ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 31 ਜੁਲਾਈ 2020 - ਸਰਕਾਰ ਦੀ ਨਵੀਂ ਤਬਾਦਲਾ ਨੀਤੀ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਡੀ ਸੁਦਰਵਿਜੀ ਵੱਲੋਂ ਬਤੌਰ ਐਸਐਸਪੀ ਵਜੋਂ ਅਹੁਦਾ ਸੰਭਾਲ ਲਿਆ ਗਿਆ ਹੈ। ਉਹ ਇਸ ਤੋਂ ਪਹਿਲਾਂ ਜਲੰਧਰ ਵਿਖੇ ਤਾਇਨਾਤ ਸਨ। ਆਪਣਾ ਅਹੁਦਾ ਸੰਭਾਲਣ ਮੌਕੇ ਐਸਐਸਪੀ ਡੀ ਸੁਦਰਵਿਜ਼ੀ ਨੇ ਕਿਹਾ ਕਿ ਖੇਤਰ ਅੰਦਰ ਕਾਨੂੰਨ ਵਿਵਸਥਾ ਦੀ ਹਿਫ਼ਾਜ਼ਿਤ ਲਈ ਪੁਲਿਸ ਲਗਾਤਾਰ ਤੱਤਪਰ ਰਹੇਗੀ ਤੇ ਕਿਸੇ ਨੂੰ ਵੀ ਕਾਨੂੰਨ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਵਰਣਨਯੋਗ ਹੈ ਕਿ ਡੀ ਸੁਦਰਵਿਜੀ 2012 ਬੈਚ ਦੀ ਮਹਿਲਾ ਆਈਪੀਸੀ ਅਧਿਕਾਰੀ ਹੈ, ਜਿੰਨ੍ਹਾਂ ਨੂੰ ਸਾਲ 2018 'ਚ ਸ਼ਾਨਦਾਰ ਸੇਵਾਵਾਂ ਬਦਲੇ ਡੀਜੀਪੀ ਡਿਸਕ ਦਾ ਸਨਮਾਨ ਵੀ ਮਿਲ ਚੁੱਕਾ ਹੈ। ਡੀ ਸੁਦਰਵਿਜ਼ੀ ਕਾਂਚੀਪੁਰਮ (ਤਾਮਿਲਨਾਡੂ) ਨਾਲ ਸਬੰਧਿਤ ਹਨ, ਜਿੰਨ੍ਹਾਂ ਸੰਨ 2012 ਵਿੱਚ ਆਈਪੀਸੀ ਕਲੀਅਰ ਕਰਨ ਉਪਰੰਤ 2014 'ਚ ਪੰਜਾਬ ਕਾਡਰ ਮਿਲਿਆ। ਆਈਪੀਸੀ ਟੈਸਟ ਤੋਂ ਪਹਿਲਾਂ ਡੀ ਸੁਦਰਵਿਜੀ ਕੋਲ ਡੇਢ ਸਾਲ ਦੀ ਬੇਟੀ ਦੇ ਪਾਲਣ ਪੋਸ਼ਣ ਦੀ ਅਹਿਮ ਜਿੰਮੇਵਾਰੀ ਹੋਣ ਦੇ ਕਾਰਨ, ਇਸ ਅਧਿਕਾਰੀ ਨੇ ਆਪਣੀ ਆਈਪੀਐਸ ਦੀ ਵੱਕਾਰੀ ਪ੍ਰੀਖਿਆ 'ਚ ਸਫ਼ਲਤਾ ਨੂੰ ਬਿਨ੍ਹਾ ਕਿਸੇ ਵਿਸ਼ੇਸ਼ ਕੋਚਿੰਗ ਸੈਂਟਰ ਤੋਂ ਖੁਦ ਦੇ ਬਲਬੂਤੇ ਹਾਸਲ ਕੀਤਾ ਹੈ। ਇਹ ਵੀ ਵਰਣਨਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਪਹਿਲਾਂ ਐਸਐਸਪੀ ਰਹੇ ਰਾਜਬਚਨ ਸਿੰਘ ਸੰਧੂ ਦਾ ਤਬਾਦਲਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਰ ਦਿੱਤਾ ਗਿਆ ਹੈ।