7 ਅਗਸਤ ਦੀ ਸੰਗਰੂਰ ਰੈਲੀ ਲਈ ਡੀਟੀਐੱਫ ਨਿਹਾਲ ਸਿੰਘ ਵਾਲਾ ਵੱਲੋੰ ਤਿਆਰੀਆਂ ਜ਼ੋਰਾਂ 'ਤੇ
ਪੰਜਾਬ ਸਰਕਾਰ ਕੀਤੇ ਚੋਣ ਵਾਅਦੇ ਪੂਰੇ ਕਰੇ : ਆਗੂ
ਸੁਖਮੰਦਰ ਹਿੰਮਤਪੁਰੀ
ਨਿਹਾਲ ਸਿੰਘ ਵਾਲਾ, 05 ਅਗਸਤ 2022: ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਵੱਲੋੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ 7 ਅਗਸਤ ਨੂੰ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਵਜੋਂ ਬਲਾਕ ਨਿਹਾਲ ਸਿੰਘ ਵਾਲ਼ਾ ਦੇ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ । ਡੀਟੀਐੱਫ ਨਿਹਾਲ ਸਿੰਘ ਵਾਲ਼ਾ ਦੇ ਪ੍ਰਧਾਨ ਅਮਨਦੀਪ ਮਾਛੀਕੇ , ਸਕੱਤਰ ਹੀਰਾ ਸਿੰਘ ਢਿੱਲੋਂ , ਵਿੱਤ ਸਕੱਤਰ ਸੁਖਜੀਤ ਕੁੱਸਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜੋ ਚੋਣ ਵਾਅਦੇ ਕੀਤੇ ਸਨ , ਉਹ ਹਾਲੇ ਜਿਉਂ ਦੀ ਤਿਉਂ ਖੜ੍ਹੇ ਹਨ । ਉਹਨਾਂ ਕਿਹਾ ਕਿ ਹਰ ਪ੍ਰਕਾਰ ਦੇ ਕੱਚੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ , ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ , ਬਦਲੀਆਂ ਵਿੱਚ ਸਟੇਅ ਦੀ ਸ਼ਰਤ ਖਤਮ ਕਰਨ , ਛੇਵੇਂ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਕੇ ਸਾਰੇ ਵਿੱਤੀ ਲਾਭ ਦੇਣ , ਕੌਮੀ ਸਿੱਖਿਆ ਨੀਤੀ ਵਾਪਿਸ ਲੈਣ ਅਤੇ ਹੋਰ ਮੰਗਾਂ ਨੂੰ ਲੈ ਕੇ ਸੰਗਰੂਰ ਵਿਖੇ ਸੂਬਾਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸਨੂੰ ਲੈ ਕੇ ਬਲਾਕ ਨਿਹਾਲ ਸਿੰਘ ਵਾਲ਼ਾ ਦੇ ਅਧਿਆਪਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਜ਼ਿਲ੍ਹਾ ਕਮੇਟੀ ਮੈਂਬਰ ਹਰਪਿੰਦਰ ਢਿੱਲੋਂ ,ਬਲਾਕ ਮੀਤ ਪ੍ਰਧਾਨ ਜੱਸੀ ਹਿੰਮਤਪੁਰਾ , ਜ਼ਿਲ੍ਹਾ ਵਿੱਤ ਸਕੱਤਰ ਗੁਰਮੀਤ ਝੋਰੜਾਂ ਅਤੇ ਸਹਾਇਕ ਸਕੱਤਰ ਜਸਵੀਰ ਸੈਦੋਕੇ ਨੇ ਕਿਹਾ ਕਿ ਕਾਰਪੋਰੇਟ ਵਿਕਾਸ ਮਾਡਲ ਨਿਰਦੇਸ਼ਤ ਕੌਮੀ ਸਿੱਖਿਆ ਨੀਤੀ ਤਹਿਤ ਹੀ ਪੰਜਾਬ ਦੀ ਸਿੱਖਿਆ ਵਿਕਸਤ ਕੀਤੀ ਜਾ ਰਹੀ ਹੈ ਜਿਸਦਾ ਨਤੀਜਾ ਪੋਸਟਾਂ ਦੇ ਉਜਾੜੇ ਅਤੇ ਅਧਿਆਪਕ ਰਹਿਤ ਸਿੱਖਿਆ ਦੇ ਰੂਪ ਵਿੱਚ ਨਿਕਲਣਾ ਹੈ । ਆਗੂਆਂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਸਿੱਖਿਆ ਪ੍ਰਤੀ ਇੰਨੀ ਹੀ ਸੁਹਿਰਦ ਹੈ ਤਾਂ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੇ , ਪ੍ਰੋਮੋਸ਼ਨ ਚੈਨਲ ਚਲਾਵੇ ਅਤੇ ਬੁਨਿਆਦੀ ਢਾਂਚਾ ਮਜ਼ਬੂਤ ਕਰੇ । ਕਮੇਟੀ ਮੈਂਬਰ ਹਰਪ੍ਰੀਤ ਰਾਮਾਂ , ਕਰਮਜੀਤ ਬੁਰਜ , ਅਮਰਜੀਤ ਪੱਤੋ ਨੇ ਕਿਹਾ ਕਿ ਉਪਰੋਕਤ ਮੰਗਾਂ ਨੂੰ ਲੈ ਕੇ ਬਲਾਕ ਨਿਹਾਲ ਸਿੰਘ ਵਾਲਾ ਦੇ ਅਧਿਆਪਕ ਵੱਡੀ ਗਿਣਤੀ ਵਿੱਚ ਸੰਗਰੂਰ ਰੈਲੀ ਵਿੱਚ ਸ਼ਮੂਲੀਅਤ ਕਰਨਗੇ । 7 ਅਗਸਤ ਨੂੰ ਸਵੇਰੇ 8 ਵਜੇ ਦੀਨਾ ਸਾਹਿਬ ਤੋਂ ਬੱਸ ਰਵਾਨਾ ਹੋਵੇਗੀ ਜੋ ਪੱਤੋ , ਜਵਾਹਰ ਸਿੰਘ ਵਾਲਾ , ਨਿਹਾਲ ਸਿੰਘ ਵਾਲ਼ਾ , ਭਾਗੀਕੇ , ਹਿੰਮਤਪੁਰਾ ਪੁਲ ਹੁੰਦੀ ਹੋਈ ਸੰਗਰੂਰ ਰਵਾਨਾ ਹੋਵੇਗੀ । ਮੀਟਿੰਗ ਵਿੱਚ ਨਵਦੀਪ ਧੂੜਕੋਟ , ਸੁਨੀਲ ਕੁਮਾਰ , ਕੁਲਵਿੰਦਰ ਸਿੰਘ , ਜੋਬਨਦੀਪ ਸਿੰਘ ਵੀ ਹਾਜ਼ਰ ਸਨ ।