ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੀ ਫੁੱਲ ਡਰੈੱਸ ਰਿਹਰਸਲ ਅੱਜ
ਡਿਪਟੀ ਕਮਿਸ਼ਨਰ ਨੇ ਪੁਲਿਸ ਲਾਈਨ ਵਿਖੇ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਅਧਿਕਾਰੀਆਂ ਨੂੰ ਸੌਂਪੀ ਗਈ ਡਿਊਟੀ ਤਨਦੇਹੀ ਤੇ ਮਿਹਨਤ ਨਾਲ ਨਿਭਾਉਣ ਦੇ ਦਿੱਤੇ ਨਿਰਦੇਸ਼
ਸੁਰੱਖਿਆ, ਪਾਰਕਿੰਗ ਤੇ ਟੈ੍ਰਫਿਕ ਕੰਟਰੋਲ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ : ਐਸ.ਐਸ.ਪੀ.
ਹੁਸ਼ਿਆਰਪੁਰ, 23 ਜਨਵਰੀ 2023: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੀ ਫੁੱਲ ਡਰੈੱਸ ਰਿਹਰਸਲ 24 ਜਨਵਰੀ ਨੂੰ ਪੁਲਿਸ ਲਾਈਨ ਗਰਾਊਂਡ ਹੁਸ਼ਿਆਰਪੁਰ ਵਿਖੇ ਕਰਵਾਈ ਜਾਵੇਗੀ। ਉਹ ਅੱਜ ਪੁਲਿਸ ਲਾਈਨ ਗਰਾਉਂਡ ਵਿਖੇ ਜ਼ਿਲ੍ਹਾ ਪੱਧਰੀ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ। ਉਨ੍ਹਾਂ ਇਸ ਦੌਰਾਨ ਵੱਖ-ਵੱਖ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਸੌਂਪਦੇ ਹੋਏ ਨਿਰਦੇਸ਼ ਦਿੱਤੇ ਕਿ ਉਹ ਸੌਂਪੀ ਗਈ ਡਿਊਟੀ ਤਨਦੇਹੀ ਅਤੇ ਮਿਹਨਤ ਨਾਲ ਨਿਭਾਉਣ। ਇਸ ਮੌਕੇ ਉਨ੍ਹਾਂ ਨਾਲ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ’ਤੇ ਜ਼ਿਲ੍ਹਾ ਪੱਧਰੀ ਸਮਾਰੋਹ ਪੁਲਿਸ ਲਾਈਨ ਗਰਾਊਂਡ ਵਿਚ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਸਮਾਰੋਹ ਦੌਰਾਨ ਜਿਥੇ ਆਜ਼ਾਦੀ ਘੁਲਾਟੀਆਂ ਦਾ ਸਨਮਾਨ ਕੀਤਾ ਜਾਵੇਗਾ, ਉਥੇ ਵਿਲੱਖਣ ਪ੍ਰਾਪਤੀਆਂ ਵਾਲੀਆਂ ਸਖਸ਼ੀਅਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੌਕੇ ਵੱਖ-ਵੱਖ ਵਿਭਾਗਾਂ ਵਲੋਂ ਵਿਕਾਸ ਕੰਮਾਂ ਨੂੰ ਦਰਸਾਉਂਦੀਆਂ ਝਾਕੀਆਂ ਵੀ ਕੱਢੀਆਂ ਜਾਣਗੀਆਂ।
ਕੋਮਲ ਮਿੱਤਲ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਮਾਰੋਹ ਦੌਰਾਨ ਵੱਖ-ਵੱਖ ਸਕੂਲੀ ਬੱਚਿਆਂ ਵਲੋਂ ਮਾਸ ਪੀ.ਟੀ. ਸ਼ੋਅ ਤੇ ਸਭਿਆਚਾਰਕ ਪ੍ਰੋਗਰਾਮ ਦੀਆਂ ਤਿਆਰੀਆਂ ਸਹੀ ਢੰਗ ਨਾਲ ਕਰਵਾ ਲਈਆਂ ਜਾਣ। ਉਨ੍ਹਾਂ ਵਿਭਾਗਾਂ ਵਲੋਂ ਕੱਢੀਆਂ ਜਾਣ ਵਾਲੀਆਂ ਝਾਕੀਆਂ, ਬੈਰੀਕੇਡਿੰਗ, ਪੁਰਸਕਾਰਾਂ ਦੀ ਵੰਡ, ਪ੍ਰਸੰਸਾ ਪੱਤਰਾਂ ਦੀ ਵੰਡ, ਸਟੇਜ ਦੀ ਸਜਾਵਟ, ਪੀਣ ਵਾਲੇ ਪਾਣੀ, ਮੁਢਲੀ ਸਿਹਤ ਸੁਵਿਧਾ, ਪਾਰਕਿੰਗ, ਸਕਿਊਰਿਟੀ ਤੇ ਟ੍ਰੈਫਿਕ ਪ੍ਰਬੰਧ, ਬੈਠਣ ਦੇ ਪ੍ਰਬੰਧ ਸਮੇਤ ਵੱਖ-ਵੱਖ ਕੰਮਾਂ ਸਬੰਧੀ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ।
ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਜ਼ਿਲ੍ਹਾ ਪੱਧਰੀ ਸਮਾਗਮ ਸਬੰਧੀ ਸਾਰੇ ਸੁਰੱਖਿਆ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ, ਬੈਰੀਕੇਡਿੰਗ, ਪਾਰਕਿੰਗ ਤੇ ਟੈ੍ਰਫਿਕ ਕੰਟਰੋਲ ਸਬੰਧੀ ਵਿਸ਼ੇਸ਼ ਤਿਆਰੀਆਂ ਕਰ ਲਈਆਂ ਗਈਆਂ ਹਨ।
ਇਸ ਮੌਕੇ ਐਸ.ਡੀ.ਐਮ. ਪ੍ਰੀਤਇੰਦਰ ਸਿੰਘ ਬੈਂਸ, ਐਸ.ਪੀ. (ਹੈਡਕੁਆਟਰ) ਮਨਜੀਤ ਕੌਰ, ਜ਼ਿਲ੍ਹਾ ਮਾਲ ਅਫ਼ਸਰ ਗੁਰਮੀਤ ਸਿੰਘ ਮਾਨ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।