ਕੋਟਕਪੂਰਾ ਪੁਲਿਸ ਵਲੋਂ ਵੱਖ-ਵੱਖ ਇਲਾਕਿਆਂ ਵਿੱਚ ਚਲਾਇਆ ਗਿਆ ਸਰਚ ਅਭਿਆਨ
ਦੀਪਕ ਗਰਗ,ਬਾਬੂਸ਼ਾਹੀ ਨੈਟਵਰਕ
ਕੋਟਕਪੂਰਾ 09 ਅਗਸਤ 2022 - ਜਿਲਾ ਪੁਲਸ ਮੁਖੀ ਰਾਜਪਾਲ ਸਿੰਘ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਸ਼ਮਸ਼ੇਰ ਸਿੰਘ ਸ਼ੇਰ ਗਿੱਲ ਡੀ.ਐਸ.ਪੀ. ਕੋਟਕਪੂਰਾ ਅਤੇ ਇੰਸਪੈਕਟਰ ਸੰਜੀਵ ਕੁਮਾਰ ਐਸ.ਐਚ.ਓ. ਥਾਣਾ ਸਿਟੀ ਕੋਟਕਪੂਰਾ ਦੀ ਅਗਵਾਈ ਹੇਠ ਕੋਟਕਪੂਰਾ ਪੁਲਸ ਵੱਲੋਂ ਬੁਰੇ ਅਨਸਰਾਂ ਖਿਲਾਫ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਰਚ ਮੁਹਿੰਮ ਚਲਾਈ ਗਈ। ਇਸ ਦੌਰਾਨ ਇੰਸਪੈਕਟਰ ਸੰਜੀਵ ਕੁਮਾਰ ਐਸ.ਐਚ.ਓ. ਦੀ ਅਗਵਾਈ ਹੇਠ ਥਾਣਾ ਸਿਟੀ ਅਤੇ ਹੋਰ ਪੁਲਸ ਕਰਮਚਾਰੀਆਂ ਦੇ ਸਹਿਯੋਗ ਨਾਲ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਸਥਿਤ ਸਬਜੀ ਮੰਡੀ ਦੇ ਨਾਲ ਵੱਡੀ ਗਿਣਤੀ ਵਿੱਚ ਬਣੀਆਂ ਹੋਈਆਂ ਝੁੱਗੀ-ਝੌਂਪੜੀਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲਸ ਕਰਮਚਾਰੀਆਂ ਵੱਲੋਂ ਉੱਥੇ ਪਏ ਸਮਾਨ ਅਤੇ ਹੋਰ ਆਲੇ-ਦੁਆਲੇ ਦੇ ਇਲਾਕਿਆਂ ਦੀ ਬਰੀਕੀ ਨਾਲ ਜਾਂਚ ਪੜ੍ਹਤਾਲ ਕੀਤੀ ਗਈ।
ਇਸ ਤੋਂ ਇਲਾਵਾ ਉੱਥੇ ਰਹਿ ਰਹੇ ਲੋਕਾਂ ਤੋਂ ਵੀ ਪੁੱਛ-ਗਿੱਛ ਕਰਨ ਤੋਂ ਇਲਾਵਾ ਉਨ੍ਹਾਂ ਬਾਰੇ ਵੀ ਬਰੀਕੀ ਨਾਲ ਜਾਣਕਾਰੀ ਲਈ ਗਈ। ਜਿਕਰਯੋਗ ਹੈ ਕਿ ਸ਼ਮਸ਼ੇਰ ਸਿੰਘ ਸ਼ੇਰ ਗਿੱਲ ਡੀ.ਐਸ.ਪੀ. ਕੋਟਕਪੂਰਾ ਦੀ ਅਗਵਾਈ ਹੇਠ ਸਥਾਨਕ ਆਨੰਦ ਨਗਰ ਇਲਾਕੇ ਵਿੱਚ ਜਾਂਚ-ਪੜਤਾਲ ਕੀਤੀ ਗਈ ਸੀ। ਇਸ ਤੋਂ ਇਲਾਵਾ ਇੰਸਪੈਕਟਰ ਸੰਜੀਵ ਕੁਮਾਰ ਦੀ ਅਗਵਾਈ ਹੇਠ ਪੁਲਸ ਦੀਆਂ ਟੀਮਾਂ ਵੱਲੋਂ ਸਥਾਨਕ ਜੈਤੋ ਰੋਡ ਅਤੇ ਜਲਾਲੇਆਣਾ ਰੋਡ ਇਲਾਕਿਆਂ ਵਿੱਚ ਵੀ ਸਰਚ ਮੁਹਿੰਮ ਚਲਾਈ ਗਈ। ਇਸ ਦੌਰਾਨ ਇੰਸਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਤਿਉਹਾਰ ਦੇ ਸੀਜ਼ਨ ਦੌਰਾਨ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜਰ ਰੱਖਦੇ ਹੋਏ ਪੁਲਸ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਇਲਾਕਾ ਵਾਸੀਆਂ ਨੂੰ ਪੁਲਸ ਦੀ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਸ਼ੱਕੀ ਵਿਅਕਤੀ, ਸ਼ੱਕੀ ਵਸਤੂ ਜਾਂ ਕੋਈ ਬੁਰੇ ਅਨਸਰ ਬਾਰੇ ਜਾਣਕਾਰੀ ਹੋਵੇ ਤਾਂ ਇਸਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਜਾਵੇ।