ਗੁਰਦਾਸਪੁਰ : ਪੁਲਿਸ ਮੁਲਾਜ਼ਮਾਂ ਨੇ ਕੁੜੀਆਂ ਕੋਲੋਂ ਆਪਣੇ ਗੁੱਟ ’ਤੇ ਬੰਨਵਾਈਆਂ ਰੱਖੜੀਆਂ, ਮਹਿਲਾਵਾਂ ਨੇ ਕੀਤੀ ਸ਼ਲਾਘਾ
ਰੋਹਿਤ ਗੁਪਤਾ
ਗੁਰਦਾਸਪੁਰ, 11 ਅਗਸਤ, 2022: ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਅੱਜ ਇਥੇ ਬਾਜ਼ਾਰਾਂ ਵਿਚ ਨਿਕਲ ਕੇ ਕੁੜੀਆਂ ਦੇ ਕੋਲੋਂ ਰੱਖੜੀਆਂ ਬਣਵਾ ਰਹੇ ਹਨ। ਐਸ ਐਚ ਓ ਗੁਰਦਾਸਪੁਰ ਗੁਰਮੀਤ ਸਿੰਘ ਨੇ ਕਿਹਾ ਕਿ ਇਸ ਉਪਰਾਲੇ ਨਾਲ਼ ਆਪਸੀ ਸਾਂਝ ਵਧੇਗੀ ਅਤੇ ਮਹਿਲਾਵਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੀਆਂ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਵਿੱਚ ਤਾਇਨਾਤ ਮੁਲਾਜ਼ਮ ਆਪਣੇ ਘਰਾਂ ਵਿੱਚ ਨਹੀਂ ਜਾ ਸਕਦੇ, ਇਸ ਲਈ ਅੱਜ ਉਹਨਾਂ ਨੇ ਬਜ਼ਾਰਾਂ ਵਿਚ ਜਾ ਕੇ ਇਹ ਰੱਖੜੀ ਦਾ ਤਿਉਹਾਰ ਮਨਾਇਆ ਹੈ। ਇਸ ਨਾਲ ਲੋਕਾਂ ਵਿੱਚ ਖਾਸ ਕਰ ਔਰਤਾਂ ਵਿਚ ਇਹ ਸੰਦੇਸ਼ ਜਾਏਗਾ ਕਿ ਪੰਜਾਬ ਪੁਲਿਸ ਅਧਿਕਾਰੀ ਤੇ ਕਰਮਚਾਰੀ ਉਹਨਾਂ ਦੀ ਸੁਰੱਖਿਆ ਲਈ ਵਚਨਬੱਧ ਹਨ। ਔਰਤਾਂ ਪੁਲਿਸ ਵਾਲਿਆਂ ਨੂੰ ਆਪਣਾ ਸਹਿਯੋਗੀ ਸਮਝਦੇ ਹੋਏ ਲੋੜ ਪੈਣ ’ਤੇ ਹਰ ਮੁਸ਼ਕਲ ਘੜੀ ਵਿਚ ਉਨ੍ਹਾਂ ਦਾ ਸਹਿਯੋਗ ਲੈ ਸਕਦੀਆਂ ਹਨ।
ਉਥੇ ਹੀ ਰੱਖੜੀ ਬੰਨ੍ਹਣ ਵਾਲੀਆਂ ਮਹਿਲਾਵਾਂ ਨੇ ਪੁਲਿਸ ਅਧਿਕਾਰੀਆਂ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਮਹਿਲਾਵਾਂ ਵਿਚ ਪੁਲਿਸ ਕਰਮਚਾਰੀਆਂ ਤੇ ਅਧਿਕਾਰੀਆਂ ਪ੍ਰਤੀ ਆਦਰ ਭਾਵ ਵਧੇਗਾ।