ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਲੀਗਲ ਏਡ ਕਲੀਨਿਕ ਦਾ ਉਦਘਾਟਨ
ਰਾਜਿੰਦਰ ਕੁਮਾਰ
- ਪੈਰਾ ਲੀਗਲ ਵਲੰਟੀਅਰਾਂ ਨੇ ਦਸ ਪਿੰਡਾਂ ਵਿਚ ਲਗਾਏ ਸੈਮੀਨਾਰ
ਬੰਗਾ 17 ਸਤੰਬਰ 2021 -ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ ਨਗਰ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਅਜੈ ਤਿਵਾੜੀ ਅਤੇ ਮੈਂਬਰ ਸਕੱਤਰ ਅਰੁਣ ਗੁਪਤਾ ਦੀ ਅਗਵਾਈ ਹੇਠ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਿੱਖ ਨੈਸ਼ਨਲ ਕਾਲਜ, ਬੰਗਾ ਵਿਖੇ ਲੀਗਲ ਏਡ ਕਲੀਨਿਕ ਖੋਲਿਆ ਗਿਆ, ਜਿਸ ਦਾ ਉਦਘਾਟਨ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਕੰਵਲਜੀਤ ਸਿੰਘ ਬਾਜਵਾ ਵੱਲੋਂ ਕੀਤਾ ਗਿਆ। ਇਸ ਮੌਕੇ ਸੀ. ਜੇ. ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹਰਪ੍ਰੀਤ ਕੌਰ ਅਤੇ ਪਿ੍ਰੰਸੀਪਲ ਡਾ. ਤਰਸੇਮ ਸਿੰਘ ਹਾਜ਼ਰ ਸਨ।
ਇਸ ਮੌਕੇ ਜ਼ਿਲਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਇਹ ਲੀਗਲ ਏਡ ਕਲੀਨਿਕ ਹਫ਼ਤੇ ਵਿਚ ਦੋ ਦਿਨ, ਬੁੱਧਵਾਰ ਅਤੇ ਸਨਿੱਚਰਵਾਰ ਖੁੱਲਿਆ ਕਰੇਗਾ ਅਤੇ ਜਿਸ ਵੀ ਵਿਦਿਆਰਥੀ ਜਾਂ ਵਿਅਕਤੀ ਨੂੰ ਕਿਸੇ ਵੀ ਤਰਾਂ ਦੀ ਕਾਨੂੰਨੀ ਸਹਾਇਤਾ ਦੀ ਜ਼ਰੂਰਤ ਹੋਵੇ, ਉਹ ਕਲੀਨਿਕ ਵਿਖੇ ਆ ਕੇ ਮੁਫ਼ਤ ਕਾਨੂੰਨੀ ਸਲਾਹ ਜਾਂ ਮਦਦ ਲੈ ਸਕਦਾ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਕਾਨੂੰਨੀ ਸੇਵਾਵਾਂ ਦਾ ਲਾਭ ਲੈਣ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫ਼ਤਰ ਦੇ ਟੈਲੀਫੋਨ ਨੰਬਰ 01823-223511 ਉੱਤੇ ਜਾਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਟੋਲ ਫਰੀ ਨੰਬਰ 1968 ਉੱਤੇ ਵੀ ਸੰਪਰਕ ਕਰ ਸਕਦਾ ਹੈ।
ਇਸ ਮੌਕੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੰਜ ਪੈਰਾ ਲੀਗਲ ਵਲੰਟੀਅਰਾਂ ਵੱਲੋਂ ਜ਼ਿਲੇ ਦੇ ਵੱਖ-ਵੱਖ ਦਸ ਪਿੰਡਾਂ ਹੱਪੋਵਾਲ, ਕਜਲਾ, ਲਧਾਣਾ ਝਿੱਕਾ, ਜੀਦੋਵਾਲ, ਬਹਾਰਾ, ਕੋਟ ਰਾਂਝਾ, ਜੇਠੂ ਮਜਾਰਾ, ਮੁਬਾਰਕਪੁਰ, ਬਰਨਾਲਾ ਅਤੇ ਗੋਰਖਪੁਰ ਵਿਖੇ ਨਾਲਸਾ ਦੀਆਂ ਸਕੀਮਾਂ, ਕਿਰਤ ਕਾਨੂੰਨ ਅਤੇ ਲੇਬਰ ਸਬੰਧੀ ਭਲਾਈ ਸਕੀਮਾਂ ਬਾਰੇ ਸੈਮੀਨਾਰ ਵੀ ਲਾਏ ਗਏ ਅਤੇ ਆਮ ਲੋਕਾਂ ਨੂੰ ਇਨਾਂ ਸਬੰਧੀ ਜਾਗਰੂਕ ਕੀਤਾ ਗਿਆ।