ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਖਟਕੜ ਕਲਾਂ ਖੋਲ੍ਹਣ ਦੀ ਮੰਗ
ਰਾਜਿੰਦਰ ਕੁਮਾਰ
ਬੰਗਾ 29 ਜਨਵਰੀ 2023 : ਪੰਜਾਬੀ ਸਾਹਿਤ ਸਭਾ ਖਟਕੜ ਕਲਾਂ (ਬੰਗਾ) ਅਤੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਖਟਕੜ ਕਲਾਂ ਨੇ ਪਿੰਡ ਖਟਕੜ ਕਲਾਂ ਵਿਖੇ ਇਕ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਇਕ ਮੰਗ ਪੱਤਰ ਭੇਜ ਕੇ ਲਾਇਬਰੇਰੀ ਨੂੰ ਲਗਾਤਾਰ ਖੋਲ੍ਹਣ ਦੀ ਮੰਗ ਕੀਤੀ ਗਈ। ਦੋਨਾਂ ਸੰਸਥਾਵਾਂ ਨੇ ਪਿੰਡ ਖਟਕੜ ਕਲਾਂ ਦੀ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਨੂੰ ਬੰਦ ਰੱਖਣ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਲਾਇਬਰੇਰੀ ਨੂੰ ਸਵੇਰੇ ਦਸ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਰੋਜਾਨਾ ਸੱਤੇ ਦਿਨ ਬਿਨ੍ਹਾਂ ਨਾਗਾ ਖੋਲ੍ਹਣ ਦੀ ਮੰਗ ਕੀਤੀ। ਯਾਦ ਰਹੇ ਕਿ ਇਹ ਲਾਇਬਰੇਰੀ ਸ੍ਰੀ ਕ੍ਰਿਸ਼ਨ ਕੁਮਾਰ ਡਿਪਟੀ ਕਮਿਸ਼ਨਰ ਦੇ ਕਾਰਜਕਾਲ ਸਮੇਂ ਹੋਂਦ ਵਿਚ ਆਈ ਸੀ। ਕਰੋਨਾ ਕਾਲ ਤੋਂ ਬਾਅਦ ਇਹ ਸੰਸਥਾ ਲੱਗਭਗ ਬੰਦ ਹੀ ਹੈ ਸਿਰਫ਼ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਅਤੇ ਜਨਮ ਦਿਹਾੜੇ ਸਮੇਂ ਹੀ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਖੋਲ੍ਹੀ ਜਾਂਦੀ ਹੈ। ਯਾਦ ਰਹੇ ਕਿ ਪੰਜਾਬੀ ਸਾਹਿਤ ਸਭਾ ਖਟਕੜ ਕਲਾਂ (ਬੰਗਾ) ਦੇ ਆਹੁਦੇਦਾਰ ਦੋ ਸਾਲਾਂ ਪਹਿਲਾਂ ਇਸ ਸੰਸਥਾ ਨੂੰ ਚਲਾਉਣ ਵਾਲੇ ਟਰੱਸਟ ਨੂੰ ਨਿੱਜੀ ਤੌਰ ਮਿਲ ਕੇ ਬੇਨਤੀਆਂ ਕਰ ਚੁੱਕੇ ਹਨ। ਇਸੇ ਤਰ੍ਹਾਂ ਦੋ ਸਾਲਾਂ ਪਹਿਲਾਂ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਨੂੰ ਮੰਗ ਪੱਤਰ ਭੇਜ ਚੁੱਕੀ ਹੈ। ਆਪ ਪਾਰਟੀ ਦੇ ਹਲਕਾ ਇੰਚਾਰਜ ਨੂੰ ਵੀ ਪਿਛਲੇ ਛੇ ਮਹੀਨਿਆਂ ਵਿਚ ਨਿੱਜੀ ਰੂਪ ਵਿਚ ਦੋ ਵਾਰ ਮਿਲ ਕੇ ਬੇਨਤੀਆਂ ਕਰ ਚੁੱਕੇ ਹਨ। ਅਜੇ ਕਿਸੇ ਨੇ ਵੀ ਇਸ ਮੰਗ ਵੱਲ ਧਿਆਨ ਦੇ ਕੇ ਲਾਇਬਰੇਰੀ ਨੂੰ ਲਗਾਤਾਰ ਸਮਾਂ-ਵੱਧ ਖੋਲ੍ਹਣ ਲਈ ਕੋਈ ਉਪਰਾਲਾ ਨਹੀਂ ਕੀਤਾ। ਅੱਜ ਦੀ ਮੀਟਿੰਗ ਵਿਚ ਪੰਜਾਬੀ ਸਾਹਿਤ ਸਭਾ ਖਟਕੜ ਕਲਾਂ (ਬੰਗਾ) ਦੇ ਸਰਪ੍ਰਸਤ ਹਰਬੰਸ ਹੀਉਂ, ਸਲਾਹਕਾਰ ਦੀਪ ਕਲੇਰ, ਪ੍ਰਧਾਨ ਮੋਹਣ ਬੀਕਾ, ਮੀਤ ਪ੍ਰਧਾਨ ਗੁਰਦੀਪ ਸੈਣੀ, ਜਨਰਲ ਸਕੱਤਰ ਤਲਵਿੰਦਰ ਸ਼ੇਰਗਿੱਲ, ਮੀਤ ਸਕੱਤਰ ਸ਼ਿੰਗਾਰਾ ਲੰਗੇਰੀ, ਜਸਵੰਤ ਖਟਕੜ, ਹਰੀ ਰਾਮ ਰਸੂਲਪੁਰੀ, ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਖਟਕੜ ਕਲਾਂ ਦੇ ਪ੍ਰਧਾਨ ਗੁਰਜੀਤ ਦੁਸਾਂਝ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਤਰਲੋਚਨ ਸਿੰਘ, ਕੁਲਵਿੰਦਰ ਖਟਕੜ, ਰਾਜਪਾਲ, ਗੁਰਦੀਪ ਸਿੰਘ ਆਦਿ ਸ਼ਾਮਿਲ ਹੋਏ।