ਵਿਸ਼ੇਸ਼ ਮੈਗਾ ਕੈਂਪ ਅਤੇ ਸਿਹਤ ਸੰਸਥਾਵਾਂ ਵਿੱਚ ਕੋਰੋਨਾ ਵੈਕਸੀਨ ਦੀਆ 14506 ਖੁਰਾਕਾਂ ਲਗਾਈਆਂ - ਡਾ ਜਸਬੀਰ ਸਿੰਘ ਔਲ਼ਖ
ਕਮਲਜੀਤ ਸਿੰਘ ਸੰਧੂ
- ਜਿਲੇ ਵਿੱਚ ਕੋਰੋਨਾ ਟੀਕਾਕਰਨ ਦਾ ਅੰਕੜਾ 3 ਲੱਖ ਦੇ ਪਾਰ
ਬਰਨਾਲਾ 16 ਸਤੰਬਰ 2021 - ਸਿਹਤ ਵਿਭਾਗ ਬਰਨਾਲਾ ਵੱਲੋਂ ਕੋਰੋਨਾ ਦੇ ਖ਼ਾਤਮੇ ਲਈ ਵਿਸ਼ੇਸ਼ ਕੈਂਪਾਂ ਰਾਹੀਂ ਵੱਧ ਤੋਂ ਵੱਧ ਲੋਕਾਂ ਦਾ ਕੋਰੋਨਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਜਿਲੇ ਦੀਆ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਅਤੇ ਸ਼ਹਿਰ ਬਰਨਾਲਾ ਵਿੱਚ ਬੀਤੇ ਦਿਨੀਂ ਵਿਸ਼ੇਸ਼ ਕੈਂਪਾਂ ਰਾਹੀਂ ਕੁੱਲ 14506 ਖੁਰਾਕਾਂ ਲਗਾਈਆਂ ਗਈਆਂ।
ਇਸੇ ਕੜੀ ਤਹਿਤ ਸਿਵਲ ਸਰਜਨ ਬਰਨਾਲਾ ਵੱਲੋਂ ਪਿੰਡ ਖੁੱਡੀ ਕਲਾਂ ਦੇ ਡੇਰਾ ਬਾਬਾ ਮਾਨ ਦਾਸ ਵਿੱਖੇ ਕੋਰੋਨਾ ਟੀਕਾਕਰਨ ਕੈਂਪ ਦਾ ਜਾਇਜਾ ਲਿਆ ਗਿਆ ਤੇ ਦੱਸਿਆ ਕਿ ਸਰਕਾਰ ਵੱਲੋਂ ਜਿੰਨੀਆਂ ਵੀ ਖੁਰਾਕਾਂ ਭੇਜੀਆਂ ਜਾਂਦੀਆਂ ਹਨ ਉਹ ਅਗਲੇ ਹੀ ਦਿਨ ਆਮ ਲੋਕਾਂ ਦੀ ਪਹੁੰਚ ਵਿੱਚ ਕਰਦਿਆਂ ਆਮ ਲੋਕਾਂ ਦੇ ਲਗਾ ਦਿੱਤੀ ਜਾਂਦੀ ਹੈ।ਉਹਨਾਂ ਦੱਸਿਆ ਕਿ ਜਿਲਾ ਬਰਨਾਲਾ ਵਿੱਚ ਹੁਣ ਤੱਕ ਕੋਰੋਨਾ ਟੀਕਾਕਰਨ ਦਾ ਅੰਕੜਾ 3 ਲੱਖ ਦੇ ਪਾਰ ਹੋ ਚੁੱਕਾ ਹੈ ਤੇ ਆਮ ਲੋਕਾਂ ਵੱਲੋਂ ਟੀਕਾਕਰਨ ਕਰਾਉਣ ਪ੍ਰਤੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਜੋ ਕਿ ਕੋਰੋਨਾ ਟੀਕਾਕਰਨ ਦੀ ਮੁਹਿੰਮ ਨੂੰ ਬਹੁਤ ਵੱਡਾ ਹੁੰਗਾਰਾ ਹੈ।
ਡਾ. ਰਜਿੰਦਰ ਸਿੰਗਲਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾ ਕਿਸੇ ਡਰ ਤੋਂ ਆਪਣੀ ਕੋਰੋਨਾ ਵੈਕਸੀਨੇਸ਼ਨ ਕਰਵਾਉਣ ਤੇ ਜੇਕਰ ਕਿਸੇ ਨੂੰ ਕੋਰੋਨਾ ਦਾ ਕੋਈ ਵੀ ਲੱਛਣ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਆਪਣਾ ਕੋਰੋਨਾ ਦਾ ਸੈਂਪਲ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਜ਼ਰੂਰ ਦੇਣ ਤਾਂ ਜੋ ਸਮਾਂ ਰਹਿੰਦੇ ਕੋਰੋਨਾ ਦੀ ਪਛਾਣ ਕਰਕੇ ਇਸਦਾ ਇਲਾਜ ਕੀਤਾ ਜਾ ਸਕੇ ।
ਕੁਲਦੀਪ ਸਿੰਘ ਮਾਨ ਜਿਲਾ ਮਾਸ ਮੀਡੀਆ ਅਫਸਰ ਅਤੇ ਹਰਜੀਤ ਸਿੰਘ ਜਿਲਾ ਬੀ.ਸੀ.ਸੀ. ਕੋਆਰਡੀਨੇਟਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਟੀਕਾਕਰਨ ਦੇ ਨਾਲ ਨਾਲ ਲੋਕਾਂ ਨੂੰ ਕੋਰੋਨਾ ਦੀਆਂ ਗਾਇਡਲਾਈਨਜ ਦੀ ਪਾਲਣਾ ਕਰਨ ਸਬੰਧੀ ਵੀ ਲੋਕਾਂ ਨੂੰ ਨਾਲੋਂ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ।