ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 26 ਨਵੰਬਰ 2020: ਅਮਰੀਕੀ ਸੂਬੇ ਨਿਊ ਮੈਕਸੀਕੋ ਦੇ ਸੰਸਦ ਮੈਂਬਰਾਂ ਨੇ ਕੋਰੋਨਾਂ ਵਾਇਰਸ ਰਾਹਤ ਬਿਲ ਨੂੰ ਪਾਸ ਕਰ ਦਿੱਤਾ ਹੈ, ਜੋ ਕਿ ਹਰ ਕਿਸਮ ਦੇ ਬੇਰੁਜ਼ਗਾਰ ਕਾਮਿਆਂ ਨੂੰ 1,200 ਡਾਲਰ ਅਤੇ ਕੁਝ ਕਾਰੋਬਾਰਾਂ ਲਈ ਲਗਭੱਗ 50,000 ਡਾਲਰ ਤੱਕ ਸਹਾਇਤਾ ਦੇਵੇਗਾ।ਇਸਦੇ ਨਾਲ ਇਹ ਬਿਲ ਦੇਸ਼ ਵਿਚ ਗੈਰਕਾਨੂੰਨੀ ਪਰਵਾਸੀਆਂ ਦੇ ਨਾਲ ਫੂਡ ਬੈਂਕਾਂ, ਵਾਇਰਸ ਟੈਸਟਿੰਗ ਅਤੇ ਸੰਪਰਕ ਟਰੇਸਿੰਗ ਦੀਆਂ ਕੋਸ਼ਿਸ਼ਾਂ ਲਈ ਵੀ ਵਾਧੂ ਫੰਡ ਮੁਹੱਈਆ ਕਰਵਾਏਗਾ। ਇਹ ਬਿਲ ਮੰਗਲਵਾਰ ਨੂੰ ਰਾਜ ਵਿੱਚ ਕੋਰੋਨਾਂ ਕਾਲ ਦੌਰਾਨ ਰਾਹਤ ਦੇਣ ਲਈ ਗਵਰਨਰ ਮਿਸ਼ੇਲ ਲੂਜਨ ਗ੍ਰਿਸ਼ਮ ਵੱਲੋਂ ਬੁਲਾਏ ਗਏ ਇਕ ਰੋਜ਼ਾ ਵਿਸ਼ੇਸ਼ ਸੈਸ਼ਨ ਦੌਰਾਨ ਪਾਸ ਕੀਤਾ ਗਿਆ । ਇਸ ਸਹਾਇਤਾ ਰਾਸ਼ੀ ਵਿੱਚੋਂ ਲਗਭਗ 15 ਮਿਲੀਅਨ ਡਾਲਰ ਸੰਕਟਕਾਲੀਨ ਹਾਊਸਿੰਗ 'ਚ ਸਹਾਇਤਾ ਪ੍ਰਦਾਨ ਕਰਨ ਲਈ ਜਾਣਗੇ ਅਤੇ 5 ਮਿਲੀਅਨ ਡਾਲਰ ਐਮਰਜੈਂਸੀ ਫੂਡ ਬੈਂਕਾਂ ਸੇਵਾਵਾਂ ਦੇ ਹਿੱਸੇ ਲਈ ਹਨ ਜਦਕਿ 5 ਮਿਲੀਅਨ ਡਾਲਰ ਘੱਟ ਆਮਦਨ ਵਾਲੇ ਨਿਵਾਸੀਆਂ ਨੂੰ ਸਿੱਧੀ ਆਰਥਿਕ ਸਹਾਇਤਾ ਦੇਣ ਲਈ ਵਰਤੇ ਜਾਣਗੇ। ਇਸ ਤੋਂ ਇਲਾਵਾ ਇਹਨਾਂ ਵਿੱਚ ਪ੍ਰਾਂਤ ਦੇ ਜਨਰਲ ਫੰਡ ਤੋਂ ਸਿਹਤ ਵਿਭਾਗ ਨੂੰ 10 ਮਿਲੀਅਨ ਡਾਲਰ ਦੀ ਰਾਸ਼ੀ ਵੀ ਕੋਵਿਡ -19 ਟੈਸਟਿੰਗ, ਸੰਪਰਕ ਟਰੇਸਿੰਗ ਅਤੇ ਟੀਕਾਕਰਣ ਦੀ ਸਹਾਇਤਾ ਲਈ ਮੁਹੱਈਆ ਕਰਵਾਈ ਜਾਵੇਗੀ।