ਜੈਤੋ : ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਲੋਕਾਂ ਨੇ ਕੱਢਿਆ ਕੈਂਡਲ ਮਾਰਚ
ਮਨਿੰਦਰਜੀਤ ਸਿੱਧੂ
ਜੈਤੋ, 2 ਦਸੰਬਰ 2020 : ਗੁਰਪੁਰਬ ਅਤੇ ਦਿੱਲੀ ਕਿਸਾਨ ਅੰਦੋਲਨ ਦੇ ਸੰਦਰਭ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ-ਪ੍ਰਦੇਸ਼ ਅਤੇ ਇੱਥੋਂ ਤੱਕ ਕਿ ਦੱਖਣੀ ਭਾਰਤ ਤਾਮਿਲਨਾਡੂ, ਤੇਲੰਗਾਨਾ ਆਦਿ ਵਿੱਚੋਂ ਲਗਾਤਾਰ ਕਿਸਾਨ ਦਿੱਲੀ ਅੱਪੜ ਕੇ ਸੰਘਰਸ਼ ਨੂੰ ਹੋਰ ਤੀਬਰ ਅਤੇ ਮਜ਼ਬੂਤ ਕਰ ਰਹੇ ਹਨ।ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਜਿਵੇਂ ਯੂ ਟਿਊਬ, ਫੇਸਬੁੱਕ ਅਤੇ ਟਵਿੱਟਰ ਆਦਿ ਰਾਹੀਂ ਘਰ ਬੈਠ ਕੇ ਇਸ ਅੰਦੋਲਨ ਦੀ ਹਮਾਇਤ ਕਰ ਰਹੇ ਹਨ।
ਇਸੇ ਤਰਜ਼ ‘ਤੇ ਜੈਤੋ ਦੇ ਕੁੱਝ ਸੁਹਿਰਦ, ਸੰਵੇਦਨਸ਼ੀਲ ਅਤੇ ਮਾਨਵਤਾ ਦੀ ਪੀੜ ਨੂੰ ਆਪਣੀ ਸਮਝਣ ਵਾਲੇ ਲੋਕਾਂ ਵੱਲੋਂ ਬੀਤੀ ਸ਼ਾਮ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਅਤੇ ਦਿੱਲੀ ਕਿਸਾਨ ਅੰਦੋਲਨ ਦੇ ਸੰਬੰਧ ਵਿੱਚ ਸਮੁੱਚੇ ਸ਼ਹਿਰ ਵਿੱਚ ਕੈਂਡਲ ਮਾਰਚ ਕੀਤਾ।ਇਸ ਕੈਂਡਲ ਮਾਰਚ ਵਿੱਚ ਉਹਨਾਂ ਕੇਂਦਰੀ ਹਕੂਮਤ ਦੀ ਸ਼ਹਿ ਉੱਪਰ ਹਰਿਆਣਾ ਸਰਕਾਰ ਦੁਆਰਾ ਕਿਸਾਨਾਂ ਉੱਪਰ ਢਾਹੇ ਕਹਿਰ ਦੀ ਨਿਖੇਧੀ ਕੀਤੀ ਅਤੇ ਉਸੇ ਥਾਂ ਕੇਂਦਰ ਸਰਕਾਰ ਦੁਆਰਾ ਅੜਬ ਰਵੱਈਆ ਅਪਣਾਏ ਜਾਣ ਅਤੇ ਕਿਸਾਨਾਂ ਦੇ ਸ਼ਾਂਤੀਪੂਰਵਕ ਅੰਦੋਲਨ ਦੇ ਚਲਦਿਆਂ ਉਹਨਾਂ ਦੀਆਂ ਜਾਇਜ਼ ਮੰਗਾਂ ਨਾ ਮੰਨਣ ਲਈ ਵੀ ਉਸ ਨੂੰ ਭੰਡਿਆ। ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਨੂੰ ਵੰਗਾਰਦੇ ਹੋਏ ਕਿਹਾ ਕਿ ਇਹ ਅੰਦੋਲਨ ਸਿਰਫ਼ ਕਿਸਾਨਾਂ ਦਾ ਹੀ ਨਹੀਂ ਸਗੋਂ ਸਮੁੱਚੇ ਕਿਰਤੀ ਵਰਗ ਦਾ ਹੈ ਅਤੇ ਸਮਾਜ ਦੇ ਸਾਰੇ ਵਰਗ ਜਿਵੇਂ ਦੁਕਾਨਦਾਰ, ਰੇਹੜੀ ਵਾਲੇ, ਦਿਹਾੜੀਦਾਰ ਮਜ਼ਦੂਰ, ਆੜ੍ਹਤੀਏ ਅਤੇ ਵਪਾਰੀ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਨਾਲ ਖੜ੍ਹੇ ਹਨ।ਉਹਨਾਂ ਅਪੀਲ ਕੀਤੀ ਕਿ ਸਾਨੂੰ ਆਪਣੇ ਕੰਮ ਧੰਦਿਆਂ ਵਿੱਚੋਂ ਸਮਾਂ ਕੱਢ ਕੇ ਦਿੱਲੀ ਪੁੱਜ ਕੇ ਕਿਸਾਨ ਅੰਦੋਲਨ ਦੀ ਵਾਰੋ ਵਾਰੀ ਹਮਾਇਤ ਕਰਨੀ ਚਾਹੀਦੀ ਹੈ।
ਇਸ ਕੈਂਡਲ ਮਾਰਚ ਵਿੱਚ ਜੈਤੋ ਸ਼ਹਿਰ ਦੇ ਲੋਕ ਸੇਵਕ ਡਾ. ਹਰੀਸ਼ ਚੰਦਰ ਗੋਇਲ, ਕਾਂਗਰਸੀ ਆਗੂ ਸੁਰਜੀਤ ਬਾਬਾ, ਹਰਵਿੰਦਰਪਾਲ ਕਾਲਾ ਸ਼ਰਮਾ, ਸਾਬਕਾ ਨਗਰ ਕੌਂਸਲਰ ਡਾ. ਬਲਵਿੰਦਰ ਸਿੰਘ, ਅੰਮ੍ਰਿਤ ਅਰੋੜਾ, ਜਗਦੇਵ ਢੱਲਾ, ਅਮਰਜੀਤ ਮੱਕੜ, ਇੰਜੀਨੀਅਰ ਅੰਕੁਸ਼ ਬਾਂਸਲ, ਸਾਬਕਾ ਨਗਰ ਕੌਂਸਲਰ ਨਿਰਮਲ ਸਿੰਘ ਨਿੰਮਾ, ਬਲਦੇਵ ਸਿੰਘ ਬੱਲੀ, ਜਸ਼ਨਦੀਪ ਮੱਕੜ ਆਦਿ ਹਾਜ਼ਰ ਸਨ।
ਜੈਤੋ2 ਗੁਰਦੁਆਰਾ ਗੰਗਸਰ ਸਾਹਿਬ ਅੱਗੋਂ ਕੈਂਡਲ ਮਾਰਚ ਦੀ ਸ਼ੁਰੂਆਤ ਕਰਦੇ ਹੋਏ ਸ਼ਹਿਰਵਾਸੀ।