ਅਮਰੀਕਾ: ਸਪਰਿੰਗਫੀਲਡ "ਮੈਮੋਰੀਅਲ ਡੇਅ ਪਰੇਡ" ਵਿੱਚ ਸਿੱਖ ਭਾਈਚਾਰੇ ਦੀ ਚੜ੍ਹਤ
ਸਪਰਿੰਗਫੀਲਡ (ਓਹਾਇਓ), 2 ਜੂਨ 2023 - ਸਪਰਿੰਗਫੀਲਡ ਦੇ ਕਾਰੋਬਾਰੀ ਵਸਨੀਕ ਅਵਤਾਰ ਸਿੰਘ ਸਪਰਿੰਗਫੀਲਡ ਦੀ ਅਗਵਾਈ ਵਿੱਚ ਸੈਂਕੜਿਆਂ ਦੀ ਗਿਣਤੀ 'ਚ ਸਪਰਿੰਗਫੀਲਡ, ਕੋਲੰਬਸ, ਇੰਡੀਆਨਾ, ਸਿਨਸਿਨਾਤੀ ਤੋਂ ਵੱਡੀ ਗਿਣਤੀ 'ਚ ਸਿੱਖ ਭਾਈਚਾਰੇ ਨੇ ਸਪਰਿੰਗਫੀਲਡ ਮੈਮੋਰੀਅਲ ਡੇ ਪਰੇਡ ਵਿੱਚ ਹਿੱਸਾ ਲਿਆ। ਅਵਤਾਰ ਸਿੰਘ ਦੀ ਅਗਵਾਈ 'ਚ ਪਿਛਲੇ 25 ਸਾਲਾਂ ਤੋਂ ਵੱਡੀ ਗਿਣਤੀ 'ਚ ਸਿੱਖ ਭਾਈਚਾਰਾ ਓਹਾਇਓ ਦੇ ਸਪਰਿੰਗਫੀਲਡ ਵਿੱਚ ਸ਼ਹੀਦ ਫੌਜੀਆਂ ਦੀ ਯਾਦ ਵਿੱਚ ਹਰ ਸਾਲ ਕੱਢੀ ਜਾਂਦੀ ਮੈਮੋਰੀਅਲ ਡੇ ਪਰੇਡ ਵਿੱਚ ਹਿੱਸਾ ਲੈਂਦਾ ਹੈ।
ਇਸ ਵੇਰ ਸਿੱਖ ਭਾਈਚਾਰਾ ਸ਼ਹੀਦਾਂ ਦੀਆਂ ਤਸਵੀਰਾਂ ਦੇ ਪੋਸਟਰ ਲਾਕੇ ਜੀਪਾਂ, ਵੈਨਾਂ, ਕਾਰਾਂ 'ਚ ਸਵਾਰ ਹੋਕੇ ਸ਼ਾਮਿਲ ਹੋਇਆ। ਉਹਨਾ ਨੇ ਅਮਰੀਕਨ ਝੰਡੇ ਚੁੱਕੇ ਹੋਏ ਸਨ। ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਬਾਰੇ ਜਾਣਕਾਰੀ ਦੇਣ ਲਈ ਹਰ ਸਾਲ ਦੀ ਤਰ੍ਹਾਂ ਇਸ ਵੇਰ 25ਵੇਂ ਸਾਲ ਦੇ ਮੌਕੇ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਹ ਪਰੇਡ ਤਿੰਨ ਮੀਲਾਂ ਤੋਂ ਵੱਧ ਲੰਬੀ ਸੀ ਅਤੇ ਸੜਕਾਂ ਦੇ ਦੋਵੇਂ ਪਾਸੇ ਵੱਡੀ ਗਿਣਤੀ 'ਚ ਲੋਕ ਇਸ ਪਰੇਡ ਨੂੰ ਹੱਥ ਹਿਲਾਕੇ, ਝੰਡੇ ਲਹਿਰਾਕੇ ਜੀਅ ਆਇਆਂ ਆਖ ਰਹੇ ਸਨ। ਲੋਕਾਂ ਨੇ ਲਾਲ, ਚਿੱਟੇ, ਨੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ। ਇਸ ਪਰੇਡ ਵਿੱਚ 3000 ਲੋਕਾਂ ਨੇ 300 ਤੋਂ ਵੱਧ ਗੱਡੀਆਂ ਨਾਲ ਹਿੱਸਾ ਲਿਆ। ਸਥਾਨਿਕ ਸੰਸਥਾਵਾਂ ਦਾ ਇਸ ਪਰੇਡ ਲਈ ਵਿਸ਼ੇਸ਼ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਸ਼ਹਿਰ ਦੀ ਪਰੇਡ ਅਮਰੀਕਾ 'ਚ ਆਯੋਜਿਤ ਕੀਤੀ ਜਾਣ ਵਾਲੀ ਵਿਸ਼ੇਸ਼ ਮਹੱਤਵ ਰੱਖਣ ਵਾਲੀ ਪਰੇਡ ਹੈ।
ਵੱਖ ਵੱਖ ਵਿਭਾਗਾ, ਜਥੇਬੰਦੀਆਂ, ਵਿਦਿਅਕ ਤੇ ਧਾਰਮਕ ਅਦਾਰਿਆਂ ਦੀਆ ਝਲਕੀਆ, ਇਸ ਪਰੇਡ ਦੀ ਵਿਸ਼ੇਸ਼ ਖਿੱਚ ਸਨ। ਫ਼ੌਜ ਦੀਆਂ ਜੀਪਾਂ, ਫਾਇਰ ਟਰੱਕ, ਮੋਟਰਸਾਈਕਲ, ਅਣਗਿਣਤ ਵਾਹਨ ਇਸ ਪਰੇਡ ਦਾ ਹਿੱਸਾ ਸਨ। ਪਰੇਡ ਵਿਚ ਬਹੁਤ ਸਾਰੇ ਵਾਹਨਾਂ ਉੱਪਰ ਇੱਥੋਂ ਦੇ ਸ਼ਹੀਦਾਂ ਦੀਆਂ ਤਸਵੀਰਾਂ ਪੋਸਟਰਾਂ 'ਤੇ ਲਾ ਕੇ ਉਹਨਾਂ ਨੂੰ ਯਾਦ ਕੀਤਾ ਗਿਆ।
ਅਮਰੀਕਨ ਝੰਡਿਆਂ, ਬੈਨਰਾਂ, ਪੋਸਟਰਾਂ ਨਾਲ ਸਜਾਈਆਂ ਸਿੱਖ ਝਾਕੀਆਂ ਵੀ ਇਸ ਪਰੇਡ ਵਿੱਚ ਖਿੱਚ ਦਾ ਕੇਂਦਰ ਰਹੀ। ਇਹਨਾਂ ਉੱਪਰ ਵਿਸ਼ਵ ਯੁੱਧਾਂ ਦੌਰਾਨ ਸ਼ਹੀਦ ਹੋਏ ਸਿੱਖ ਫ਼ੌਜੀਆਂ ਬਾਰੇ ਜਾਣਕਾਰੀ ਦਿੱਤੀ ਗਈ, ਤਸਵੀਰਾਂ ਦਾ ਪ੍ਰਦਰਸ਼ਨ ਤੇ ਸ਼ੁਭ- ਕਾਮਨਾਵਾਂ ਭੇਟ ਕੀਤੀਆਂ ਗਈਆਂ। ਇਹ ਪਰੇਡ ਜੱਦ ਬਜਾਰਾਂ ਵਿੱਚੋਂ ਲੰਘੀ, ਤਾਂ ਹਮੇਸ਼ਾਂ ਦੀ ਤਰ੍ਹਾਂ ਸਿੱਖ ਝਾਕੀ ਦਾ ਸੜ੍ਹਕ ਕੰਢੇ ਖੜੇ ਅਤੇ ਬੈਠੇ ਹਜ਼ਾਰਾਂ ਸ਼ਹਿਰੀਆਂ ਨੇ ਹੱਥਾਂ ਵਿੱਚ ਅਮਰੀਕੀ ਝੰਡੇ ਲੈ ਕੇ ਹੱਥ ਹਿਲਾ ਕੇ ਨਿੱਘਾ ਸਵਾਗਤ ਕੀਤਾ ਅਤੇ ਉਹ ‘ਮਿਸਟਰ ਸਿੰਘ, ਹੈਪੀ ਮੈਮੋਰੀਅਲ ਡੇਅ’ ਵੀ ਕਹਿ ਰਹੇ ਸਨ।
