ਹਰੀਸ਼ ਕਾਲੜਾ
- ਝੋਨਾ,ਮਟਰ ਅਤੇ ਕਣਕ ਦੀ ਸਫਲ ਕਾਸ਼ਤ ਨਾਲ ਖੇਤੀ ਨੂੰ ਮੁਨਾਫੇ ਦਾ ਧੰਦਾਂ ਬਣਾਇਆ ਗੰਗੂਵਾਲ ਦੇ ਕਿਸਾਨ ਦਲਜੀਤ ਸਿੰਘ ਨੇ
ਸ੍ਰੀ ਅਨੰਦਪੁਰ ਸਾਹਿਬ ,17 ਅਕਤੂਬਰ 2020 :ਕਿਸਾਨਾਂ ਵਲੋ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਦੇ ਨਾਲ ਨਾਲ ਜ਼ਮੀਨ ਦੀ ਸਿਹਤ ਵਿਚ ਸੁਧਾਰ ਲਿਆਉਣ ਲਈ ਵੀ ਹੁਣ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਬਹੁਤ ਸਾਰੇ ਕਿਸਾਨਾਂ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਦੇ ਸਹਿਯੋਗ ਨਾਲ ਮਾਹਿਰਾਂ ਤੋ ਲਈ ਰਾਏ ਅਨੁਸਾਰ ਖੇਤੀਬਾੜੀ ਨੂੰ ਮੁਨਾਫੇ ਦਾ ਧੰਦਾਂ ਬਣਾਉਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਹਨ। ਜਿੱਥੇ ਕਿਸਾਨ ਹੁਣ ਆਪਣੇ ਖੇਤਾਂ ਵਿਚ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਹੋਏ ਨੁਕਸਾਨ ਪ੍ਰਤੀ ਜਾਗਰੂਕ ਹੋਏ ਹਨ, ਉਥੇ ਵੱਧ ਕੀਟਨਾਸ਼ਕ ਅਤੇ ਖਾਦਾਂ ਦੀ ਵੱਧ ਵਰਤੋਂ ਨਾਲ ਹੋਣ ਵਾਲੇ ਵਾਤਾਵਰਣ ਦੇ ਨੁਕਸਾਨ ਅਤੇ ਆਰਥਿਕ ਤੌਰ ਤੇ ਹੋਣ ਵਾਲੇ ਨੁਕਸਾਨ ਪ੍ਰਤੀ ਵੀ ਇਹ ਕਿਸਾਨ ਸੁਚੇਤ ਹੋਏ ਹਨ।ਇਨ੍ਹਾਂ ਕਿਸਾਨਾਂ ਦੀ ਪ੍ਰੇਰਨਾ ਦਾ ਅਸਰ ਹੋਰ ਕਿਸਾਨਾ ਤੇ ਵੀ ਹੋਣ ਲੱਗ ਪਿਆ ਹੈ।
ਮੁੱਖ ਖੇਤੀਬਾੜੀ ਅਫਸਰ ਡਾ.ਅਵਤਾਰ ਸਿੰਘ ਨੇ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਾਕ ਸ੍ਰੀ ਅਨੰਦਪੁਰ ਸਾਹਿਬ ਅਧੀਨ ਗੰਗੂਵਾਲ ਦਾ ਕਿਸਾਨ ਦਲਜੀਤ ਸਿੰਘ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ ਜਾਗਰੂਕ ਕਰਦਾ ਹੈ ਅਤੇ ਉਸ ਕੋਲ ਕੁੱਲ 15 ਏਕੜ ਵਾਹੀਯੋਗ ਜਮੀਨ ਹੈ। ਉਸ ਵੱਲੋਂ ਸਾਰੇ ਖੇਤਾਂ ਵਿੱਚ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ। ਇਹ ਕਿਸਾਨ ਪਿਛਲੇ ਤਿੰਨ ਸਾਲਾਂ ਤੋਂ ਝੋਨੇ ਦੀ ਪਰਾਲੀ ਬਗੈਰ ਅੱਗ ਲਗਾਇਆ ਖੇਤੀ ਕਰ ਰਿਹਾ ਹੈ। ਇਹ ਕਿਸਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਨਾਲ ਜੁੜਿਆ ਹੋਇਆ ਹੈ ਅਤੇ ਖੇਤੀਬਾੜੀ ਮਾਹਿਰਾਂ ਦੀ ਸਲਾਹ ਨਾਲ ਆਧੁਨਿਕ ਢੰਗ ਨਾਲ ਖੇਤੀ ਕਰ ਰਿਹਾ ਹੈ। ਕਿਸਾਨ ਦੇ ਦੱਸਣ ਅਨੂਸਾਰ ਇਸ ਸਾਲ ਉਸ ਵੱਲੋਂ ਚਾਰ ੲੈਕੜ ਝੋਨੇ ਦੀ ਕਟਾਈ ਕਰਕੇ ਇਸ ਵਿੱਚ ਮਟਰ ਲਗਾ ਦਿੱਤੇ ਹਨ।ਮਟਰਾਂ ਤੋਂ ਬਾਅਦ ਉਹ ਪਛੇਤੀ ਕਣਕ ਬੀਜੇਗਾ। ਇਸ ਤਰ੍ਹਾਂ ਉਹ ਸਾਲ ਵਿੱਚ ਤਿੰਨ ਫਸਲਾਂ ਲੈਂਦਾ ਹੈ। ਝੋਨੇ ਦੀ ਪਰਾਲੀ ਤੇ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਮਿਲਾਉਣ ਨਾਲ ਨਦੀਨਾਂ ਦੀ ਸਮੱਸਿਆ ਵੀ ਘੱਟ ਗਈ ਹੈ ਅਤੇ ਖਾਦ ਦੀ ਵਰਤੋ ਵੀ ਪਹਿਲਾਂ ਦੇ ਮੁਕਾਬਲੇ ਘੱਟ ਹੁੰਦੀ ਹੈ। ਜਿਸ ਨਾਲ ਖਰਚਾ ਘਟਿਆ ਹੈ ਅਤੇ ਮੁਨਾਫਾ ਵਧਿਆ ਹੈ।
ਖੇਤੀਬਾੜੀ ਵਿਭਾਗ ਵਲੋ ਅਜਿਹੇ ਕਿਸਾਨਾ ਨੂੰ ਹੋਰ ਕਿਸਾਨਾਂ ਲਈ ਪ੍ਰੇਰਨਾ ਸ੍ਰੋਤ ਦੱਸਦੇ ਹੋਏ ਕਿਹਾ ਹੈ ਕਿ ਅੱਜ ਕਿਸਾਨਾ ਵਿਚ ਜਾਗਰੂਕਤਾ ਦੀ ਲੋੜ ਹੈ। ਵੱਧ ਕੀਟਨਾਸ਼ਕ ਅਤੇ ਵਧੇਰੇ ਖਾਦ ਫਸਲਾਂ ਲਈ ਨੁਕਸਾਨਦਾਇਕ ਹਨ, ਇਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਗ ਲਗਾਉਣ ਨਾਲ ਜਮੀਨ ਵਿਚ ਮਿੱਤਰ ਕੀੜੇ ਮਰ ਜਾਂਦੇ ਹਨ ਅਤੇ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ ਜੋ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਹੈ।