ਵਾਤਾਵਰਨ ਦੀ ਰਾਖੀ ਲਈ ਹਰੇਕ ਨਾਗਰਿਕ ਨੂੰ ਸਾਂਝੇ ਤੌਰ 'ਤੇ ਹੰਭਲਾ ਮਾਰਨ ਦੀ ਜ਼ਰੂਰਤ: ਡਾ. ਸਤਵਿੰਦਰਪਾਲ ਸਿੰਘ
‘‘ਪਲਾਸਟਿਕ ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ’’ ਥੀਮ ਨਾਲ ਮਨਾਇਆ ਗਿਆ ਵਿਸ਼ਵ ਵਾਤਾਵਰਨ ਦਿਵਸ
ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ 50 ਕਿਸਮ ਦੇ ਲਗਾਏ ਗਏ ਫੁੱਲਦਾਰ ਤੇ ਫਲਦਾਰ ਬੂਟੇ
ਪ੍ਰਮੋਦ ਭਾਰਤੀ
ਨਵਾਂਸ਼ਹਿਰ 5 ਜੂਨ 2023 :- ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵਿੰਦਰਪਾਲ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਅੱਜ ਵਾਤਾਵਰਨ ਸੰਭਾਲ ਸੁਸਾਇਟੀ, ਨਵਾਂਸ਼ਹਿਰ ਦੇ ਸਹਿਯੋਗ ਨਾਲ 50 ਕਿਸਮ ਦੇ ਫੁੱਲਦਾਰ ਤੇ ਫਲਦਾਰ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਸਾਲ ਵਿਸ਼ਵ ਵਾਤਾਵਰਨ ਦਿਵਸ ਦਾ ਥੀਮ ‘ਪਲਾਸਟਿਕ ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ’ ਹੈ।
ਇਸ ਮੌਕੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵਿੰਦਰਪਾਲ ਸਿੰਘ ਨੇ ਵਿਸ਼ਵ ਵਾਤਾਵਰਨ ਦਿਵਸ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਗਲੋਬਲ ਵਾਰਮਿੰਗ ਨੂੰ ਘਟਾਉਣ ਅਤੇ ਧਰਤੀ 'ਤੇ ਹਰੀ ਚਾਦਰ ਵਧਾਉਣ ਲਈ ਫੁੱਲਦਾਰ ਤੇ ਫਲਦਾਰ ਬੂਟੇ ਲਗਾ ਕੇ ਹਰ ਵਿਅਕਤੀ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਧਰਤੀ ਨੂੰ ਵੱਧ ਤੋਂ ਵੱਧ ਹਰਿਆਲੀ ਦੇ ਘੇਰੇ ਵਿਚ ਲਿਆਉਣ ਦੀ ਜ਼ਿੰਮੇਵਾਰੀ ਨਿਭਾਉਣ ਲਈ ਅਪੀਲ ਕੀਤੀ।
ਡਾ. ਸਤਵਿੰਦਰਪਾਲ ਸਿੰਘ ਨੇ ਆਮ ਲੋਕਾਂ ਨੂੰ ਦੂਸ਼ਿਤ ਵਾਤਾਵਰਨ ਅਤੇ ਪ੍ਰਦੂਸ਼ਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਦੇ ਹੋਏ ਵਾਤਾਵਰਨ ਪ੍ਰਣਾਲੀ ਦੀ ਰਾਖੀ ਲਈ ਹਰੇਕ ਨਾਗਰਿਕ ਨੂੰ ਸਾਂਝੇ ਤੌਰ ਉੱਤੇ ਹੰਭਲਾ ਮਾਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਅਜੋਕੇ ਸਮੇਂ ਵਿਚ ਵਾਤਾਵਰਨ ਪ੍ਰਣਾਲੀ ਦੇ ਪਤਨ ਨੂੰ ਰੋਕਣ ਦੀ ਬੇਹੱਦ ਸਖਤ ਜ਼ਰੂਰਤ ਹੈ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਹੰਢਣਸਾਰ ਵਾਤਾਵਰਨ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਵਾਤਾਵਰਨ ਦੀ ਹਰ ਕੀਮਤ ’ਤੇ ਰੱਖਿਆ ਕਰਨੀ ਚਾਹੀਦੀ ਹੈ।
