ਹੁਸ਼ਿਆਰਪੁਰ: ਚੋਣ ਕਮਿਸ਼ਨ ਵਲੋਂ ਨਿਯੁਕਤ ਖਰਚਾ ਅਬਜ਼ਰਵਰਾਂ ਨੇ ਜ਼ਿਲ੍ਹੇ ਦੇ ਚੋਣ ਪ੍ਰਬੰਧਾਂ ਦਾ ਲਿਆ ਜਾਇਜ਼ਾ
- ਵਰਚੂਅਲ ਢੰਗ ਨਾਲ ਜ਼ਿਲ੍ਹਾ ਚੋਣ ਅਫਸਰ ਸਮੇਤ ਹੋਰ ਅਧਿਕਾਰੀਆਂ ਨਾਲ ਕੀਤੀ ਮੀਟਿੰਗ
- ਸ਼ਾਂਤੀਪੂਰਵਕ ਅਤੇ ਨਿਰਪੱਖ ਚੋਣਾਂ ਕਰਵਾਉਣ ਸਬੰਧੀ ਅਧਿਕਾਰੀਆਂ ਨੂੰ ਕੀਤੀ ਹਦਾਇਤ
- ਸ਼ਰਾਬ ਦੀ ਦੁਰਵਰਤੋਂ ਤੇ ਪੈਸੇ ਦੇ ਸ਼ੱਕੀ ਲੈਣ-ਦੇਣ ਦੇ ਮਾਮਲਿਆਂ ’ਚ ਸਰਗਰਮੀਆਂ ਵਧਾਉਣ ਦੇ ਦਿੱਤੇ ਨਿਰਦੇਸ਼
ਹੁਸ਼ਿਆਰਪੁਰ, 25 ਜਨਵਰੀ 2022 - ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹੇ ਵਿਚ ਨਿਯੁਕਤ ਕੀਤੇ ਗਏ ਖਰਚਾ ਅਬਜ਼ਰਵਰਾਂ ਵਲੋਂ ਅੱਜ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰਕੇ ਚੋਣ ਪ੍ਰਕਿਰਿਆ ਦੀ ਸਮੀਖਿਆ ਕੀਤੀ ਗਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਆਯੋਜਿਤ ਵਰਚੂਅਲ ਮੀਟਿੰਗ ਵਿਚ ਖਰਚਾ ਅਬਜ਼ਰਵਰ ਸ੍ਰੀ ਮੁਕੇਸ਼ ਥਕਾਨੀ ਆਈ.ਆਰ.ਐਸ. (ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਤੇ ਸ਼ਾਮਚੁਰਾਸੀ), ਸ੍ਰੀ ਬਵਨ ਲਾਲ ਮੀਨਾ ਆਈ.ਆਰ.ਐਸ. (ਵਿਧਾਨ ਸਭਾ ਹਲਕਾ ਮੁਕੇਰੀਆਂ, ਉੜਮੁੜ ਤੇ ਦਸੂਹਾ) ਅਤੇ ਸ੍ਰੀ ਅੰਕਿਤ ਸੋਮਾਨੀ ਆਈ.ਆਰ.ਏ.ਐਸ. (ਵਿਧਾਨ ਸਭਾ ਹਲਕਾ ਚੱਬੇਵਾਲ ਤੇ ਗੜ੍ਹਸ਼ੰਕਰ) ਵਲੋਂ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਤੇ ਹੋਰ ਅਧਿਕਾਰੀਆਂ ਨਾਲ ਚੋਣਾਂ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਖਰਚਾ ਅਬਜ਼ਰਵਰਾਂ ਨੂੰ ਜ਼ਿਲ੍ਹੇ ਦੀ ਭੂਗੋਲਿਕ ਸਥਿਤੀ ਦੇ ਨਾਲ-ਨਾਲ ਵੋਟਰਾਂ ਦੀ ਸੰਖਿਆ ਅਤੇ ਚੱਲ ਰਹੇ ਚੋਣ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਚੋਣ ਖਰਚੇ ’ਤੇ ਸਖਤ ਨਿਗਰਾਨੀ ਦੇ ਪ੍ਰਬੰਧ ਕੀਤੇ ਗਏ ਹਨ। ਖਰਚਾ ਅਬਜ਼ਰਵਰਾਂ ਵਲੋਂ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਉਹ ਸਟੈਟਿਕ ਸਰਵੀਲੈਂਸ ਟੀਮਾਂ, ਉੜਨ ਦਸਤੇ ਨੂੰ ਸਰਗਰਮ ਕਰਨ। ਉਨ੍ਹਾਂ ਕਿਹਾ ਕਿ ਚੋਣ ਖਰਚੇ ’ਤੇ ਪੈਨੀ ਨਜ਼ਰ ਦੇ ਨਾਲ-ਨਾਲ ਵਿਸ਼ੇਸ਼ ਕਰਕੇ ਸਹਿਕਾਰੀ ਬੈਂਕਾਂ ਦੇ ਅਧਿਕਾਰੀਆਂ ਅਤੇ ਗੈਰ ਸਰਕਾਰੀ ਸੰਗਠਨਾਂ ਦੁਆਰਾ ਕੀਤੇ ਜਾਣ ਵਾਲੇ ਕਿਸੇ ਵੀ ਸ਼ੱਕੀ ਲੈਣ-ਦੇਣ ਬਾਰੇ ਤੁਰੰਤ ਖਰਚਾ ਟੀਮਾਂ ਨੂੰ ਸੂਚਿਤ ਕੀਤਾ ਜਾਵੇ।
