪਣੀ ਭਾਗ ਵਿੱਚ, ਇੱਕ ਔਰਤ ਨੇ ਸਭ ਤੋਂ ਪਹਿਲਾਂ ਆਪਣੇ ਜਿਨਸੀ ਸ਼ੋਸ਼ਣ ਬਾਰੇ ਲਿਖਿਆ। ਹੌਲੀ-ਹੌਲੀ, ਕਈ ਹੋਰ ਔਰਤਾਂ ਨੇ ਅਧਿਆਪਕ ਵਿਰੁੱਧ ਜਿਨਸੀ ਸ਼ੋਸ਼ਣ ਬਾਰੇ ਲਿਖਿਆ। ਇਹ ਸਾਰੀਆਂ ਔਰਤਾਂ ਮੁਲਜ਼ਮ ਦੀਆਂ ਵਿਦਿਆਰਥਣਾਂ ਸਨ। 7 ਮਈ ਨੂੰ ਸਾਰਿਆਂ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ।
ਮਲਪੁਰਮ ਮਹਿਲਾ ਪੁਲਿਸ ਸਟੇਸ਼ਨ ਵਿੱਚ ਸੱਤ ਮਾਮਲਿਆਂ ਵਿੱਚੋਂ ਇੱਕ ਵਿੱਚ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਔਰਤ ਦਾ ਜਿਨਸੀ ਸ਼ੋਸ਼ਣ ਹੋਇਆ ਤਾਂ ਉਹ ਜੂਨੀਅਰ ਵਿਦਿਆਰਥੀ ਸੀ। ਇਸ ਕਾਰਨ POCSO ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਬਾਕੀ 6 ਮਾਮਲਿਆਂ ਵਿੱਚ ਪੀੜਤਾ ਦੀ ਉਮਰ ਵੱਧ ਸੀ। ਸ਼ਿਕਾਇਤ ਦੇ ਅਨੁਸਾਰ ਜਿਨਸੀ ਸ਼ੋਸ਼ਣ ਦੀ ਘਟਨਾ ਸਾਲ 2012 ਵਿੱਚ ਵਾਪਰੀ ਸੀ ਅਤੇ ਉਸੇ ਸਾਲ ਪੋਕਸੋ ਐਕਟ ਲਾਗੂ ਹੋਇਆ ਸੀ।
ਦੋਸ਼ੀ ਅਧਿਆਪਕ ਮਲਪੁਰਮ ਦੇ ਸੇਂਟ ਜੇਮਸ ਗਰਲਜ਼ ਹਾਇਰ ਸੈਕੰਡਰੀ ਸਕੂਲ 'ਚ 30 ਸਾਲਾਂ ਤੋਂ ਪੜ੍ਹਾ ਰਿਹਾ ਸੀ। ਉਹ ਇਸ ਸਾਲ ਮਾਰਚ ਵਿੱਚ ਸੇਵਾਮੁਕਤ ਹੋਇਆ। ਇਲਜ਼ਾਮ ਅਨੁਸਾਰ ਆਪਣੇ ਕਾਰਜਕਾਲ ਦੌਰਾਨ ਦੋਸ਼ੀ ਨੇ ਛੇਵੀਂ ਜਮਾਤ ਦੀਆਂ ਦਰਜਨਾਂ ਲੜਕੀਆਂ ਦਾ ਜਿਨਸੀ ਸ਼ੋਸ਼ਣ ਕੀਤਾ। ਸਕੂਲ ਅਲੂਮਨੀ ਐਸੋਸੀਏਸ਼ਨ ਦੀ ਨੁਮਾਇੰਦਗੀ ਕਰਨ ਵਾਲੀ ਉੱਘੀ ਵਕੀਲ ਅਤੇ ਸਮਾਜਿਕ ਕਾਰਕੁਨ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਦੋਸ਼ੀ ਨੇ ਆਪਣੇ ਕਰੀਅਰ ਦੌਰਾਨ ਜੂਨੀਅਰ ਜਮਾਤਾਂ ਵਿੱਚ ਪੜ੍ਹਾਇਆ ਸੀ। ਮੇਰਾ ਅੰਦਾਜ਼ਾ ਹੈ ਕਿ ਉਸ ਨੇ ਆਪਣੇ ਕਰੀਅਰ ਦੌਰਾਨ 400-500 ਵਿਦਿਆਰਥੀਆਂ ਨਾਲ ਦੁਰਵਿਵਹਾਰ ਕੀਤਾ ਹੋਵੇਗਾ।
ਕੇਰਲ ਦੇ ਸਿੱਖਿਆ ਮੰਤਰੀ ਵੀ ਸ਼ਿਵਨਕੁਟੀ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਜਾਂਚ ਕਰੇਗਾ ਕਿ ਕਥਿਤ ਦੁਰਵਿਵਹਾਰ ਦੀ ਰਿਪੋਰਟ ਕਰਨ ਵਿੱਚ ਸਕੂਲ ਪ੍ਰਬੰਧਨ ਦੀ ਕੋਈ ਕਮੀ ਤਾਂ ਨਹੀਂ ਸੀ। ਮੀਡੀਆ ਰਿਪੋਰਟਾਂ ਮੁਤਾਬਕ 60 ਤੋਂ ਵੱਧ ਵਿਦਿਆਰਥਣਾਂ ਨੇ ਅਧਿਆਪਕ ਖਿਲਾਫ ਸਕੂਲ ਪ੍ਰਬੰਧਨ ਨੂੰ ਸ਼ਿਕਾਇਤ ਕੀਤੀ ਸੀ। ਸਾਲ 2019 ਵਿੱਚ ਵੀ ਵਿਦਿਆਰਥਣਾਂ ਨੇ ਇਹ ਮੁੱਦਾ ਉਠਾਇਆ ਸੀ ਪਰ ਸਕੂਲ ਮੈਨੇਜਮੈਂਟ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਦੋਸ਼ੀ ਅਧਿਆਪਕ ਮਲਪੁਰਮ ਜ਼ਿਲ੍ਹੇ ਤੋਂ ਤਿੰਨ ਵਾਰ ਕੌਂਸਲਰ ਰਹਿ ਚੁੱਕਾ ਹੈ। ਇਸ ਸਮੇਂ ਵੀ ਇਹ ਅਹੁਦਾ ਉਨ੍ਹਾਂ ਕੋਲ ਹੀ ਸੀ ਪਰ ਵਿਵਾਦ ਤੋਂ ਬਾਅਦ ਪਾਰਟੀ ਦੇ ਨਿਰਦੇਸ਼ਾਂ 'ਤੇ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਪਾਰਟੀ ਨੇ ਦੋਸ਼ੀ ਅਧਿਆਪਕ ਨੂੰ ਬਰਖਾਸਤ ਕਰ ਦਿੱਤਾ ਹੈ। ਮਾਮਲਾ ਸਾਹਮਣੇ ਆਉਣ 'ਤੇ ਔਰਤਾਂ ਅਤੇ ਨੌਜਵਾਨਾਂ ਦੇ ਧੜਿਆਂ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਪੁਲਿਸ 'ਤੇ ਸੀਪੀਐਮ ਨੇਤਾ ਨੂੰ ਗ੍ਰਿਫਤਾਰ ਕਰਨ ਤੋਂ ਟਾਲਾ ਮਟੋਲ ਕਰਨ ਦਾ ਦੋਸ਼ ਲਗਾਇਆ।