ਟੀਐਸਪੀਐਲ ਨੇ ਬਣਾਂਵਾਲੀ ਵਿੱਚ ਬਣਾਇਆ ਵਾਲੀਬਾਲ ਕੋਰਟ
- ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕੀਤਾ ਉਦਘਾਟਨ
ਅਸ਼ੋਕ ਵਰਮਾ
ਮਾਨਸਾ, 8 ਅਗਸਤ2022 - ਗੁਰਪ੍ਰੀਤ ਸਿੰਘ ਬਣਾਂਵਾਲੀ ਵਿਧਾਇਕ ਹਲਕਾ ਸਰਦੂਲਗੜ੍ਹ ਨੇ ਪਿੰਡ ਬਣਾਂਵਾਲੀ ਵਿੱਚ ਤਲਵੰਡੀ ਸਾਬੋ ਪਾਵਰ ਲਿਮਟਿਡ ਵੱਲੋਂ ਬਣਾਏ ਗਏ ਵਾਲੀਬਾਲ ਕੋਰਟ ਦਾ ਪਿੰਡ ਦੇ ਸਰਪੰਚ ਅਤੇ ਟੀ.ਐੱਸ.ਪੀ.ਐੱਲ. ਪ੍ਰਬੰਧਕਾਂ ਦੀ ਹਾਜ਼ਰੀ ਵਿੱਚ ਉਦਘਾਟਨ ਕੀਤਾ ਗਿਆ। ਵਾਲੀਬਾਲ ਕੋਰਟ ਦਾ ਨਿਰਮਾਣ ਟੀ.ਐੱਸ.ਪੀ.ਐੱਲ. ਵੱਲੋਂ ਨੌਜਵਾਨਾਂ ਦੀ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ ਅਤੇ ਜ਼ਮੀਨੀ ਪੱਧਰ 'ਤੇ ਖੇਡਾਂ ਪ੍ਰਤੀ ਪ੍ਰਤਿਭਾ ਵਧਾਉਣ ਲਈ ਕੀਤਾ ਗਿਆ ਹੈ।
ਵਾਲੀਬਾਲ ਕੋਰਟ ਦੇ ਉਦਘਾਟਨ ਤੋਂ ਬਾਅਦ ਯੂਥ ਕਲੱਬ ਦੇ ਮੈਂਬਰਾਂ ਅਤੇ ਟੀ.ਐੱਸ.ਪੀ.ਐੱਲ. ਟੀਮ ਵਿਚਕਾਰ ਦੋਸਤਾਨਾ ਮੈਚ ਹੋਇਆ ਅਤੇ ਜੇਤੂ ਅਤੇ ਉਪ-ਜੇਤੂ ਟੀਮ ਨੂੰ ਸਨਮਾਨਿਤ ਕੀਤਾ ਗਿਆ। ਖੇਡਾਂ ਵਿੱਚ ਸਰਗਰਮ ਭਾਗੀਦਾਰੀ ਦੀ ਭਾਵਨਾ ਨੂੰ ਜ਼ਿੰਦਾ ਰੱਖਣ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੇ ਹੋਏ ਪੰਕਜ ਸ਼ਰਮਾ ਸੀ.ਓ.ਓ., ਟੀ.ਐੱਸ.ਪੀ.ਐੱਲ. ਨੇ ਕਿਹਾ, “ਖੇਡ ਸ਼ਾਰੀਰਿਕ ਅਤੇ ਮਾਨਸਿਕ ਤੌਰ 'ਤੇ ਸਮਾਜ ਨੂੰ ਤੰਦਰੁਸਤ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ। ਇਹ ਸਾਨੂੰ ਟੀਮ ਵਰਕ, ਧੀਰਜ, ਯੋਜਨਾਬੰਦੀ, ਲਗਨ ਅਤੇ ਧਿਆਨ ਲਗਾਉਣ ਵਰਗੇ ਗੁਣ ਵੀ ਸਿਖਾਉਂਦੀ ਹੈ, ਜੋ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਆਧਾਰ ਹਨ। ਵੇਦਾਂਤਾ ਸਮਾਜ ਲਈ ਕੰਮ ਕਰਦਾ ਹੈ ਅਤੇ ਖੇਤਰ ਦੇ ਸਰਬ- ਪੱਖੀ ਵਿਕਾਸ ਲਈ ਹਰ ਸੰਭਵ ਤਰੀਕਿਆਂ ਨਾਲ ਉਨ੍ਹਾਂ ਦਾ ਸਮਰਥਨ ਕਰਨਾ ਜਾਰੀ ਰੱਖੇਗਾ।
ਖੇਡ ਸੁਵਿਧਾ ਨੂੰ ਵਿਕਸਿਤ ਕਰਨ ਲਈ ਟੀ.ਐੱਸ.ਪੀ.ਐੱਲ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਵਿਧਾਇਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ “ਮੈਂ ਇਸ ਸਹੂਲਤ ਲਈ ਟੀ.ਐੱਸ.ਪੀ.ਐੱਲ. ਦਾ ਧੰਨਵਾਦੀ ਹਾਂ, ਜੋ ਪਿੰਡਾਂ ਦੀ ਪ੍ਰਤਿਭਾ ਨੂੰ ਵਧਾਉਣ ਵਿੱਚ ਮਦਦ ਕਰੇਗਾ ਅਤੇ ਉਹਨਾਂ ਨੂੰ ਖੇਡਾਂ ਵਿੱਚ ਅਭਿਆਸ ਕਰਨ ਅਤੇ ਉੱਤਮ ਹੋਣ ਦਾ ਮੌਕਾ ਦੇਵੇਗਾ। ਉਹਨਾਂ ਟੋਭੇ ਦੇ ਪਾਣੀ ਨੂੰ ਬੰਜਰ ਜ਼ਮੀਨ ਵਿੱਚ ਮੋੜਨ ਲਈ ਲਗਭਗ 2 ਕਿਲੋਮੀਟਰ ਲੰਬੀ ਡਰੇਨੇਜ ਪਾਈਪਲਾਈਨ ਵਿਛਾਉਣ ਵਿੱਚ ਟੀ.ਐੱਸ.ਪੀ.ਐੱਲ. ਦੇ ਯੋਗਦਾਨ ਲਈ ਵੀ ਧੰਨਵਾਦ ਕੀਤਾ।
ਦੱਸਣਯੋਗ ਹੈ ਕਿ ਟੀ.ਐੱਸ.ਪੀ.ਐੱਲ ਪੰਜਾਬ ਵਿੱਚ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਪਹਿਲਕਦਮੀਆਂ ਵਿੱਚ ਸਭ ਤੋਂ ਅੱਗੇ ਹੈ। ਕੰਪਨੀ ਨੇ ਮਾਨਸਾ ਅਤੇ ਬਠਿੰਡਾ ਦੇ ਖੇਤਰਾਂ ਵਿੱਚ ਸਮਾਜਿਕ-ਆਰਥਿਕ ਵਿਕਾਸ ਤਹਿਤ ਪਲਾਂਟ ਦੇ ਆਲੇ-ਦੁਆਲੇ ਅਤੇ ਇਸ ਤੋਂ ਦੂਰ ਕਈ ਪ੍ਰਭਾਵਸ਼ਾਲੀ ਵਿਕਾਸ ਪ੍ਰੋਜੈਕਟ ਕੀਤੇ ਹਨ।