ਉਨ੍ਹਾਂ ਨਾਲ ਹੀ ਨਜਾਇਜ਼ ਸ਼ਰਾਬ ਦੇ ਪ੍ਰਯੋਗ ਨੂੰ ਰੋਕਣ ਲਈ ਜ਼ਿਲ੍ਹੇ ਵਿਚ ਸ਼ਰਾਬ ਦਾ ਲਾਲਚ ਦਿੱਤੇ ਜਾਣ ਨੂੰ ਰੋਕਣ ਲਈ ਸ਼ਰਾਬ ਦੀ ਖਰੀਦ ਅਤੇ ਵੇਚਣ ਸਬੰਧੀ ਹਫ਼ਤਾਵਰੀ ਅੰਕੜੇ ਇਕੱਠੇ ਕਰਨ ਨਿਰਦੇਸ਼ ਦਿੱਤੇ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਲਾਏ ਜਾ ਰਹੇ ਚੋਣ ਪ੍ਰਬੰਧਾਂ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਚੋਣ ਮਸ਼ੀਨਰੀ ਪੂਰੀ ਤਨਦੇਹੀ ਨਾਲ ਕੰਮ ਕਰੇ ਜਿਸ ਨਾਲ ਵੋਟਰਾਂ ਵਿਚ ਕਿਸੇ ਡਰ, ਲਾਲਚ, ਦਬਾਅ ਦੇ ਆਪਣੇ ਲੋਕਤੰਤਰਿਕ ਅਧਿਕਾਰਾਂ ਦਾ ਸਹੀ ਪ੍ਰਯੋਗ ਕਰ ਸਕਣ। ਇਸ ਦੌਰਾਨ ਖਰਚਾ ਅਬਜ਼ਰਵਰਾਂ ਵਲੋਂ ਮੀਡੀਆ ਸਰਟੀਫਿਕੇਸ਼ਨ ਐਂਡ ਮਾਨੀਟਰਿੰਗ ਕਮੇਟੀ ਦੇ ਕੰਮਕਾਜ ਦਾ ਵੀ ਜਾਇਜ਼ਾ ਲਿਆ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਖਰਚਾ ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਜ਼ਿਲ੍ਹਾ ਤੇ ਵਿਧਾਨ ਸਭਾ ਪੱਧਰ ’ਤੇ ਸ਼ਿਕਾਇਤ ਸੈਲ ਤੋਂ ਇਲਾਵਾ ਸੀ-ਵਿਜ਼ਲ ਐਪ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ।
ਇਸ ਮੌਕੇ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੇ ਰਿਟਰਨਿੰਗ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਹਿਮਾਂਸ਼ੂ ਜੈਨ, ਵਿਧਾਨ ਸਭਾ ਹਲਕਾ ਚੱਬੇਵਾਲ ਦੇ ਰਿਟਰਨਿੰਗ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਜ) ਸੰਦੀਪ ਸਿੰਘ, ਵਿਧਾਨ ਸਭਾ ਹਲਕਾ ਉੜਮੁੜ ਦੇ ਰਿਟਰਨਿੰਗ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ, ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਕੰਵਲਜੀਤ ਸਿੰਘ, ਵਿਧਾਨ ਸਭਾ ਹਲਕਾ ਦਸੂਹਾ ਦੇ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਰਣਦੀਪ ਸਿੰਘ ਹੀਰ, ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਸ਼ਿਵਰਾਜ ਸਿੰਘ ਬੱਲ, ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਅਰਵਿੰਦ ਕੁਮਾਰ, ਐਸ.ਪੀ. (ਹੈਡਕੁਆਟਰ) ਸ੍ਰੀ ਅਸ਼ਵਨੀ ਕੁਮਾਰ, ਸਹਾਇਕ ਆਬਕਾਰੀ ਕਮਿਸ਼ਨਰ ਅਵਤਾਰ ਸਿੰਘ ਕੰਗ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।