ਅਵਤਾਰ ਸਿੰਘ ਅਤੇ ਉਹਨਾ ਦੀ ਸੁਪਤਨੀ ਸਰਬਜੀਤ ਕੌਰ ਦੀ ਪ੍ਰੇਰਨਾ ਸਦਕਾ ਪਰੇਡ ਦੇ 25ਵੇਂ ਵਰ੍ਹੇ ਸਿੱਖ ਭਾਈਚਾਰੇ ਦੇ ਵੱਡੀ ਗਿਣਤੀ ਲੋਕਾਂ ਨੇ ਪਰੇਡ 'ਚ ਸ਼ਾਮਲ ਹੋਣ ਦਾ ਵੱਡਾ ਹੁੰਗਾਰਾ ਭਰਿਆ। ਯਾਦ ਰਹੇ ਅਵਤਾਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਪੰਜਾਬ, ਪੰਜਾਬੀ, ਪੰਜਾਬੀਅਤ ਲਈ ਤਾਂ ਵਿਸ਼ੇਸ਼ ਉਪਰਾਲੇ ਕਰ ਹੀ ਰਹੇ ਹਨ, ਪਰ ਅਮਰੀਕਾ ਦੀ ਧਰਤੀ ਤੇ ਰਹਿਕੇ ਸਤੰਬਰ 2001 ਦੇ ਹਮਲੇ ਦੇ ਬਾਅਦ ਸਿੱਖਾਂ ਉਤੇ ਗਲਤ ਪਹਿਚਾਣ ਦੇ ਮੱਦੇ ਨਜ਼ਰ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਸਿੱਖ ਪਹਿਚਾਣ ਸਬੰਧੀ ਅਮਰੀਕਨ ਲੋਕਾਂ ਨੂੰ ਜਾਣਕਾਰੀ ਦੇਣ ਲਈ ਵਿਸ਼ੇਸ਼ ਉਪਰਾਲੇ ਵੀ ਕਰ ਰਹੇ ਹਨ।
ਮੈਮੋਰੀਅਲ ਡੇਅ ਪਰੇਡ ਦੇ ਅੰਤ ਵਿੱਚ ਸ਼ਾਮਲ ਹੋਏ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਅਵਤਾਰ ਸਿੰਘ ਸਪਰਿੰਗਫੀਲਡ ਅਤੇ ਉਹਨਾ ਦੀ ਪਤਨੀ ਸਰਬਜੀਤ ਕੌਰ ਦੇ ਗ੍ਰਹਿ ਵਿਖੇ ਖਾਣਾ ਖਾਦਾ ਅਤੇ ਸਭਨਾਂ ਨੇ ਅਵਤਾਰ ਸਿੰਘ ਪਰਿਵਾਰ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਕਿ ਉਹ ਭਾਈਚਾਰੇ ਨੂੰ ਸਥਾਨਕ ਅਮਰੀਕਨਾਂ ਨਾਲ ਜੋੜਕੇ ਵੱਡਾ ਉਪਰਾਲਾ ਕਰ ਰਹੇ ਹਨ। ਇਸ ਪਰੇਡ ਦੇ ਆਯੋਜਿਨ ਵਿੱਚ ਬੋਬੀ ਸਿੱਧੂ ਅਤੇ ਉਸਦੇ ਪਰਿਵਾਰ ਦਾ ਵਿਸ਼ੇਸ਼ ਯੋਗਦਾਨ ਰਹਿੰਦਾ ਹੈ ਅਤੇ ਫੋਟੋਗ੍ਰਾਫੀ ਸੁਨੀਲ ਮੱਲੀ ਵਲੋਂ ਕੀਤੀ ਜਾਂਦੀ ਹੈ।