ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ 8 ਅਕਤੂਬਰ ਨੂੰ ਜੰਗਲਾਤ ਮੰਤਰੀ ਦੇ ਹਲਕੇ ਭੋਆ ਵਿੱਚ ਰੈਲੀ ਕਰਨਗੇ ਜੰਗਲਾਤ ਕਾਮੇ
ਰੋਹਿਤ ਗੁਪਤਾ ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 1 ਅਕਤੂਬਰ ਪਿਛਲੇ 25 ਸਾਲਾਂ ਤੋਂ ਲਗਾਤਾਰ ਜੰਗਲਾਤ ਵਿਭਾਗ ਵਿਚ ਮਾਮੂਲੀ ਦਿਹਾੜੀ ਤੇ ਕੰਮ ਕਰਦੇ ਜੰਗਲਾਤ ਕਾਮਿਆਂ ਨੂੰ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਝੂਠੇ ਵਾਅਦਿਆਂ ਤੋਂ ਸਿਵਾਏ ਪੱਕਾ ਕਰਨ ਲਈ ਕੋਈ ਠੋਸ ਭਰੋਸਾ ਨਹੀਂ ਮਿਲਿਆ। ਇਸ ਲਈ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵੱਲੋਂ ਜੰਗਲਾਤ ਮੰਤਰੀ ਸ੍ਰੀ ਲਾਲ ਚੰਦ ਕਟਾਰੂ ਚੱਕ ਦੇ ਵਿਧਾਨ ਸਭਾ ਹਲਕੇ ਵਿਚ ਰੋਸ ਰੈਲੀ ਕਰਨ ਦਾ ਫੈਸਲਾ ਕੀਤਾ ਹੈ। ਜਥੇਬੰਦੀ ਵੱਲੋਂ ਆਪਣੇ ਵਿਭਾਗ ਦੇ ਮੁਖੀ ਜ਼ਿਲ੍ਹਾ ਵਣ ਮੰਡਲ ਅਫ਼ਸਰ ਗੁਰਦਾਸਪੁਰ ਰਾਹੀਂ ਮੰਗ ਪੱਤਰ ਭੇਜਿਆ ਗਿਆ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਸਰਵਾਲੀ ਨੇ ਕਿਹਾ ਕਿ ਸਰਕਾਰਾਂ ਵੱਲੋਂ ਜੰਗਲਾਤ ਕਾਮਿਆਂ ਨੂੰ ਪੱਕਾ ਰੁਜ਼ਗਾਰ ਤਾਂ ਕੀ ਦੇਣਾ ਸੀ ਬਲਕਿ ਹਰ ਸਾਲ ਅਕਤੂਬਰ ਮਹੀਨੇ ਕੰਮ ਨਾ ਹੋਣ ਦੇ ਬਹਾਨੇ ਹੇਠ ਕੰਮ ਤੋਂ ਹਟਾ ਦਿੱਤਾ ਜਾਂਦਾ ਹੈ।
ਮੌਜੂਦਾ ਸਰਕਾਰ ਵੱਲੋਂ ਪਿਛਲੀਆਂ ਸਰਕਾਰਾਂ ਵਾਂਗ ਆਪਣੇ ਚੋਣ ਮੈਨੀਫੈਸਟੋ ਵਿੱਚ 36000 ਕੱਚੇ ਕਾਮਿਆਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਨੂੰ ਪੱਕੇ ਕਰਨ ਦੀ ਬਜਾਏ ਛੇ ਛੇ ਮਹੀਨੇ ਤਨਖਾਹਾਂ ਤੋਂ ਵਾਂਝਿਆਂ ਰਹਿਣਾ ਪੈਂਦਾ ਹੈ। ਮੌਜੂਦਾ ਸਰਕਾਰ ਵੱਲੋਂ ਘੱਟੋ ਘੱਟ ਉਜਰਤ ਕਾਨੂੰਨ ਤਹਿਤ ਪਿਛਲੇ ਇਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਦਿਨੋਂ ਦਿਨ ਵਧ ਰਹੀ ਮਹਿੰਗਾਈ ਅਨੁਸਾਰ ਉਨ੍ਹਾਂ ਦੀ ਉਜਰਤ ਵਿਚ ਕੋਈ ਵਾਧਾ ਨਹੀਂ ਕੀਤਾ। ਵਰਕਰਾਂ ਨੂੰ ਕੋਈ ਸਰਕਾਰੀ ਸਹੂਲਤ ਨਹੀਂ ਦਿੱਤੀ ਜਾ ਰਹੀ। ਜੰਗਲਾਤ ਮੰਤਰੀ ਵੱਲੋਂ ਉਨ੍ਹਾਂ ਨਾਲ ਕਈ ਵਾਰ ਮੀਟਿੰਗ ਵਿੱਚ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ ਪਰ ਕੋਈ ਠੋਸ ਹੱਲ ਨਹੀਂ ਹੋਇਆ। ਮੰਗ ਪੱਤਰ ਦੇਣ ਸਮੇਂ ਅਨੇਕ ਚੰਦ ਪਾਹੜਾ ਅਸ਼ਵਨੀ ਕੁਮਾਰ ਬਲਕਾਰ ਸਿੰਘ ਕਸ਼ਮੀਰ ਸਿੰਘ ਰਣਧੀਰ ਸਿੰਘ ਜਸਬੀਰ ਸਿੰਘ ਬਲਵੀਰ ਸਿੰਘ ਕਾਦੀਆਂ ਹਰਦੇਵ ਸਿੰਘ ਝਿਰਮਲ ਸਿੰਘ ਹਾਜ਼ਰ ਸਨ।