51ਵੇਂ ਦਿਨ ਵੀ ਤਪਦੀ ਧੁੱਪ 'ਚ ਭੁੱਖ ਹੜਤਾਲ 'ਤੇ ਬੈਠੀ ਰਹੀ ਪੀੜ੍ਹਤ ਮਾਤਾ, ਪੱਕਾ ਧਰਨਾ 58ਵੇਂ ਦਿਨ 'ਚ ਸ਼ਾਮਿਲ
ਦੀਪਕ ਜੈਨ
ਜਗਰਾਉਂ 19 ਮਈ 2022: ਘਟਨਾ ਤੋਂ 16 ਸਾਲ ਬਾਦ ਸੰਗੀਨ ਧਰਾਵਾਂ ਅਧੀਨ ਦਰਜ ਕੀਤੇ ਮੁਕੱਦਮੇ 'ਚ ਨਾਮਜ਼ਦ ਡੀਐਸਪੀ , ਐਸ ਆਈ ਤੇ ਸਰਪੰਚ ਦੀ ਗ੍ਰਿਫਤਾਰੀ ਲਈ ਇਲਾਕੇ ਦੀਆਂ ਇਨਸਾਫ਼ਪਸੰਦ ਜੱਥੇਬੰਦੀਆਂ ਵਲੋ ਅਰੰਭਿਆ ਸੰਘਰਸ਼ ਅੱਜ 58ਵੇ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਧਰਨੇ ਵਿੱਚ ਪੀੜ੍ਹਤ ਮਾਤਾ ਸੁਰਿੰਦਰ ਕੌਰ ਅੱਜ 51ਵੇ ਦਿਨ ਵੀ ਤਪਦੀ ਧੁੱਪ ਵਿੱਚ ਭੁੱਖ ਹੜਤਾਲ 'ਤੇ ਬੈਠੀ ਇਨਸਾਫ਼ ਮੰਗਦੀ ਰਹੀ।ਪ੍ਰੈਸ ਨੂੰ ਜਾਰੀ ਬਿਆਨ ਵਿੱਚ ਨਿਰਮਲ ਸਿੰਘ ਧਾਲੀਵਾਲ ਅਤੇ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ 'ਤੇ ਹੋਇਆ ਅੱਤਿਆਚਾਰ ਕੋਈ ਇਕਲੌਤੀ ਘਟਨਾ ਨਹੀਂ ਤੇ ਨਾਂ ਹੀ ਪੁਲਿਸ ਹੁਣ ਸੁਧਰ ਗਈ ਹੈ। ਉਨ੍ਹਾਂ ਬਾਘਾਪੁਰਾਣਾ ਪੁਲਿਸ ਥਾਣੇ ਵਿੱਚ ਹੋਏ ਹਿਰਾਸਤੀ ਕਤਲ਼ ਦੀ ਤਾਜ਼ਾ ਘਟਨਾ ਦੇ ਹਵਾਲੇ ਵਿੱਚ ਕਿਹਾ ਕਿ ਅੱਜ ਜ਼ਾਇਜ਼-ਨਜ਼ਾਇਜ਼ ਹਿਰਾਸਤ 'ਚ ਵਾਪਰਦੀਆਂ ਅਜਿਹੀਆਂ ਘਟਨਾਵਾਂ ਭਾਰਤੀ ਮਨੁੱਖੀ ਅਧਿਕਾਰ ਕਮਿਸ਼ਨਾਂ ਦਾ ਮੂੰਹ ਚਿੜਾ ਰਹੀਆਂ ਹਨ।
ਇਥੇ ਇਹ ਦਸਣਯੋਗ ਹੈ ਕਿ ਸਥਾਨਕ ਪੁਲਿਸ ਦੇ ਤੱਤਕਾਲੀ ਥਾਣੇਦਾਰ ਗੁਰਿੰਦਰ ਬੱਲ ਤੇ ਚੌਂਕੀ ਮੁਖੀ ਰਾਜਵੀਰ ਨੇ ਮਾਤਾ ਸੁਰਿੰਦਰ ਕੌਰ ਤੇ ਧੀ ਕੁਲਵੰਤ ਕੌਰ ਨੂੰ ਅੱਧੀ ਰਾਤੋਂ ਜ਼ਬਰਦਸਤੀ ਘਰੋਂ ਚੁਕਿਆ ਅਤੇ ਥਾਣੇ ਲਿਆ ਕੇ ਅੱਧੀ ਰਾਤੀਂ ਅਣ-ਮਨੁੱਖੀ ਤਸੀਹੇ ਦਿੱਤੇਥੇ ਕਰੰਟ ਲਗਾਇਆ ਸੀ। ਥਾਣੇਦਾਰ ਵਲੋਂ ਕੀਤੇ ਜ਼ੁਲਮਾਂ ਕਾਰਨ ਕੁਲਵੰਤ ਕੌਰ ਸਰੀਰਕ ਤੌਰ 'ਤੇ ਨਕਾਰਾ ਹੋ ਕੇ ਮੰਜੇ ਤੇ 15 ਸਾਲ ਪਈ ਰਹੀ ਅੰਤ ਜ਼ਖ਼ਮਾਂ ਦੀ ਤਾਬ ਨਾਂ ਝੱਲਦੀ ਹੋਈ ਦਸੰਬਰ 2021 ਵਿੱਚ ਦੁਨੀਆਂ ਛੱਡ ਗਈ ਸੀ। ਉਨ੍ਹਾਂ ਦੱਸਿਆ ਕਿ ਮੌਕੇ ਦੇ ਐਸਐਸਪੀ ਰਾਜ ਬਚਨ ਸਿੰਘ ਸੰਧੂ ਨੇ ਇਕਬਾਲ ਸਿੰਘ ਦੇ ਬਿਆਨਾਂ 'ਤੇ ਦੋਸ਼ੀਆਂ ਖਿਲਾਫ਼ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ, ਝੂਠੇ ਕੇਸ ਵਿੱਚ ਫਸਾਉਣ ਸਬੰਧੀ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਸੀ ਪਰ ਅਜੇ ਤੱਕ ਦੋੋਸ਼ੀਆਂ ਦੀ ਗ੍ਰਿਫਤਾਰੀ ਨਾਂ ਹੋਣ ਕਾਰਨ ਪੀੜ੍ਹਤ ਪਰਿਵਾਰ ਸੰਘਰਸ਼ ਦੇ ਰਾਹ ਤੇ ਹੈ।
ਪਰਿਵਾਰ ਦੀ ਮੱਦਦ ਕਰ ਰਹੀਆਂ ਜਨਤਕ ਜੱਥੇਬੰਦੀਆਂ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੇ ਦਫ਼ਤਰ ਦਾ ਘਿਰਾਓ ਵੀ ਕਰ ਚੁੱਕੀਆਂ ਹਨ। ਇਸ ਸਮੇਂ ਭੁੱਖ ਹੜਤਾਲੀ ਮਾਤਾ ਨੇ ਕਿਹਾ ਮੇਰੀ ਬੇਟੀ ਦੀ ਮੌਤ ਤੋਂ ਬਾਦ ਪੁਲਿਸ ਨੇ ਦੋਸ਼ੀਆਂ 'ਤੇ ਪਰਚਾ ਦਰਜ ਕੀਤਾ ਹੈ ਹੁਣ ਸ਼ਾਇਦ ਗ੍ਰਿਫਤਾਰੀ ਲਈ ਪੁਲਿਸ ਅਧਿਕਾਰੀ ਪੀੜ੍ਹਤ ਪਰਿਵਾਰ ਚੋਂ ਕਿਸੇ ਹੋਰ ਮੌਤ ਦੀ ਉਡੀਕ ਕਰ ਰਹੇ ਹਨ। ਅੱਜ ਦੇ ਧਰਨੇ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸਾਧੂ ਸਿੰਘ ਅੱਚਰਵਾਲ ਤੇ ਅਵਤਾਰ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤਾਵਰ ਸਿੰਘ, ਯੂਥ ਵਿੰਗ ਕਨਵੀਨਰ ਮਨੋਹਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਕੁੱਲ ਹਿੰਦ ਕਿਸਾਨ ਸਭਾ ਵਲੋ ਨਿਰਮਲ ਸਿੰਘ ਧਾਲੀਵਾਲ, ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਬਲਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਰਾਮਤੀਰਥ ਸਿੰਘ ਲੀਲਾਂ, ਜੱਗਾ ਸਿੰਘ ਢਿੱਲੋ, ਬਾਬਾ ਬੰਤਾ ਸਿੰਘ ਡੱਲਾ, ਲੋਕ ਗਾਇਕ ਡਾਕਟਰ ਸੁਰੈਣ ਸਿੰਘ ਧੂਰਕੋਟ, ਕਿਰਤੀ ਕਿਸਾਨ ਯੂਨੀਅਨ ਦੇ ਅਵਤਾਰ ਸਿੰਘ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋ ਬੀਬੀ ਪੁਸ਼ਪਿੰਦਰ ਕੌਰ, ਹਰਜਿੰਦਰ ਕੌਰ, ਕੁਲਦੀਪ ਕੌਰ ਅਦਿ ਹਾਜ਼ਰ ਸਨ।