ਡਾ ਸਿੰਘ ਨੇ ਦੱਸਿਆ ਕਿ ਵਧਦੇ ਪ੍ਰਦੂਸ਼ਣ, ਵੱਧ ਰਹੀ ਆਬਾਦੀ ਅਤੇ ਬੇਲੋੜੇ ਕੱਟੇ ਜਾ ਰਹੇ ਦਰੱਖਤਾਂ ਦੇ ਕਾਰਨ ਹੀ ਧਰਤੀ ਦੇ ਵਾਤਾਵਰਨ ‘ਤੇ ਅਸਰ ਪੈ ਰਿਹਾ ਹੈ। ਸਾਨੂੰ ਐਸੇ ਪੌਦੇ ਲਗਾਉਣੇ ਚਾਹੀਦੇ ਹਨ, ਜਿਨ੍ਹਾ ਕਰਕੇ ਸਾਡਾ ਵਾਤਾਵਰਨ ਸਾਫ਼ ਰਹੇ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਫ ਅਤੇ ਸਵੱਛ ਵਾਤਾਵਰਨ ਮਿਲ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਸਾਨੂੰ ਅਪਣੇ ਘਰਾਂ ਵਿੱਚ ਅਤੇ ਆਲੇ ਦੁਆਲੇ ਵੱਧ ਤੋਂ ਵੱਧ ਤੁਲਸੀ ਦੇ ਪੌਦੇ ਅਤੇ ਹੋਰ ਫਲਦਾਰ ਅਤੇ ਛਾਂਦਾਰ ਪੌਦੇ ਲਗਾਉਣੇ ਚਾਹੀਦੇ ਹਨ।
ਇਸ ਮੌਕੇ ਡਾ ਗੁਰਪਾਲ ਕਟਾਰੀਆ ਨੇ ਕਿਹਾ ਕਿ ਅੱਜ ਦੇ ਇਸ ਪੌਦੇ ਲਗਾਉਣ ਦਾ ਮਕਸਦ ਲੋਕਾਂ ਨੂੰ ਅਪਣੇ ਵਾਤਾਵਰਨ ਦੀ ਰੱਖਿਆ ਕਰਨ ਲਈ ਜਾਗਰੂਕ ਕਰਨਾ ਹੈ। ਇਸ ਦਿਨ ਨੁੂੰ ਮਨਾਉਣ ਦਾ ਇਹ ਹੀ ਉਦੇਸ਼ ਹੈ ਕਿ ਵੱਧ ਤੋਂ ਵੱਧ ਲੋਕਾਂ ਨੁੂੰ ਆਪਣੇ ਵਾਤਾਵਰਨ ਨੂੰ ਸਿਹਤਮੰਦ ਬਣਾਉਣ ਲਈ ਜਾਗਰੂਕ ਕੀਤਾ ਜਾ ਸਕੇ।
ਡਾ. ਨਿਰਮਲ ਕੁਮਾਰ ਨੇ ਆਮ ਲੋਕਾਂ ਨੂੰ ਦੂਸ਼ਿਤ ਵਾਤਾਵਰਨ ਅਤੇ ਪ੍ਰਦੂਸ਼ਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਦਾ ਵੱਧ ਰਿਹਾ ਪੱਧਰ ਵਾਤਾਵਰਨ ਦੇ ਨਾਲ-ਨਾਲ ਮਨੁੱਖਾਂ ਲਈ ਵੀ ਖਤਰਾ ਬਣਦਾ ਜਾ ਰਿਹਾ ਹੈ। ਇਸ ਕਾਰਨ ਲੋਕ ਕਈ ਕਿਸਮਾਂ ਦੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਹਰੇਕ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ।
ਇਸ ਮੌਕੇ ਡਾ ਬਰਿੰਦਰਪਾਲ, ਡਾ ਹਰਪਿੰਦਰ ਸਿੰਘ , ਡਾ ਵਰਿੰਦਰ, ਡਾ ਵਿਜੇ, ਫਾਰਮੇਸੀ ਅਫ਼ਸਰ ਪਰਮਵੀਰ ਪ੍ਰਿੰਸ, ਮੈਨੇਜਰ ਤਰਸੇਮ ਲਾਲ, ਨਵਦੀਪ, ਲਲਿਤ ਸ਼ਰਮਾ, ਕੁਲਦੀਪ ਕੁਮਾਰ, ਬਲਜੀਤ ਚੌਪੜਾ, ਜੋਤੀ, ਰਾਜ ਸ਼ਾਲੀ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।