ਪ੍ਰਸ਼ਾਸਨ ਤੱਕ ਲੋਕਾਂ ਦੀ ਅਵਾਜ਼ ਪਹੁੰਚਾਉਣ ਵਿਚ ਪ੍ਰੈਸ ਦੀ ਉਸਾਰੂ ਭੂਮਿਕਾ-ਮਨੀਸ਼ਾ ਰਾਣਾ ਆਈ.ਏ.ਐਸ
- ਐਸ.ਡੀ.ਐਮ ਨੇ ਉਪ ਮੰਡਲ ਦੇ ਪੱਤਰਕਾਰਾਂ ਨਾਲ ਵਿਸੇਸ ਮੀਟਿੰਗ ਕਰਕੇ ਮੰਗਿਆ ਸਹਿਯੋਗ
ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ 19 ਮਈ 2022:ਮਨੀਸ਼ਾ ਰਾਣਾ ਆਈ.ਏ.ਐਸ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਨੇ ਅੱਜ ਪੱਤਰਕਾਰਾਂ ਨਾਲ ਵਿਸੇਸ ਮੀਟਿੰਗ ਦੌਰਾਨ ਕਿਹਾ ਕਿ ਆਮ ਲੋਕਾਂ ਦੀ ਅਵਾਜ ਨੂੰ ਪ੍ਰਸਾਸ਼ਨ ਤੱਕ ਪਹੁੰਚਾਉਣ ਤੇ ਸਰਕਾਰ/ਪ੍ਰਸਾਸ਼ਨ ਵੱਲੋਂ ਲੋਕਹਿੱਤ ਵਿਚ ਲਏ ਫੈਸਲਿਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿਚ ਪ੍ਰੈਸ ਦੀ ਭੂਮਿਕਾ ਬੇਹੱਦ ਉਸਾਰੂ ਰਹੀ ਹੈ।
ਅੱਜ ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਮੀਟਿੰਗ ਹਾਲ ਵਿਚ ਪੱਤਰਕਾਰਾਂ ਨਾਲ ਵਿਸੇਸ ਗੱਲਬਾਤ ਦੌਰਾਨ ਐਸ.ਡੀ.ਐਮ ਮਨੀਸ਼ਾ ਰਾਣਾ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਤੇ ਧਾਰਮਿਕ ਨਗਰੀ ਦੀ ਸੇਵਾ ਦਾ ਮੌਕਾ ਉਨ੍ਹਾਂ ਨੂੰ ਮਿਲਣ ਨਾਲ ਉਹ ਆਪਣੇ ਆਪ ਨੂੰ ਬਹੁਤ ਹੀ ਭਾਗਾਂ ਵਾਲੇ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਗਰ ਦੀ ਸੇਵਾ ਨੂੰ ਉਹ ਆਪਣੇ ਜੀਵਨ ਦੇ ਮਹੱਤਵਪੂਰਨ ਸਮੇਂ ਵਜੋਂ ਮਹਿਸੂਸ ਕਰ ਰਹੇ ਹਨ। 2019 ਵਿਚ ਆਈ.ਏ.ਐਸ ਦੀ ਸਫਲਤਾ ਤੋ ਬਾਅਦ ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਜਿੰਮੇਵਾਰੀ ਸੋਪੀ ਗਈ ਹੈ।
ਇਸ ਇਲਾਕੇ ਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਤੋਂ ਉਹ ਪਹਿਲਾ ਹੀ ਜਾਣੂ ਹਨ ਅਤੇ ਹੁਣ ਇਸ ਦੀ ਭੂਗੋਲਿਕ ਸਥਿਤੀ ਦੇਖ ਕੇ ਇਥੋਂ ਦੇ ਕੁਦਰਤੀ ਸੁਹਪਣ, ਸਾਫ ਸੁਥਰੇ ਵਾਤਾਵਰਣ ਅਤੇ ਸੈਰ ਸਪਾਟੇ ਲਈ ਵਿਕਸਤ ਹੋਣ ਦੀਆਂ ਸੰਭਾਵਨਾਂਵਾਂ ਨੇ ਉਨ੍ਹਾਂ ਨੂੰ ਨਵੀ ਊਰਜਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਫ ਸੁਥਰਾ ਪ੍ਰਸਾਸ਼ਨ, ਲੋਕਾਂ ਦੀਆਂ ਮੁਸ਼ਕਿਲਾ ਤੇ ਸਮੱਸਿਆਵਾ ਨੂੰ ਹੱਲ ਕਰਨਾ ਅਤੇ ਲੋਕ ਭਲਾਈ ਸਕੀਮਾਂ ਦਾ ਲਾਭ ਸਰਕਾਰ ਦੀਆਂ ਹਦਾਇਤਾਂ ਨਾਲ ਲੋੜਵੰਦਾਂ ਤੱਕ ਪਹੁੰਚਾਉਣਾ ਉਨ੍ਹਾਂ ਦੀ ਤਰਜੀਹ ਹੋਵੇਗੀ।
ਮਨੀਸ਼ਾ ਰਾਣਾ ਨੇ ਕਿਹਾ ਕਿ ਇਸ ਇਲਾਕੇ ਵਿਚ ਸੈਰ ਸਪਾਟਾ ਦੀਆਂ ਬਹੁਤ ਸੰਭਾਵਨਾਵਾਂ ਹਨ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਪੰਜਾਬ ਸਰਕਾਰ ਵਿਚ ਇਸ ਇਲਾਕੇ ਦੀ ਪ੍ਰਤੀਨਿਧਤਾ ਕਰਦੇ ਹਨ, ਬਹੁਤ ਸਾਰੇ ਪ੍ਰੋਜੈਕਟ ਚੱਲ ਰਹੇ ਹਨ, ਕਈ ਮੁਕੰਮਲ ਹੋਣ ਨੇੜੇ ਹਨ, ਸਾਰੇ ਪ੍ਰੋਜ਼ੈਕਟਾ ਦੀ ਜਮੀਨੀ ਹਕੀਕਤ ਬਾਰੇ ਜਾਣਕਾਰੀ ਇਕੱਤਤਰਿਤ ਕੀਤੀ ਜਾਵੇਗੀ। ਵਿਕਾਸ ਨੂੰ ਤਰਜੀਹ ਦੇਵਾਂਗੇ, ਪੰਜਾਬ ਸਰਕਾਰ ਵਲੋਂ ਇਸ ਇਲਾਕੇ ਨੂੰ ਵਿਕਾਸ ਲਈ ਕਈ ਵੱਡੇ ਪ੍ਰੋਜੈਕਟ ਦਿੱਤੇ ਗਏ ਹਨ। ਇਸ ਲਈ ਹੁਣ ਇਸ ਇਲਾਕੇ ਨੂੰ ਨਮੂਨੇ ਦਾ ਬਿਹਤਰੀਨ ਸੈਰ ਸਪਾਟਾ ਕੇਂਦਰ ਬਣਾਇਆ ਜਾਵੇਗਾ। ਇਸ ਦੇ ਲਈ ਦਿਨ ਰਾਤ ਮਿਹਨਤ ਕਰਾਂਗੇ।
ਐਸ.ਡੀ.ਐਮ ਨੇ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਤੇ ਸਹਿਯੋਗ ਦੀ ਮੰਗ ਕਰਦੇ ਹੋਏ ਕਿਹਾ ਕਿ ਪ੍ਰਸਾਸ਼ਨ ਨੂੰ ਜਾਣਕਾਰੀ ਦੇਣ ਵਿਚ ਮੀਡੀਆ ਦੀ ਬਹੁਤ ਭੂਮਿਕਾ ਹੈ। ਮੀਡੀਆ ਦੇ ਸਹਿਯੋਗ ਨਾਲ ਹੀ ਹਰ ਤਰਾਂ ਦੀ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਈ ਜਾ ਸਕਦੀ ਹੈ, ਇਸ ਲਈ ਅੱਜ ਦੇ ਸਮੇਂ ਵਿਚ ਜਦੋਂ ਸੋਸ਼ਲ ਮੀਡੀਆ ਦਾ ਜਮਾਨਾ ਹੈ, ਇਸ ਲਈ ਸਹੀ ਤੇ ਸਟੀਕ ਜਾਣਕਾਰੀ ਪਹੁੰਚਾਉਣ ਵਿਚ ਸਾਨੂੰ ਸਭ ਦਾ ਸਹਿਯੋਗ ਚਾਹੀਦਾ ਹੈ। ਸਰਕਾਰ ਪ੍ਰਸਾਸ਼ਨ ਆਮ ਲੋਕਾਂ ਤੇ ਪ੍ਰੈਸ ਦੇ ਤਾਲਮੇਲ ਨਾਲ ਹੀ ਬਿਹਤਰ ਸਮਾਜ ਦੀ ਰਚਨਾ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਆਸ ਕਰਦੇ ਹਾਂ ਕਿ ਪ੍ਰੈਸ ਦਾ ਸਹਿਯੋਗ ਹਮੇਸ਼ਾ ਮਿਲਦਾ ਰਹੇਗਾ। ਇਸ ਮੌਕੇ ਆਏ ਮੀਡੀਆ ਮੈਬਰਾਂ ਨੇ ਐਸ.ਡੀ.ਐਮ ਨਾਲ ਜਾਣ ਪਹਿਚਾਣ ਕੀਤੀ, ਇਲਾਕੇ ਦੀਆਂ ਮੁਸਕਿਲਾਂ ਬਾਰੇ ਜਾਣਕਾਰੀ ਦਿੱਤੀ ਤੇ ਵਿਕਾਸ ਦੀਆ ਸੰਭਾਵਨਾਵਾ ਬਾਰੇ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।