ਹਰਦਮ ਮਾਨ
ਸਰੀ, 23 ਅਕਤੂਬਰ 2020 - ਸਰੀ ਫਲੀਟਵੁੱਡ ਤੋਂ ਐਨ ਡੀ ਪੀ ਦੇ ਉਮੀਦਵਾਰ ਜਗਰੂਪ ਬਰਾੜ ਨੇ ਲਿਬਰਲ ਪਾਰਟੀ ਨੂੰ ਸਿਰਫ ਦੋ ਪ੍ਰਤੀਸ਼ਤ ਅਮੀਰ ਲੋਕਾਂ ਦੀ ਪਾਰਟੀ ਦੱਸਦਿਆਂ ਕਿਹਾ ਹੈ ਕਿ ਇਸ ਪਾਰਟੀ ਦਾ ਇਤਿਹਾਸ ਗਵਾਹ ਕਿ ਇਸ ਨੇ ਹਮੇਸ਼ਾ ਪੂੰਜੀਪਤੀਆਂ ਨੂੰ ਹੀ ਲਾਭ ਪੁਚਾਇਆ ਹੈ ਜਦੋਂ ਕਿ ਐਨ ਡੀ ਪੀ ਨੇ ਆਮ ਲੋਕਾਂ ਦੇ ਹਿਤਾਂ ਲਈ ਯੋਜਨਾਵਾਂ ਬਣਾਈਆਂ ਅਤੇ ਲਾਗੂ ਕੀਤੀਆਂ ਹਨ। ਪੰਜਵੀਂ ਵਾਰ ਐਮ ਐਲ ਏ ਬਣਨ ਦੇ ਦਾਅਵੇਦਾਰ ਜਗਰੂਪ ਬਰਾੜ ਨੇ ਸਰੀ ਫਲੀਟਵੁੱਡ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਹਲਕੇ ਦੇ ਲੋਕਾਂ ਨੇ ਲਗਾਤਾਰ ਆਪਣਾ ਸਮੱਰਥਨ ਦੇ ਕੇ ਬੀ ਸੀ ਅਸੈਂਬਲੀ ਵਿਚ ਹਲਕੇ ਦੀ ਪ੍ਰਤੀਨਿਧਤਾ ਕਰਨਾ ਦਾ ਮੌਕਾ ਦਿੱਤਾ।
ਉਨ੍ਹਾਂ ਕਿਹਾ ਕਿ ਹਮੇਸ਼ਾ ਹਰ ਮੁੱਦੇ ਉਪਰ ਈਮਾਨਦਾਰੀ ਨਾਲ ਆਵਾਜ਼ ਬੁਲੰਦ ਕਰਕੇ ਲੋਕਾਂ ਦਾ ਵਿਸ਼ਵਾਸ ਹਾਸਲ ਕੀਤਾ ਹੈ। ਇਹਨਾਂ ਚੋਣਾਂ ਵਿਚ ਮੁੱਖ ਮੁੱਦਿਆਂ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਸਰੀ ਵਿਚ ਦੂਜਾ ਹਸਪਤਾਲ ਬਣਾਉਣਾ, ਸਰੀ ਤੋਂ ਲੈਂਗਲੀ ਸਕਾਈਟਰੇਨ, ਪਟੋਲੋ ਬ੍ਰਿਜ ਦਾ ਨਿਰਮਾਣ, ਮੈਡੀਕਲ ਸਕੂਲ ਬਣਾਉਣਾ ਅਤੇ ਬੱਚਿਆਂ ਦੀ ਵਧ ਰਹੀ ਗਿਣਤੀ ਨੂੰ ਧਿਆਨ ਵਿਚ ਰੱਖਦਿਆਂ ਨਵੇਂ ਸਕੂਲ ਬਣਾਉਣੇ ਐਨ ਡੀ ਪੀ ਦੇ ਚੋਣ ਪ੍ਰੋਗਰਾਮ ਤੇ ਹਨ। ਬਰਾੜ ਨੇ ਕਿਹਾ ਕਿ ਲਿਬਰਲਾਂ ਨੇ ਹਮੇਸ਼ਾਂ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਅਤੇ ਲੋਕਾਂ ਦਾ ਪੈਸਾ ਆਪਣੇ ਚਹੇਤਿਆਂ ਉਪਰ ਲੁਟਾਇਆ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com