ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਾਉਣ ਦਾ ਸੱਦਾ
ਕਿਹਾ ਵਾਤਾਵਰਣ ਦੀ ਸੰਭਾਲ ਲਈ ਸਾਂਝੇ ਯਤਨ ਕਰਨਾ ਸਮੇਂ ਦੀ ਮੁੱਖ ਲੋੜ
ਜਲੰਧਰ, 05 ਜੂਨ 2023: ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਮਹਾਜਨ ਨੇ ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਲੋਕਾਂ ਨੂੰ ਜ਼ਿਲ੍ਹੇ ਨੂੰ ਸਾਫ-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਦਾ ਸੱਦਾ ਦਿੱਤਾ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੂਟਾ ਲਾਉਂਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣਾ ਤੇ ਚੌਗਰਿਦੇ ਦੀ ਰਾਖੀ ਲਈ ਯਤਨ ਕਰਨਾ ਸਾਡਾ ਸਭ ਦਾ ਫਰਜ਼ ਬਣਦਾ ਹੈ। ਇਸ ਲਈ ਹਰੇਕ ਵਿਅਕਤੀ ਨੂੰ ਵੱਧ ਤੋਂ ਵੱਧ ਬੂਟੇ ਲਾ ਕੇ, ਰੋਜ਼ਾਨਾ ਦੇ ਜੀਵਨ ਵਿੱਚ ਵਾਤਾਵਰਣ ਪੱਖੀ ਵਸਤੂਆਂ ਨੂੰ ਸ਼ਾਮਲ ਕਰਕੇ ਚੌਗਰਿਦੇ ਨੂੰ ਪਲੀਤ ਹੋਣ ਤੋਂ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਹਰਿਆਵਲ ਨੂੰ ਹੋਰ ਵਧਾਉਣ ’ਤੇ ਜ਼ੋਰ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤੰਦਰੁਸਤ ਜੀਵਨ ਲਈ ਸਾਫ਼-ਸੁਥਰਾ ਪੌਣ-ਪਾਣੀ ਬੇਹੱਦ ਜ਼ਰੂਰੀ ਹੈ, ਜੋ ਕਿ ਵੱਧ ਤੋਂ ਵੱਧ ਰੁੱਖ ਲਾਉਣ ਨਾਲ ਹੀ ਸੰਭਵ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਲਈ ਸਾਂਝੇ ਯਤਨ ਕਰਨਾ ਸਮੇਂ ਦੀ ਮੁੱਖ ਲੋੜ ਹੈ ਅਤੇ ਇਸ ਮਕਸਦ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਆਮ ਲੋਕਾਂ ਦੇ ਨਾਲ-ਨਾਲ ਗੈਰ ਸਰਕਾਰੀ ਸੰਸਥਾਵਾਂ ਨੂੰ ਵੀ ਇਸ ਨੇਕ ਕਾਰਜ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਗੁਰਸਿਮਰਨਜੀਤ ਕੌਰ, ਸਕੱਤਰ ਰੈਡ ਕਰਾਸ ਸੁਸਾਇਟੀ ਜਲੰਧਰ ਇੰਦਰਦੇਵ ਸਿੰਘ ਮਿਨਹਾਸ ਆਦਿ ਵੀ ਮੌਜੂਦ ਸਨ।