ਫਲੋਰੀਡਾ ਬਣਿਆ 1 ਮਿਲੀਅਨ ਕੋਰੋਨਾ ਵਾਇਰਸ ਕੇਸਾਂ ਨੂੰ ਪਾਰ ਕਰਨ ਵਾਲਾ ਤੀਜਾ ਅਮਰੀਕੀ ਸੂਬਾ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੇਫੋਰਨੀਆ), 3 ਦਸੰਬਰ 2020 : ਅਮਰੀਕਾ ਵਿੱਚ ਵਾਇਰਸ ਦੇ ਮਾਮਲਿਆਂ ਦਾ ਵਾਧਾ ਲਗਾਤਾਰ ਜਾਰੀ ਹੈ। ਕੇਸਾਂ ਦੇ ਰਿਕਾਰਡ ਵਾਧੇ ਵਿੱਚ ਹੁਣ ਦੇਸ਼ ਦੇ ਸੂਬੇ ਫਲੋਰੀਡਾ ਨੇ 1 ਮਿਲੀਅਨ ਤੋਂ ਵੱਧ ਕੋਰੋਨਾ ਵਾਇਰਸ ਦੀ ਲਾਗ ਦੇ ਕੇਸ ਦਰਜ ਕੀਤੇ ਹਨ। ਇਸ ਅੰਕੜੇ ਨੂੰ ਪਾਰ ਕਰਕੇ ਫਲੋਰੀਡਾ ਟੈਕਸਾਸ ਅਤੇ ਕੈਲੇਫੋਰਨੀਆ ਤੋਂ ਬਾਅਦ ਤੀਜਾ ਰਾਜ ਬਣ ਗਿਆ ਹੈ। ਫਲੋਰੀਡਾ ਦੇ ਸਿਹਤ ਵਿਭਾਗ ਦੇ ਅਨੁਸਾਰ ਮੰਗਲਵਾਰ ਨੂੰ 8,847 ਨਵੇਂ ਕੇਸ ਸ਼ਾਮਲ ਕੀਤੇ ਜਾਣ ਤੋਂ ਬਾਅਦ, ਰਾਜ ਵਿੱਚ ਹੁਣ 1,008,166 ਮਾਮਲੇ ਅਤੇ 18,679 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਮਾਮਲੇ ਫਲੋਰੀਡਾ ਦੇ ਰਾਜਪਾਲ ਰੋਨ ਡੀਸੈਂਟਿਸ ਦੁਆਰਾ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਮਾਸਕ ਪਾਉਣ ਦੀ ਨਿਖੇਧੀ ਅਤੇ ਸਕੂਲਾਂ ਦੇ ਵਿਅਕਤੀਗਤ ਹਦਾਇਤਾਂ ਲਈ ਖੁੱਲ੍ਹੇ ਰਹਿਣ ਦੇ ਬਿਆਨ ਤੋਂ ਬਾਅਦ ਆਏ ਹਨ। ਗਵਰਨਰ ਡੀਸੈਂਟਿਸ ਜੋ ਇੱਕ ਰਿਪਬਲਿਕਨ ਹਨ ਨੇ ਮਹਾਂਮਾਰੀ ਦੌਰਾਨ ਮਾਸਕ ਪਾਉਣ ਅਤੇ ਕਾਰੋਬਾਰ ਬੰਦ ਕਰਨ ਦਾ ਵਿਰੋਧ ਕੀਤਾ ਸੀ ਅਤੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਫਲੋਰੀਡਾ ਬਹੁਤੇ ਕਾਰੋਬਾਰਾਂ ਨੂੰ ਦੁਬਾਰਾ ਖੋਲ੍ਹਣ ਵਾਲੇ ਰਾਜਾਂ ਵਿੱਚੋਂ ਇੱਕ ਸੀ। ਇੰਨਾ ਹੀ ਨਹੀਂ ਗਵਰਨਰ ਡੀਸੈਂਟਿਸ ਨੇ ਪਿਛਲੇ ਹਫਤੇ ਨਗਰ ਪਾਲਿਕਾਵਾਂ ਦੁਆਰਾ ਮਹਾਂਮਾਰੀ ਨਾਲ ਸਬੰਧਿਤ ਆਦੇਸ਼ਾਂ ਦੀ ਉਲੰਘਣਾ ਹੋਣ ‘ਤੇ ਜੁਰਮਾਨਾ ਜਾਰੀ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਜਿਸ ਦਾ ਨਤੀਜਾ ਹੁਣ ਲਾਗ ਦੇ ਮਾਮਲਿਆਂ ਵਿੱਚ ਵਾਧੇ ਦੇ ਤੌਰ ਤੇ ਸਾਹਮਣੇ ਆ ਰਿਹਾ ਹੈ।